ਚੰਡੀਗੜ੍ਹ : ਹੜ੍ਹਾਂ ਨੂੰ ਲੈ ਕੇ ਸੱਦੇ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਆਖਰੀ ਦਿਨ ਖੂਬ ਹੰਗਾਮਾ ਭਰਪੂਰ ਰਿਹਾ। ਇਸ ਦੌਰਾਨ ਮਨਪ੍ਰੀਤ ਸਿੰਘ ਇਯਾਲੀ ਨੇ ਹੜ੍ਹਾਂ ਦੇ ਮੁੱਦੇ 'ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਸੁਝਾਅ ਦਿੱਤਾ ਕਿ ਇਸ ਸੰਬੰਧੀ ਇਕ ਸਾਂਝੀ ਕਮੇਟੀ ਬਣਾਈ ਜਾਵੇ, ਜਿਸ ਵਿਚ ਮਾਹਿਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਹੜ੍ਹਾਂ ਤੋਂ ਬਚਾਅ ਲਈ ਪੱਕੀ ਯੋਜਨਾ ਬਣ ਸਕੇ। ਉਨ੍ਹਾਂ ਕਿਹਾ ਕਿ ਦਰਿਆ ਵਿਚਾਲਿਓਂ ਉੱਚੇ ਹੋ ਚੁੱਕੇ ਹਨ, ਜਿਸ ਕਾਰਨ ਪਾਣੀ ਕਿਨਾਰਿਆਂ ਨਾਲ ਲੱਗ ਰਿਹਾ ਹੈ ਅਤੇ ਇਸ ਸਮੇਂ ਸਤਲੁਜ ਜ਼ਮੀਨ ਤੋਂ ਵੀ ਉੱਚਾ ਵਗ ਰਿਹਾ ਹੈ। ਇਸ ਲਈ ਦਰਿਆ ਦੇ ਵਿਚਕਾਰੋਂ ਰੇਤਾਂ ਕੱਢਣ ਦੀ ਲੋੜ ਹੈ ਅਤੇ ਇਸ ਦੀ ਮਲਕੀਅਤ ਸਰਕਾਰ ਕੋਲ ਹੋਣੀ ਚਾਹੀਦੀ ਹੈ।
ਇਯਾਲੀ ਨੇ ਕਿਹਾ ਕਿ ਸਤਲੁਜ ਕਿਤੇ ਇਕ ਕਿਲੋਮੀਟਰ, ਕਿਤੇ ਤਿੰਨ ਕਿਲੋਮੀਟਰ ਅਤੇ ਕਿਤੇ ਪੰਜ ਕਿਲੋਮੀਟਰ ਤੱਕ ਚੌੜਾ ਹੋ ਚੁੱਕਾ ਹੈ। ਪਹਿਲਾਂ ਵੀ ਸਰਵੇ ਹੋਏ ਸਨ, ਖ਼ਾਸਕਰ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਦੇ ਸਮੇਂ ਪਰ ਉਸ ਤੋਂ ਬਾਅਦ ਬੰਨ੍ਹ ਪੱਕੇ ਨਹੀਂ ਕੀਤੇ ਗਏ, ਜਿਸ ਕਰਕੇ ਹਰ ਵਾਰ ਪਾਣੀ ਆਉਣ 'ਤੇ ਲੋਕਾਂ ਦੀ ਫ਼ਸਲ ਨੁਕਸਾਨੀ ਹੋ ਜਾਂਦੀ ਹੈ।
ਉਨ੍ਹਾਂ ਮੰਗ ਕੀਤੀ ਕਿ ਜਦੋੰ ਤੱਕ ਖੇਤਾਂ ਵਿਚੋਂ ਰੇਤ ਪੂਰੀ ਤਰ੍ਹਾਂ ਸਾਫ਼ ਨਹੀਂ ਹੋ ਜਾਂਦੀ, ਉਦੋਂ ਤੱਕ ਕਿਸਾਨਾਂ ਨੂੰ ਕਣਕ ਬੀਜਣ ਲਈ ਵਧੇਰੇ ਸਮਾਂ ਦਿੱਤਾ ਜਾਵੇ। ਨਾਲ ਹੀ ਉਨ੍ਹਾਂ ਨੂੰ ਖਾਦ, ਬੀਜ ਅਤੇ ਡੀਜ਼ਲ ਦੀ ਸਹੂਲਤ ਤੁਰੰਤ ਮੁਹੱਈਆ ਕਰਵਾਈ ਜਾਵੇ। ਇਯਾਲੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਅਤੇ ਛੱਤਾਂ ਡਿੱਗੀਆਂ, ਉਨ੍ਹਾਂ ਨੂੰ ਫੌਰੀ ਤੌਰ 'ਤੇ ਮਦਦ ਦਿੱਤੀ ਜਾਵੇ, ਨਾ ਕਿ ਛੇ ਮਹੀਨੇ ਬਾਅਦ।
ਭਾਜਪਾ ਨੇ ਲਾਈ ਲੋਕਾਂ ਦੀ ਵਿਧਾਨ ਸਭਾ, ਪੇਸ਼ ਕੀਤਾ ਨਿੰਦਾ ਪ੍ਰਸਤਾਵ
NEXT STORY