ਜਲੰਧਰ (ਵੈੱਬ ਡੈਸਕ) : ਸ਼ਹਿਰ ਦੇ ਲੰਮਾ ਪਿੰਡ ਦੇ ਰਿਹਾਇਸ਼ੀ ਇਲਾਕੇ 'ਚ ਵੀਰਵਾਰ ਨੂੰ ਦਾਖਲ ਹੋਏ ਤੇਂਦੂਏ ਨੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਉਥੇ ਹੀ ਕਮਿਸ਼ਨਰੇਟ ਪੁਲਸ ਅਤੇ ਜੰਗਲਾਤ ਵਿਭਾਗ 'ਚ ਵੀ ਹਫੜਾ-ਦਫੜੀ ਮਚ ਗਈ ਅਤੇ ਤੇਂਦੂਏ ਨੂੰ ਫੜਨ ਲਈ ਥਾਣਾ ਰਾਮਾ ਮੰਡੀ ਤੇ ਥਾਣਾ-8 ਤੇ ਪੀ. ਸੀ. ਆਰ. ਦੇ ਕਰੀਬ 50 ਮੁਲਾਜ਼ਮ ਤੇ ਜੰਗਲਾਤ ਵਿਭਾਗ ਦੇ 30 ਤੋਂ ਵੱਧ ਕਰਮਚਾਰੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਦੀ ਅਗਵਾਈ ਏ. ਸੀ. ਪੀ. ਦਲਵੀਰ ਸਿੰਘ ਬੁੱਟਰ ਤੇ ਐੈੱਸ. ਐੈੱਚ. ਓ. ਰਾਮਾ ਮੰਡੀ ਜੀਵਨ ਸਿੰਘ ਤੋਂ ਇਲਾਵਾ ਵੱਖ-ਵੱਖ ਥਾਵਾਂ ਤੋਂ ਆਏ ਜੰਗਲਾਤ ਵਿਭਾਗ ਦੇ ਅਧਿਕਾਰੀ ਕਰ ਰਹੇ ਸਨ। ਰਾਤ ਤੱਕ ਪੁਲਸ ਤੇ ਜੰਗਲਾਤ ਵਿਭਾਗ ਦੇ ਕਰਮਚਾਰੀ ਤੇਂਦੂਏ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਨੂੰ ਕਾਬੂ ਕਰਨ ਲਈ ਇਕ ਜਾਲ ਵਿਛਾਇਆ ਗਿਆ ਸੀ। ਇਕ ਵਾਰ ਉਹ ਹੱਥ ਆ ਵੀ ਗਿਆ ਸੀ ਪਰ ਲੋਕਾਂ ਦੇ ਰੌਲੇ ਕਾਰਨ ਉਹ ਭੱਜਣ 'ਚ ਸਫਲ ਰਿਹਾ। ਰਾਤ 9 ਵਜੇ ਦੇ ਕਰੀਬ ਤੇਂਦੂਆ ਇਕ ਘਰ 'ਚ ਵੜ ਗਿਆ, ਜਿੱਥੋਂ ਉਸ ਨੂੰ ਕਾਬੂ ਕਰਨ ਲਈ ਪੂਰਾ ਜਾਲ ਵਿਛਾ ਦਿੱਤਾ।
ਬੁੱਧਵਾਰ ਰਾਤ ਨੂੰ ਵੀ ਦੇਖਿਆ ਗਿਆ ਸੀ ਤੇਂਦੂਆ
ਇਸ ਗੱਲ ਦੀ ਵੀ ਚਰਚਾ ਸਾਹਮਣੇ ਆਈ ਹੈ ਕਿ ਤੇਂਦੂਏ ਦੇ ਲੰਮਾ ਪਿੰਡ 'ਚ ਆਏ ਹੋਣ ਦੀ ਸੂਚਨਾ ਬੇਸ਼ੱਕ ਪੁਲਸ ਅਤੇ ਵਣ ਵਿਭਾਗ ਕੋਲ ਪਹੁੰਚੀ ਹੈ ਪਰ ਉਹ ਬੁੱਧਵਾਰ ਰਾਤ ਨੂੰ ਵੀ ਇਸੇ ਇਲਾਕੇ 'ਚ ਘੁੰਮ ਰਿਹਾ ਸੀ। ਉਸ ਨੂੰ ਕੁਝ ਲੋਕਾਂ ਨੇ ਵੇਖਿਆ ਸੀ ਪਰ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਚੰਡੀਗੜ੍ਹ ਤੋਂ ਆਏ ਫਾਰਮਾਸਿਸਟ ਦੇ ਟੀਕੇ ਨੇ ਕੀਤਾ ਅਸਰ
ਰਾਤ 11 ਵਜੇ ਦੇ ਕਰੀਬ ਤੇਂਦੂਆ ਵਣ ਵਿਭਾਗ ਦੀ ਕੈਦ 'ਚ ਆ ਗਿਆ ਅਤੇ ਵਣ ਵਿਭਾਗ ਦੇ ਕਰਮਚਾਰੀ ਉਸ ਨੂੰ ਬੇਸੁਧ ਹਾਲਤ 'ਚ ਆਪਣੀ ਗੱਡੀ 'ਚ ਪਾ ਕੇ ਲੈ ਗਏ। ਉਸਦੇ ਫੜੇ ਜਾਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਪਤਾ ਲੱਗਾ ਹੈ ਕਿ ਚੰਡੀਗੜ੍ਹ ਤੋਂ ਆਏ ਵਣ ਵਿਭਾਗ ਦੇ ਇਕ ਫਾਰਮਾਸਿਸਟ ਵਲੋਂ ਲੰਮਾ ਪਿੰਡ ਦੇ ਇਕ ਘਰ 'ਚ ਚਾਰੇ ਪਾਸੇ ਜਾਲ ਵਿਛਾ ਕੇ ਕੈਦ ਕੀਤੇ ਗਏ ਤੇਂਦੂਏ ਨੂੰ ਇੰਜੈਕਸ਼ਨ ਲਾਇਆ ਗਿਆ, ਜਿਸ ਦਾ ਥੋੜ੍ਹੀ ਦੇਰ 'ਚ ਤੇਂਦੂਏ ਨੂੰ ਅਸਰ ਹੋ ਗਿਆ ਅਤੇ ਉਹ ਪੂਰੀ ਤਰ੍ਹਾਂ ਬੇਸੁੱਧ ਹੋ ਕੇ ਡਿੱਗ ਗਿਆ।
ਦਿਸੀ ਬਿੱਲੀ, ਨਿਕਲਿਆ ਤੇਂਦੂਆ
ਦੁਪਹਿਰ ਸੜਕ ਤੋਂ ਲੰਘ ਰਹੇ ਇਕ ਵਿਅਕਤੀ ਨੇ ਦੂਰ ਤੋਂ ਜਦੋਂ ਖੇਤਾਂ 'ਚ ਕਿਸੇ ਵੱਡੀ ਬਿੱਲੀ ਨੂੰ ਵੇਖਿਆ ਤਾਂ ਉਹ ਉਸ ਨੂੰ ਵੇਖਣ ਲਈ ਖੇਤਾਂ ਵੱਲ ਜਾਣ ਲੱਗਾ ਪਰ ਜਦ ਉਸ ਨੇ ਛਾਲ ਮਾਰੀ ਤਾਂ ਉਸ ਨੂੰ ਪਤਾ ਚੱਲਿਆ ਕਿ ਉਹ ਤਾਂ ਜੰਗਲੀ ਜਾਨਵਰ ਤੇਂਦੂਆ ਹੈ। ਉਹ ਉਥੋਂ ਆਪਣੀ ਜਾਨ ਬਚਾਉਂਦਾ ਹੋਇਆ ਭੱਜ ਗਿਆ।
ਬੇਹੋਸ਼ੀ ਦੇ ਇੰਜੈਕਸ਼ਨ ਨਹੀਂ ਕਰ ਰਹੇ ਸਨ ਅਸਰ
ਤੇਂਦੂਏ ਨੂੰ ਬੇਸੁੱਧ ਕਰਨ ਲਈ ਵਣ ਵਿਭਾਗ ਦੇ ਕਰਮਚਾਰੀਆਂ ਨੇ ਕਈ ਇੰਜੈਕਸ਼ਨ ਉਸ ਨੂੰ ਲਾਏ ਪਰ ਉਸ ਦਾ ਅਸਰ ਉਸ 'ਤੇ ਨਹੀਂ ਹੋ ਰਿਹਾ ਸੀ, ਜਿਸ ਨੂੰ ਲੈ ਕੇ ਵਣ ਵਿਭਾਗ ਅਤੇ ਪੁਲਸ ਮੁਲਾਜ਼ਮ ਪ੍ਰੇਸ਼ਾਨ ਦਿਸ ਰਹੇ ਸਨ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਅਸਰ ਨਾ ਕਰ ਰਹੇ ਇੰਜੈਕਸ਼ਨ ਕਿਤੇ ਐਕਸਪਾਇਰ ਨਾ ਹੋਣ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਲੋਕਾਂ ਵੱਲੋਂ ਰੌਲਾ ਪਾਏ ਜਾਣ ਕਾਰਨ ਤੇਂਦੂਏ ਨੂੰ ਇੰਜੈਕਸ਼ਨ ਅਸਰ ਨਹੀਂ ਕਰ ਰਹੇ ਸਨ। ਇੰਜੈਕਸ਼ਨ ਤੋਂ ਬਾਅਦ ਵੀ ਤੇਂਦੂਆ ਇਕਦਮ ਉੱਠ ਕੇ ਖੜ੍ਹਾ ਹੋ ਜਾਂਦਾ ਸੀ।
ਨਵਜੋਤ ਸਿੱਧੂ ਨੇ ਲਾਈਵ ਕੀਤੀ 'ਹੈਲਪਿੰਗ ਹੈਪਲੈੱਸ ਫੋਨ ਐਪਲੀਕੇਸ਼ਨ'
NEXT STORY