ਪਟਿਆਲਾ (ਜੋਸਨ) : ਸਰਕਾਰ ਵੱਲੋਂ ਲਾਏ ਹਫ਼ਤਾਵਾਰੀ ਲਾਕਡਾਊਨ ਕਾਰਣ ਅੱਜ ਸ਼ਾਹੀ ਸ਼ਹਿਰ ਵਿਚ ਪੂਰੀ ਤਰ੍ਹਾਂ ਸੁੰਨਸਾਨ ਨਜ਼ਰ ਆਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਦੇ ਵਾਸੀਆਂ ਨੇ ਇਸ ਹਫ਼ਤਾਵਾਰੀ ਲਾਕਡਾਊਨ ਨੂੰ ਭਰਵਾਂ ਹੁੰਗਾਰਾ ਦਿੱਤਾ। ਐਤਵਾਰ ਦੀ ਸਵੇਰੇ ਤੋਂ ਲੈ ਕੇ ਸ਼ਾਮ ਤਕ ਸ਼ਹਿਰ ਦੇ ਬਾਜ਼ਾਰਾਂ ਅਤੇ ਸੜਕਾਂ ਦੇ ਦੌਰੇ ਤੋਂ ਇਹ ਸਾਹਮਣੇ ਆਇਆ ਕਿ ਬਿਨਾਂ ਕੰਮ ਤੋਂ ਕੋਈ ਵੀ ਵਿਅਕਤੀ ਆਪਣੇ ਘਰੋਂ ਬਾਹਰ ਨਹੀਂ ਨਿਕਲਿਆ। ਸ਼ਾਹੀ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਅਤੇ ਬਾਜ਼ਾਰਾਂ ਵਿਚ ਸੁੰਨਸਾਨ ਨਜ਼ਰ ਆਈ।
ਦੱਸਣਾ ਬਣਦਾ ਹੈ ਕਿ ਕੋਵਿਡ-19 ਕਾਰਣ ਸਮਾਜਿਕ ਫੈਲਾਅ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਫ਼ਤੇ ਦੇ ਆਖਰੀ ਦਿਨ ਅਤੇ ਛੁੱਟੀ ਵਾਲੇ ਦਿਨਾਂ ਦੀਆਂ ਪਾਬੰਦੀਆਂ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਨੂੰ ਪਟਿਆਲਾ ਵਾਸੀਆਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਅੱਜ ਐਤਵਾਰ ਵਾਲੇ ਦਿਨ ਪਟਿਆਲਾ ਦੀਆਂ ਸੜਕਾਂ 'ਤੇ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਆਵਾਜਾਈ ਨਾਂਹ ਦੇ ਬਰਾਬਰ ਰਹੀਂ ਅਤੇ ਬਾਜ਼ਾਰ ਬੰਦ ਰਹੇ। ਪੂਰੀ ਤਰਾਂ ਸੁੰਨ ਪੱਸਰੀ ਰਹੀ। ਇਹ ਵੀ ਵੇਖਿਆ ਗਿਆ ਕਿ ਲੋਕ ਪਹਿਲਾਂ ਦੀ ਤਰ੍ਹਾਂ ਸੜਕਾਂ 'ਤੇ ਨਜ਼ਰ ਨਹੀਂ ਆਏ, ਆਵਾਜਾਈ ਬਹੁਤ ਘੱਟ ਵਿਖਾਈ ਦਿੱਤੀ ਅਤੇ ਜਿਸ ਨੂੰ ਕੰਮ ਸੀ, ਉਹ ਹੀ ਸੜਕ 'ਤੇ ਵਿਖਾਈ ਦਿੱਤਾ। ਜਦਕਿ ਲੰਘੇ ਸ਼ਨੀਵਾਰ ਬਾਜ਼ਾਰ ਆਮ ਦੀ ਤਰ੍ਹਾਂ ਖੁੱਲੇ ਰਹੇ ਸਨ ਅਤੇ ਬਾਜ਼ਾਰਾਂ 'ਚ ਆਵਜਾਈ ਆਮ ਵਾਂਗ ਚਲਦੀ ਰਹੀ। ਜਦਕਿ ਅੱਜ ਐਤਵਾਰ ਸਰਕਾਰ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਿਆਂ ਲੋਕਾਂ ਨੇ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ।
ਮੈਡੀਕਲ ਐਮਰਜੈਂਸੀ ਲਈ ਨਹੀਂ ਪਾਸ ਦੀ ਲੋੜ : ਡੀ. ਸੀ.
ਪੰਜਾਬ ਸਰਕਾਰ ਦੇ ਹੁਕਮ ਹਨ ਕਿ ਐਤਵਾਰ, ਸ਼ਨੀਵਾਰ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ ਅੰਤਰ-ਜ਼ਿਲਾ ਆਵਾਜਾਈ 'ਤੇ ਪਾਬੰਦੀ ਹੋਵੇਗੀ। ਸਿਰਫ ਈ-ਪਾਸਾਂ ਵਾਲਿਆਂ ਨੂੰ ਹੀ ਆਉਣ-ਜਾਣ ਦੀ ਇਜਾਜ਼ਤ ਹੋਵੇਗੀ। ਮੈਡੀਕਲ ਐਮਰਜੈਂਸੀ ਸਬੰਧੀ ਆਉਣ-ਜਾਣ ਲਈ ਅਜਿਹੇ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਇਲਾਵਾ ਵਿਆਹ ਸਮਾਗਮਾਂ ਲਈ ਈ-ਪਾਸ ਲੋੜੀਂਦਾ ਹੋਵੇਗਾ ਅਤੇ ਇਹ 50 ਵਿਸ਼ੇਸ਼ ਵਿਅਕਤੀਆਂ ਨੂੰ ਹੀ ਜਾਰੀ ਹੋਵੇਗਾ। ਇਸ ਤੋਂ ਇਲਾਵਾ ਸਿਰਫ਼ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਸੇਵਾਵਾਂ ਨੂੰ ਹਫ਼ਤੇ ਦੇ ਸਾਰੇ ਦਿਨ ਖੋਲ੍ਹਣ ਦੀ ਇਜਾਜ਼ਤ ਹੈ।
ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਚ ਚਾਕੂ ਨਾਲ ਕੀਤਾ ਹਮਲਾ, ਲਹੂ ਨਾਲ ਲੱਥਪਥ ਵਿਅਕਤੀ ਪਹੁੰਚਿਆ ਥਾਣੇ
NEXT STORY