ਜਲਾਲਾਬਾਦ (ਮਿੱਕੀ) : ਇਕ ਪਾਸੇ ਜਿੱਥੇ ਦੇਸ਼ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਸਿਖਰਾਂ 'ਤੇ ਹੈ ਅਤੇ ਸੂਬਾ ਪੰਜਾਬ 'ਚ ਵੀ 19 ਮਈ ਨੂੰ ਹੋਣ ਵਾਲੀਆਂ ਵੋਟਾਂ ਲਈ ਵੱਖ-ਵੱਖ ਪਾਰਟੀਆਂ ਦੇ ਲੀਡਰ, ਲੋਕਲ ਆਗੂ ਅਤੇ ਵਰਕਰ ਆਦਿ ਚੋਣ ਪ੍ਰਚਾਰ 'ਚ ਸਰਗਰਮੀਆਂ ਲਿਆ ਰਹੇ ਹਨ, ਓਥੇ ਹੀ ਪੰਜਾਬ ਅੰਦਰ ਹਾੜੀ ਸੀਜ਼ਨ ਦੇ ਚੱਲਦਿਆਂ ਕਿਸਾਨ ਅਤੇ ਮਜ਼ਦੂਰ ਵਰਗ ਆਪੋ-ਆਪਣੇ ਕੰਮ-ਧੰਦੇ ਰੁੱਝਿਆ ਹੋਇਆ ਹੈ ਅਤੇ ਜੱਟਾਂ ਨੂੰ ਆਪਣਾ ਤੂੜੀ-ਤੰਦ ਸਾਂਭਣ ਦਾ ਫਿਕਰ ਸਤਾ ਰਿਹਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਅੰਦਰ ਹਾੜੀ ਸੀਜ਼ਨ ਦੇ ਮੱਦੇਨਜ਼ਰ ਸਭ ਤੋਂ ਅਖੀਰ 'ਚ 19 ਮਈ ਨੂੰ ਵੋਟਾਂ ਲਈ ਤਰੀਕ ਮਿਥੀ ਗਈ ਹੈ ਅਤੇ ਇਸ ਦਿਨ ਹੀ ਪੰਜਾਬ ਭਰ 'ਚ 13 ਲੋਕ ਸਭਾ ਹਲਕਿਆਂ ਲਈ ਵੋਟ ਪ੍ਰਕਿਰਿਆ ਹੋਵੇਗੀ ਪਰ ਕਣਕ ਦੇ ਵਾਢੀ ਸੀਜ਼ਨ ਦੇ ਚੱਲਦਿਆਂ ਜਿੱਥੇ ਖੇਤੀ ਪ੍ਰਦਾਨ ਸੂਬਾ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਆਦਿ ਮੰਡੀਆਂ 'ਚ ਕਣਕ ਸਾਂਭਣ ਅਤੇ ਖੇਤਾਂ 'ਚੋਂ ਤੂੜੀ ਬਣਾਉਣ 'ਚ ਰੁੱਝੇ ਹੋਏ ਹਨ ਓਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੋਟਾਂ ਪ੍ਰਾਪਤ ਕਰਨ ਲਈ ਪਿੰਡ-ਪਿੰਡ ਅਤੇ ਘਰ-ਘਰ ਤੱਕ ਦਸਤਕ ਦੇ ਰਹੇ ਹਨ ਤਾਂ ਜੋ ਉਹ ਆਪਣੀ-ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ 'ਚ ਵੋਟ ਬੈਂਕ ਪੱਕਾ ਕਰ ਸਕਣ।
ਤੂੜੀ ਦਾ ਸੀਜ਼ਨ ਸਿਆਸੀ ਲੀਡਰਾਂ ਲਈ ਬਣਿਆ 'ਖਲਨਾਇਕ'
ਭਾਵੇਂ ਕਣਕ ਦੀ ਵਾਢੀ ਦਾ ਸੀਜ਼ਨ ਲਗਭਗ ਖਤਮ ਹੋ ਚੁੱਕਾ ਹੈ ਪਰ ਕਣਕ ਦੀ ਵਾਢੀ ਉਪਰੰਤ ਕਣਕ ਦੇ ਬਚੇ ਨਾੜ ਤੋਂ ਤੂੜੀ ਬਣਾਉਣ ਦਾ ਸੀਜ਼ਨ ਪੰਜਾਬ ਅੰਦਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਕਿਸਾਨ ਅਤੇ ਪਸ਼ੂ ਪਾਲਕ ਆਪਣੇ ਪਸ਼ੂਆਂ ਲਈ ਸਾਲ ਭਰ ਦਾ ਸੁੱਕਾ ਚਾਰਾ ਸਾਂਭਣ ਨੂੰ ਪਹਿਲ ਦੇ ਰਹੇ ਹਨ ਅਤੇ ਤੂੜੀ ਦਾ ਇਹ ਸੀਜ਼ਨ ਸਿਆਸੀ ਲੀਡਰਾਂ ਲਈ ਖਲਨਾਇਕ ਸਾਬਿਤ ਹੋ ਰਿਹਾ ਹੈ ਕਿਉਂਕਿ ਲੀਡਰਾਂ ਨੂੰ ਆਪਣੇ ਵਿਚਾਰ ਸੁਣਾਉਣ ਲਈ ਲੋਕਾਂ ਦੀ ਭੀੜ ਨਹੀਂ ਲੱਭ ਰਹੀ।
ਭੀੜ ਇਕੱਠੀ ਕਰਨ ਲਈ ਲੋਕਲ ਆਗੂਆਂ ਨੂੰ ਕਰਨੀ ਪੈ ਰਹੀ ਭਾਰੀ ਮੁਸ਼ੱਕਤ
ਅੱਜ ਦੇ ਸਮੇਂ 'ਚ ਜਦ ਕਿਸੇ ਪਿੰਡ 'ਚ ਕਿਸੇ ਪਾਰਟੀ ਦਾ ਉਮੀਦਵਾਰ ਜਾਂ ਫਿਰ ਹੋਰ ਸੀਨੀਅਰ ਆਗੂ ਚੋਣ ਪ੍ਰਚਾਰ ਲਈ ਆਉਂਦਾ ਹੈ ਤਾਂ ਪਿੰਡ ਦੇ ਲੋਕਲ ਲੀਡਰਾਂ ਅਤੇ ਸਮਰਥਕਾਂ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ ਕਿਉਂਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਮੰਡੀਆਂ ਅਤੇ ਤੂੜੀ ਆਦਿ 'ਚ ਰੁੱਝੇ ਹੋਣ ਕਾਰਣ ਲੋਕ ਨੇਤਾ ਦੇ ਵਿਚਾਰ ਸੁਣਨ ਬਹੁ-ਗਿਣਤੀ 'ਚ ਨਹੀਂ ਆਉਂਦੇ ਅਤੇ ਲੋਕਲ ਲੀਡਰਾਂ ਨੂੰ ਭੀੜ ਇਕੱਠੀ ਕਰਨ ਲਈ ਮੁਸ਼ੱਕਤ ਕਰਨੀ ਪੈਂਦੀ ਹੈ।
ਆਉਣ ਵਾਲੇ ਦਿਨਾਂ 'ਚ ਲੋਕਾਂ ਸਿਰ ਸਿਆਸੀ ਰੰਗ ਚੜ੍ਹਨ ਦੀ ਉਮੀਦ
ਜਿੱਥੇ ਹੁਣ ਲੋਕ ਤੂੜੀ-ਤੰਦ ਸਾਂਭਣ 'ਚ ਲੱਗੇ ਹੋਏ ਹਨ ਓਥੇ ਹੀ ਸਿਆਸੀ ਲੀਡਰਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਹੀ ਦਿਨਾਂ 'ਚ ਲੋਕ ਆਪਣੇ ਕੰਮਾਂ-ਧੰਦਿਆਂ ਤੋਂ ਵਿਹਲੇ ਹੋ ਕੇ ਸਿਆਸੀ ਲੀਡਰਾਂ ਦੀ ਚੋਣ ਮੁਹਿੰਮ ਦਾ ਹਿੱਸਾ ਬਣਨਗੇ ਅਤੇ ਆਉਣ ਵਾਲੇ ਦਿਨਾਂ 'ਚ ਲੋਕਾਂ ਉਪਰ ਸਿਆਸੀ ਰੰਗ ਪੂਰੇ ਜ਼ੋਰ-ਸ਼ੋਰ ਨਾਲ ਚੜ੍ਹੇਗਾ।
ਕਾਂਗਰਸੀ ਟਕਸਾਲੀਆਂ ਨੇ ਧਰਮਸੌਤ ਖਿਲਾਫ ਖੋਲਿਆ ਮੋਰਚਾ (ਵੀਡੀਓ)
NEXT STORY