ਲੁਧਿਆਣਾ (ਖੁਰਾਣਾ) : ਮਹਾਨਗਰ ’ਚ ਬੀਤੇ ਦਿਨੀਂ ਆਈ ਤੇਜ਼ ਹਨ੍ਹੇਰੀ ਅਤੇ ਤੇਜ਼ ਮੀਂਹ ਦੌਰਾਨ ਜੱਲਾਦ ਮਾਪੇ ਸਿਰਫ 2 ਦਿਨਾਂ ਦੀ ਮਾਸੂਮ ਬੱਚੀ ਨੂੰ ਸਰਾਭਾ ਨਗਰ ਸਥਿਤ ਪੰਘੂੜਾ ਘਰ ਕੋਲ ਖੁੱਲ੍ਹੇ ਆਸਮਾਨ ਹੇਠ ਮਰਨ ਲਈ ਛੱਡ ਗਏ। ਮਾਪਿਆਂ ਖ਼ਿਲਾਫ਼ ਚਾਈਲਡ ਲਾਈਨ ਸੰਸਥਾ ਦੀ ਸ਼ਹਿਰੀ ਕੋ-ਆਰਡੀਨੇਟਰ ਮਮਤਾ ਚੌਧਰੀ ਵੱਲੋਂ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਾਣਕਾਰੀ ਦਿੰਦਿਆਂ ਮਮਤਾ ਚੌਧਰੀ ਨੇ ਦੱਸਿਆ ਕਿ ਬੀਤੇ ਸ਼ਨੀਵਾਰ ਨੂੰ ਲੁਧਿਆਣਾ 'ਚ ਆਈ ਤੇਜ਼ ਬਾਰਸ਼ ਅਤੇ ਹਨ੍ਹੇਰੀ ਦੌਰਾਨ ਅਣਪਛਾਤੇ ਮਾਪਿਆਂ ਵੱਲੋਂ ਸਿਰਫ 2 ਦਿਨ ਦੀ ਬੱਚੀ ਨੂੰ ਸਰਾਭਾ ਨਗਰ ਸਥਿਤ ਪੰਘੂੜਾ ਘਰ ਕੋਲ ਲਾਵਾਰਿਸ ਹਾਲਤ ਵਿਚ ਛੱਡ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਮਾਸੂਮ ਬੱਚੀ ਬਾਰਸ਼ ਵਿਚ ਭਿੱਜਣ ਅਤੇ ਤੇਜ਼ ਹਨ੍ਹੇਰੀ ਦੀ ਲਪੇਟ ’ਚ ਆਉਣ ਕਾਰਨ ਬੀਮਾਰ ਪੈ ਗਈ ਸੀ ਅਤੇ ਉਸ ਨੂੰ ਇਨਫੈਕਸ਼ਨ ਵੀ ਹੋ ਗਈ ਸੀ। ਇਸ ਲਈ ਬੱਚੀ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ 4 ਦਿਨਾਂ ਤੱਕ ਚੱਲੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਬੱਚੀ ਨੂੰ ਪੂਰੀ ਤਰ੍ਹਾਂ ਫਿੱਟ ਕਰਾਰ ਦਿੰਦੇ ਹੋਏ ਛੁੱਟੀ ਦੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਰੈੱਡ ਕ੍ਰਾਸ ਦੀ ਸੰਚਾਲਕਾ ਕਮਲਜੀਤ ਕੌਰ ਵਲੋਂ ਬੱਚੀ ਦੇ ਸਬੰਧ ’ਚ ਚਾਈਲਡ ਲਾਈਨ ਸੰਸਥਾ ਦੇ ਹੈਲਪਲਾਈਨ ਨੰਬਰ 1098 ’ਤੇ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਮੌਕੇ ’ਤੇ ਪੁੱਜੇ ਚਾਈਲਡ ਲਾਈਨ ਸੰਸਥਾ ਦੇ ਵਾਲੰਟੀਅਰਾਂ ਹਰਜੀਤ ਸਿੰਘ, ਰੌਬਿਨ, ਚੰਦਨ ਕੁਮਾਰ ਆਦਿ ਨੇ ਸਭ ਤੋਂ ਪਹਿਲਾਂ ਬੱਚੀ ਸਬੰਧੀ ਥਾਣਾ ਡਵੀਜ਼ਨ ਨੰ. 5 ਵਿਚ ਡੀ. ਡੀ. ਆਰ. ਕਟਵਾਈ ਅਤੇ ਇਸ ਤੋਂ ਤੁਰੰਤ ਬਾਅਦ ਬੱਚੀ ਨੂੰ ਚਾਈਲਡ ਵੈੱਲਫੇਅਰ ਕਮੇਟੀ (ਸੀ. ਡਬਲਯੂ. ਸੀ.) ਦੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕੀਤਾ। ਇਸ ਦੌਰਾਨ ਅਧਿਕਾਰੀਆਂ ਨੇ ਵਿਭਾਗੀ ਕਾਰਵਾਈ ਕਰਨ ਤੋਂ ਬਾਅਦ ਬੱਚੀ ਨੂੰ ਮੁੱਲਾਂਪੁਰ ਸਥਿਤ ਤਲਵੰਡੀ ਧਾਮ ਦੇ ਬਾਲਘਰ ਵਿਚ ਭੇਜਣ ਦੇ ਨਿਰਦੇਸ਼ ਦਿੱਤੇ। ਮਮਤਾ ਚੌਧਰੀ ਨੇ ਦੱਸਿਆ ਕਿ ਚਾਈਲਡ ਲਾਈਨ ਸੰਸਥਾ ਵੱਲੋਂ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰਨ ਤੋਂ ਬਾਅਦ ਬੱਚੀ ਨੂੰ ਤਲਵੰਡੀ ਧਾਮ ਸੰਚਾਲਕਾਂ ਨੂੰ ਸੌਂਪ ਦਿੱਤਾ ਗਿਆ ਹੈ।
ਪੰਜਾਬ ਦੇ 2700 ਇੱਟਾਂ ਦੇ ਭੱਠੇ ਅਗਸਤ ਤੋਂ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਐਲਾਨ, ਜਾਣੋ ਕਿਉਂ
NEXT STORY