ਹੁਸ਼ਿਆਰਪੁਰ—ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 10 ਮਾਰਚ ਨੂੰ ਹੁੰਦੇ ਸਾਰ ਹੀ ਪੂਰੇ ਦੇਸ਼ ਭਰ 'ਚ ਆਦਰਸ਼ ਚੋਣ ਜ਼ਾਬਤਾ ਲਗਾ ਦਿੱਤੀ ਗਈ। ਚੋਣ ਜ਼ਾਬਤਾ ਲਾਗੂ ਹੋਏ ਨੂੰ ਅਜੇ ਤਿੰਨ ਦਿਨ ਹੀ ਹੋਏ ਹਨ ਕਿ ਇਨ੍ਹਾਂ ਦਿਨਾਂ 'ਚ ਚੋਣ ਜ਼ਾਬਤਾ ਦਾ ਉਲੰਘਣ ਕਰਨ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਚੋਣ ਜ਼ਾਬਤਾ ਦਾ ਉਲੰਘਣ ਕਰਨ ਦਾ ਤਾਜ਼ਾ ਮਾਮਲਾ ਹੁਸ਼ਿਆਰਪੁਰ ਜ਼ਿਲੇ 'ਚੋਂ ਸਾਹਮਣੇ ਆਇਆ ਹੈ, ਜਿੱਥੇ ਕਾਂਗਰਸੀ ਵਿਧਾਇਕ ਨੇ ਫੌਜੀਆਂ ਦੀ ਤਸਵੀਰ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਲੱਗੀ ਤਸਵੀਰ ਵਾਲਾ ਹੋਰਡਿੰਗ ਲਗਾ ਦਿੱਤਾ।
ਦਰਅਸਲ ਹੁਸ਼ਿਆਰਪੁਰ-ਮਾਹਿਲਪੁਰ ਰੋਡ 'ਤੇ ਰਿਆਤ ਬਾਹਰਾ ਕਾਲਜ ਦੇ ਕੋਲ ਸੜਕ ਕੰਢੇ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਇਕ ਫਲੈਕਸ ਲੱਗਿਆ ਹੈ, ਜਿਸ 'ਚ ਕੈਪਟਨ ਸਰਹੱਦ 'ਤੇ ਡਟੇ ਜਵਾਨਾਂ ਦੀ ਹੌਂਸਲਾ ਅਫਜ਼ਾਈ ਕਰਦੇ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ 10 ਮਾਰਚ ਨੂੰ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਸੀ ਅਤੇ ਉਸੇ ਦਿਨ ਤੋਂ ਹੀ ਚੋਣ ਜ਼ਾਬਤਾ ਲਗਾ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਫੌਜੀਆਂ ਦੀਆਂ ਤਸਵੀਰਾਂ ਨਾ ਵਰਤੀਆਂ ਜਾਣ। ਪੰਜਾਬ 'ਚ 19 ਮਈ ਨੂੰ ਲੋਕ ਸਭਾ ਚੋਣਾਂ ਹੋ ਰਹੀਆਂ ਹਨ, ਜਿਸ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ।
ਟਿਕਟ ਮਿਲਣ ਤੋਂ ਪਹਿਲਾਂ ਕੀਤਾ ਗਿਆ ਖਰਚਾ ਵੀ ਚੋਣ ਖਰਚੇ 'ਚ ਹੋਵੇਗਾ ਸ਼ਾਮਲ
NEXT STORY