ਗੁਰੂਹਰਸਹਾਏ (ਕਾਲੜਾ, ਸਿਕਰੀ) : ਗੁਰੂਹਰਸਹਾਏ ਸਬ-ਡਵੀਜ਼ਨ ਦੇ ਪਿੰਡ ਪੰਜੇ ਕੇ ਉਤਾੜ ’ਚ ਜ਼ਮੀਨ ਦੇ ਇਕ ਝਗੜੇ ’ਚ ਜੇ. ਸੀ. ਬੀ. ਮਸ਼ੀਨ ਨਾਲ ਨਾਜਾਇਜ਼ ਢੰਗ ਨਾਲ ਨੀਂਹਾਂ ਪੁੱਟਣ ਤੋਂ ਰੋਕਣ ’ਤੇ ਇਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਬਾਅਦ ’ਚ ਔਰਤ ਦੀ ਬੇਇੱਜ਼ਤੀ ਕੀਤੀ ਗਈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਗੁਰੂਹਰਸਹਾਏ ਪੁਲਸ ਨੇ ਦੱਸਿਆ ਕਿ ਪੀੜਤ ਪਰਮਜੀਤ ਕੌਰ ਪਤਨੀ ਜਗਦੀਸ਼ ਲਾਲ ਵਾਸੀ ਪੰਜੇ ਕੇ ਉਤਾੜ ਦੇ ਬਿਆਨਾਂ ਦੇ ਆਧਾਰ ’ਤੇ 7 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪਰਮਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੁਰਿੰਦਰ ਕੁਮਾਰ ਪਿੰਡ ਦੇ ਮੇਨ ਬਾਜ਼ਾਰ ’ਚ ਹਾਰਡਵੇਅਰ ਦੀ ਦੁਕਾਨ ਚਲਾਉਂਦਾ ਹੈ।
ਉਨ੍ਹਾਂ ਦੀ ਦੁਕਾਨ ਦੇ ਨਾਲ ਹੀ ਕਰੀਬ 4 ਕਨਾਲ ਮਾਲਕੀ ਵਾਲੀ ਥਾਂ, ਜੋ ਕਿ ਤਿੰਨ ਪਲਾਟਾਂ ਦੇ ਰੂਪ ’ਚ ਮੁਸ਼ਤਰਕਾ (ਸਾਂਝੇ) ਖਾਤੇ ’ਚ ਖ਼ਾਲੀ ਪਈ ਹੈ, ਦੀ ਚਾਰ-ਦੀਵਾਰੀ ਦਾ ਕੰਮ ਅਜੇ ਬਾਕੀ ਸੀ। ਸ਼ਿਕਾਇਤਕਰਤਾ ਅਨੁਸਾਰ ਮਿਤੀ 7 ਅਕਤੂਬਰ 2025 ਨੂੰ ਮੁਲਜ਼ਮ ਬਗੀਚ ਚੰਦ, ਮਾਰਸ਼ਲ ਸਿੰਘ, ਵਰਿੰਦਰ ਕੁਮਾਰ, ਪਰਮਜੀਤ ਕੌਰ ਪੰਜੇ ਕੇ ਉਤਾੜ, ਸੰਦੀਪ ਕੁਮਾਰ, ਬੱਬੂ ਅਤੇ ਬੰਟੀ ਚਾਂਦੀ ਵਾਲਾ ਨੇ ਮਿਲੀਭੁਗਤ ਕਰ ਕੇ ਉਨ੍ਹਾਂ ਦੀ ਮਾਲਕੀ ਵਾਲੇ ਪਲਾਟਾਂ ’ਚ ਜੇ. ਸੀ. ਬੀ. ਮਸ਼ੀਨ ਲਗਾ ਕੇ ਨੀਂਹਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪਰਮਜੀਤ ਕੌਰ ਅਤੇ ਉਸ ਦੇ ਪਤੀ ਜਗਦੀਸ਼ ਲਾਲ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਇਸ ’ਤੇ ਮੁਲਜ਼ਮਾਂ ਨੇ ਗੁੱਸੇ ’ਚ ਆ ਕੇ ਜਗਦੀਸ਼ ਲਾਲ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਸੱਟਾਂ ਮਾਰੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਘਟਨਾ ਤੋਂ ਬਾਅਦ ਰਾਤ ਸਮੇਂ ਮੁਲਜ਼ਮਾਂ ਨੇ ਪਰਮਜੀਤ ਕੌਰ ਦੇ ਘਰ ਅੰਦਰ ਦਾਖ਼ਲ ਹੋ ਕੇ ਗਾਲੀ-ਗਲੋਚ ਕਰ ਕੇ ਉਸ ਦੀ ਬੇਇੱਜ਼ਤੀ ਕੀਤੀ। ਸਹਾਇਕ ਥਾਣੇਦਾਰ ਦਰਸ਼ਨ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਸਾਰੇ 7 ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੰਜਾਬ 'ਚ 2 ਹੈਕਸਾਕਾਪਟਰ ਡਰੋਨ ਜ਼ਬਤ, 15 ਕਿਲੋਗ੍ਰਾਮ ਭਾਰ ਚੁੱਕਣ ਦੀ ਰੱਖਦੇ ਸਮੱਰਥਾ
NEXT STORY