ਫਰੀਦਕੋਟ (ਜਗਤਾਰ) - ਪਿੰਡ ਦੀ ਹਦੂਦ ਤੋਂ ਬਾਹਰ ਸ਼ਰਾਬ ਦਾ ਠੇਕਾ ਕਢਵਾਉਣ ਲਈ ਫਰੀਦਕੋਟ ਦੇ ਪਿੰਡ ਘੁਗਿਆਣਾਂ ਦੇ ਲੋਕਾਂ ਵਲੋਂ ਠੇਕੇ ਦੇ ਬਾਹਰ ਬੈਠ ਕੇ ਧਰਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਮੇਨ ਚੌਕ 'ਚ ਬਣਿਆ ਸ਼ਰਾਬ ਦਾ ਠੇਕਾ ਪਿੰਡ ਵਾਸੀਆਂ ਲਈ ਜੰਜਾਲ ਬਣਿਆ ਹੋਇਆ ਹੈ। ਧਰਨਾ ਦੇ ਰਹੇ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਮੈਨ ਚੌਕ 'ਚ ਸ਼ਰਾਬ ਦਾ ਠੇਕਾ ਹੋਣ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੇਕੇ 'ਤੇ ਸ਼ਰਾਬ ਪੀਣ ਆਉਣ ਵਾਲੇ ਸ਼ਰਾਬੀ ਹਰ ਸਮੇਂ ਠੇਕੇ ਦੇ ਬਾਹਰ ਖੜ੍ਹੇ ਰਹਿੰਦੇ ਹਨ, ਜੋ ਉਸ ਥਾਂ ਤੋਂ ਲੰਘਣ ਵਾਲੀਆਂ ਔਰਤਾਂ ਅਤੇ ਸਕੂਲ-ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਬੁਰੀ ਨਜ਼ਰ ਨਾਲ ਦੇਖਦੇ ਹਨ। ਜਿਸ ਕਾਰਨ ਉਨ੍ਹਾਂ ਦਾ ਉਥੋਂ ਲੰਘਣਾ ਮੁਸ਼ਕਲ ਹੋ ਰਿਹਾ ਹੈ।
ਪਿੰਡ ਵਾਸੀਆਂ ਅਤੇ ਪੰਚਾਇਤ ਦਾ ਕਹਿਣਾ ਹੈ ਕਿ ਇਸ ਠੇਕੇ ਨੂੰ ਪਿੰਡੋਂ ਬਾਹਰ ਕਢਵਾਉਣ ਲਈ ਉਹ ਪਿਛਲੇ 3 ਦਿਨਾਂ ਤੋਂ ਧਰਨੇ 'ਤੇ ਬੈਠੇ ਹੋਏ ਹਨ। ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਇਸ ਸਬੰਧੀ ਲਿਖਤੀ ਸ਼ਿਤਾਇਤ ਵੀ ਕੀਤੀ ਪਰ ਕਿਸੇ ਨੇ ਅੱਜ ਤੱਕ ਉਨ੍ਹਾਂ ਦੀ ਇਕ ਨਹੀਂ ਸੁਣੀ। ਪਿੰਡ ਵਾਸੀਆਂ ਨੇ ਧਰਨਾ ਦਿੰਦੇ ਹੋਏ ਇਸ ਸ਼ਰਾਬ ਦੇ ਠੇਕੇ ਨੂੰ ਪਿੰਡ ਦੀ ਹਦੂਦ ਤੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਪਿੰਡ 'ਚੋਂ ਸ਼ਰਾਬ ਦਾ ਠੇਕਾ ਚੁੱਕਿਆ ਨਹੀਂ ਜਾਂਦਾ, ਉਸ ਸਮੇਂ ਤੱਕ ਉਹ ਧਰਨਾ ਜਾਰੀ ਰੱਖਣਗੇ ਅਤੇ ਠੇਕਾ ਬੰਦ ਕਰਵਾ ਕੇ ਹੀ ਦਮ ਲੈਣਗੇ। ਇਸ ਸਬੰਧੀ ਜਦੋਂ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਪ੍ਰਸ਼ਾਸਨ ਦੇ ਧਿਆਨ 'ਚ ਹੈ ਅਤੇ ਜਲਦ ਹੀ ਇਸ ਦਾ ਹੱਲ ਕੱਢਿਆ ਜਾਵੇਗਾ।
ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਸਬੰਧੀ ਭਾਰਤ-ਪਾਕਿ ਮੀਟਿੰਗ ਰੱਦ
NEXT STORY