ਹੁਸ਼ਿਆਰਪੁਰ(ਅਸ਼ਵਨੀ)— ਮੰਗਲਵਾਰ ਦੀ ਤੜਕੇ ਕਰੀਬ 3 ਵਜੇ ਪਿੰਡ ਦੇਹਰੀਆਂ (ਕੂਕਾਨੇਟ) ਦੇ ਇਕ ਘਰ 'ਚ ਤੇਂਦੂਆ ਦਾਖਲ ਹੋ ਗਿਆ, ਜਿਸ ਨਾਲ ਘਰ 'ਚ ਸੌਂ ਰਹੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜ਼ਿਲਾ ਵਣ ਜੀਵ ਜੰਤੂ ਅਧਿਕਾਰੀ ਗੁਰਸ਼ਰਨ ਸਿੰਘ, ਰੇਂਜ਼ ਅਫਸਰ ਰਾਮਦਾਸ ਅਤੇ ਵਿਭਾਗ ਸਮੇਤ ਪੁਲਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਲੱਗਭੱਗ 4 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਤੇਂਦੂਏ ਨੂੰ ਪਿੰਜਰੇ 'ਚ ਬੰਦ ਕਰਨ 'ਚ ਸਫਲਤਾ ਪ੍ਰਾਪਤ ਕੀਤੀ।
ਐੱਸ. ਐੱਸ. ਪੀ. ਜੇ. ਏਲਿਨਚੇਲੀਅਨ ਨੇ ਦੱਸਿਆ ਕਿ ਬੀਤੀ ਰਾਤ ਥਾਣਾ ਹਰਿਆਣਾ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੂਕਾਨੇਟ ਦੇਹਰੀਆਂ 'ਚ ਜੰਗਲ ਵਿਚ ਇਕ ਤੇਂਦੂਆ ਘੁੰਮ ਰਿਹਾ ਹੈ। ਥਾਣਾ ਹਰਿਆਣਾ ਦੇ ਅਧਿਕਾਰੀਆਂ ਨੇ ਇਸ ਸਬੰਧੀ ਤੁਰੰਤ ਵਣ ਜੀਵ ਜੰਤੂ ਸੁਰੱਖਿਆ ਵਿਭਾਗ ਨੂੰ ਅਲਰਟ ਜਾਰੀ ਕਰ ਦਿੱਤਾ।
ਮੰਗਲਵਾਰ ਤੜਕੇ ਤੇਂਦੂਆ ਇਕ ਹੋਮ ਗਾਰਡ ਮੁਲਾਜ਼ਮ ਸਿਕੰਦਰਪਾਲ ਦੇ ਘਰ 'ਚ ਦਾਖਲ ਹੋ ਗਿਆ ਅਤੇ ਕੁੱਤੇ ਦੇ ਭੌਂਕਣ 'ਤੇ ਉਹ ਇਕ ਕਮਰੇ 'ਚ ਚਲਾ ਗਿਆ। ਡੀ. ਐੱਫ. ਓ. ਅਨੁਸਾਰ ਵਿਭਾਗ ਦੇ ਮੁਲਾਜ਼ਮਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਕਮਰੇ ਨੂੰ ਬਾਹਰੋਂ ਬੰਦ ਕਰ ਦਿੱਤਾ ਅਤੇ ਕਮਰੇ ਦੇ ਬਾਹਰ ਪਿੰਜਰਾ ਲਗਾ ਦਿੱਤਾ। ਕਮਰੇ ਦੇ ਦਰਵਾਜੇ ਦੀਆਂ ਇੱਟਾਂ ਵੀ ਉਖਾੜੀਆਂ ਗਈਆਂ ਅਤੇ ਲਗਭਗ 4 ਘੰਟੇ ਦੀ ਜੱਦੋ-ਜਹਿਦ ਉਪਰੰਤ ਤੇਂਦੂਏ ਨੂੰ ਪਿੰਜਰੇ 'ਚ ਕੈਦ ਕਰ ਲਿਆ ਗਿਆ।
3 ਸਾਲ ਦਾ ਨਰ ਤੇਂਦੂਆ ਸੀ ਕਾਫੀ ਖੁੰਖਾਰ
ਡੀ. ਐੱਫ. ਓ. ਗੁਰਸ਼ਰਨ ਸਿੰਘ ਅਨੁਸਾਰ ਕਾਬੂ ਕੀਤੇ ਗਏ ਨਰ ਤੇਂਦੂਏ ਦੀ ਉਮਰ ਲੱਗਭੱਗ 3 ਸਾਲ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਖੁੰਖਾਰ ਹੈ ਅਤੇ ਜੇਕਰ ਇਸ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਕਾਫੀ ਜਾਨੀ ਨੁਕਸਾਨ ਕਰ ਸਕਦਾ ਸੀ।
ਪਿੰਜਰੇ 'ਚ ਬੰਦ ਕਰਕੇ ਭੇਜਿਆ ਛੱਤਬੀੜ
ਉਨ੍ਹਾਂ ਦੱਸਿਆ ਕਿ ਤੇਂਦੂਏ ਨੂੰ ਪਹਿਲਾਂ ਸਟਾਫ ਵੱਲੋਂ ਹੁਸ਼ਿਆਰਪੁਰ ਵਿਖੇ ਬਸੀ ਜਾਨਾ 'ਚ ਸਥਿਤ ਵਣ ਵਿਭਾਗ ਦੇ ਦਫਤਰ 'ਚ ਲਿਆਂਦਾ ਗਿਆ, ਜਿੱਥੋਂ ਉਸ ਨੂੰ ਭੋਜਨ ਮੁਹੱਈਆ ਕਰਵਾਉਣ ਤੋਂ ਬਾਅਦ ਛੱਤਬੀੜ ਚਿੜੀਆਘਰ (ਜ਼ੀਰਕਪੁਰ) ਭੇਜ ਦਿੱਤਾ ਗਿਆ ਹੈ।
ਪੰਜਾਬੀ ਸਾਹਿਤ 'ਚ ਗੁਰੂ ਨਗਰੀ ਦਾ ਨਾਂ ਰੌਸ਼ਨ ਕਰ ਰਹੀਆਂ ਮਾਂ ਤੇ ਧੀ
NEXT STORY