ਪਟਿਆਲਾ : ਪਟਿਆਲਾ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਇਸ ਵਾਰ ਨਵੇਕਲੇ ਢੰਗ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਦਰਅਸਲ ਡਾ. ਗਾਂਧੀ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਵਲੋਂ ਝੋਲੀ ਅੱਡ ਕੇ ਪੈਸੇ ਵੀ ਮੰਗਦੇ ਨਜ਼ਰ ਆ ਰਹੇ ਹਨ। ਚੋਣ ਮੀਟਿੰਗਾਂ ਵਿਚ ਭਾਸ਼ਣ ਦੇਣ ਤੋਂ ਬਾਅਦ ਜਦੋਂ ਲੋਕਾਂ ਅੱਗੇ ਝੋਲੀ ਅੱਡ ਕੇ ਰੁਪਿਆਂ ਦੀ ਮੰਗ ਕਰਦੇ ਹਨ ਤਾਂ ਲੋਕ ਡਾ. ਗਾਂਧੀ ਦੀ ਝੋਲੀ ਨੋਟਾਂ ਨਾਲ ਭਰ ਦਿੰਦੇ ਹਨ। ਹਾਲਾਂਕਿ ਡਾ. ਗਾਂਧੀ ਗ਼ਰੀਬ ਉਮੀਦਵਾਰ ਨਹੀਂ ਹਨ ਪਰ ਉਨ੍ਹਾਂ ਦਾ ਚੋਣ ਪ੍ਰਚਾਰ ਕਰਨ ਦਾ ਤਰੀਕਾ ਨਿਵੇਕਲਾ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਡਾ. ਗਾਂਧੀ ਨੇ ਐਲਾਨ ਕੀਤਾ ਹੈ ਕਿ ਅੱਜ ਦੀ ਚੋਣ ਪ੍ਰਕਿਰਿਆ ਮਹਿੰਗੀ ਹੋਣ ਕਰਕੇ ਚੋਣਾਂ ਵਿਚ ਵਾਧੂ ਪੈਸਾ ਖ਼ਰਚਣ ਦੇ ਸਮਰੱਥ ਨਹੀਂ ਹਨ। ਇਸ ਕਰਕੇ ਉਨ੍ਹਾਂ ਨੂੰ ਵੋਟ ਦੇ ਨਾਲ-ਨਾਲ ਹਲਕੇ ਦੇ ਵੋਟਰਾਂ ਤੋਂ ਨੋਟ ਵੀ ਚਾਹੀਦੇ ਹਨ। ਉਹ ਜਦੋਂ ਚੋਣ ਮੀਟਿੰਗ ਨੂੰ ਸੰਬੋਧਨ ਕਰਕੇ ਲੋਕਾਂ ਅੱਗੇ ਝੋਲੀ ਅੱਡਦੇ ਹਨ ਤਾਂ ਉਨ੍ਹਾਂ ਦੀ ਝੋਲੀ ਵਿਚ ਕੋਈ 10, 20, 50, 100 ਤੇ ਕੋਈ 500 ਰੁਪਏ ਵੀ ਪਾ ਦਿੰਦਾ ਹੈ। ਹਾਲਾਂਕਿ ਡਾ. ਗਾਂਧੀ ਦੀ ਝੋਲੀ ਵਿਚ ਕਿੰਨੇ ਰੁਪਏ ਪੈ ਗਏ ਤੇ ਹੁਣ ਤੱਕ ਕਿੰਨੇ ਰੁਪਏ ਇਕੱਠੇ ਹੋ ਗਏ, ਬਾਰੇ ਤਾਂ ਪਤਾ ਨਹੀਂ ਹੈ ਪਰ ਉਹ ਵੋਟਰਾਂ ਦਾ ਇਰਾਦਾ ਦੇਖ ਰਹੇ ਹਨ ਕਿ ਜੋ ਵਿਅਕਤੀ ਉਨ੍ਹਾਂ ਨੂੰ ਨੋਟ ਦੇ ਰਿਹਾ ਹੈ, ਉਹ ਵੋਟ ਵੀ ਪਾਵੇਗਾ। ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਚੋਣ ਲੜ ਰਹੇ ਡਾ. ਧਰਮਵੀਰ ਗਾਂਧੀ ਦੀ ਚੱਲ ਤੇ ਅਚੱਲ ਕੁੱਲ ਸਾਢੇ ਚਾਰ ਕਰੋੜ ਰੁਪਏ ਦੀ ਜਾਇਦਾਦ ਹੈ।
ਉਨ੍ਹਾਂ ਵੱਲੋਂ ਚੋਣ ਕਮਿਸ਼ਨ ਨੂੰ 2014 ਵਿਚ ਦਿੱਤੇ ਵੇਰਵਿਆਂ ਅਨੁਸਾਰ ਚੱਲ ਸੰਪਤੀ ਵਿਚ 1.63 ਕਰੋੜ ਰੁਪਏ ਡਾ. ਧਰਮਵੀਰ ਗਾਂਧੀ ਕੋਲ ਹਨ ਜਦੋਂਕਿ 55.35 ਲੱਖ ਰੁਪਏ ਉਸ ਦੀ ਪਤਨੀ ਪਦਮਾ ਕੌਸ਼ਲ ਦੇ ਨਾਂ ਸਨ, ਜਦੋਂਕਿ ਅਚੱਲ ਸੰਪਤੀ ਵਿਚ 1.42 ਕਰੋੜ ਡਾ. ਗਾਂਧੀ ਕੋਲ ਅਤੇ 90.45 ਲੱਖ ਉਸ ਦੀ ਪਤਨੀ ਕੋਲ ਹਨ।
ਜਾਣਕਾਰੀ ਅਨੁਸਾਰ 2014 ਦੀ ਚੋਣ ਵਿਚ ਉਨ੍ਹਾਂ ਦਾ 36 ਲੱਖ ਰੁਪਏ ਖ਼ਰਚ ਆਇਆ ਸੀ। ਡਾ. ਗਾਂਧੀ ਕਹਿੰਦੇ ਹਨ ਕਿ ਉਹ ਲੋਕਾਂ ਵਿਚ ਰਹਿਣ ਵਾਲੇ ਲੋਕਾਂ ਵਰਗੇ ਉਮੀਦਵਾਰ ਹਨ, ਉਨ੍ਹਾਂ ਨੂੰ ਬੁਲਿਟ ਪਰੂਫ ਗੱਡੀ ਦੀ ਲੋੜ ਨਹੀਂ ਹੈ। ਉਹ ਕਹਿੰਦੇ ਹਨ ਕਿ ਲੋਕ ਉਨ੍ਹਾਂ ਦੀ ਚੋਣ ਲੜ ਰਹੇ ਹਨ, ਜੋ ਉਨ੍ਹਾਂ ਨੂੰ ਨੋਟ ਵੀ ਦੇ ਰਹੇ ਹਨ ਤੇ ਵੋਟ ਵੀ ਦੇਣਗੇ।
ਸੁਖਬੀਰ ਨੇ ਫਿਰ ਉਮੀਦਵਾਰ ਤੋਂ ਬਿਨਾਂ ਅਕਾਲੀ ਦਲ ਲਈ ਮੰਗੀਆਂ ਵੋਟਾਂ
NEXT STORY