ਜਲੰਧਰ (ਵੈੱਬ ਡੈਸਕ) : ਪੰਜਾਬ ਦੀਆਂ ਹਾਟ ਸੀਟਾਂ 'ਚੋਂ ਇਕ ਸੰਗਰੂਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫਿਰ ਤੋਂ ਢੀਂਡਸਾ ਪਰਿਵਾਰ 'ਤੇ ਭਰੋਸਾ ਜਤਾਇਆ ਹੈ। ਇਸ ਵਾਰ ਪਿਤਾ ਸੁਖਦੇਵ ਢੀਂਡਸਾ ਦੀ ਥਾਂ ਵਿਧਾਇਕ ਪੁੱਤਰ ਪਰਮਿੰਦਰ ਢੀਂਡਸਾ ਨੂੰ ਚੋਣ ਮੈਦਾਨ 'ਚ ਉਤਰਿਆ ਗਿਆ ਹੈ। ਇਸ ਹਲਕੇ ਤੋਂ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵੱਡੇ ਫਰਕ ਨਾਲ ਜੇਤੂ ਰਹੇ ਸਨ ਪਰ ਜੇਕਰ ਵਿਧਾਨ ਸਭਾ ਹਲਕਿਆਂ ਦੀ ਗੱਲ ਕਰੀਏ ਤਾਂ ਇੱਥੇ ਢੀਂਡਸਾ ਪਰਿਵਾਰ ਦਾ ਦਬਦਬਾ ਵੱਧ ਰਿਹਾ ਹੈ। ਅਕਾਲੀ ਉਮੀਦਵਾਰ ਪਰਮਿੰਦਰ ਢੀਂਡਸਾ 2002 ਤੋਂ ਲੈ ਕੇ 2017 ਤਕ ਲਗਾਤਾਰ ਜਿੱਤ ਹਾਸਲ ਕਰ ਰਹੇ ਹਨ।
ਸਿਆਸੀ ਸਫਰ
ਪਰਮਿੰਦਰ ਢੀਂਡਸਾ ਨੂੰ ਸਿਆਸਤ ਵਿਰਾਸਤ ਵਿਚ ਮਿਲੀ ਹੈ। ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਖੂਂਡ ਲੀਡਰ ਰਹੇ ਹਨ। ਸੁਖਦੇਵ ਢੀਂਡਸਾ ਕੇਂਦਰੀ ਮੰਤਰੀ ਰਹਿ ਚੁੱਕੇ ਹਨ। ਪਰਮਿੰਦਰ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ 1998 'ਚ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਵਜੋਂ ਕੀਤੀ ਸੀ। ਵਿਧਾਨ ਸਭਾ 'ਚ ਆਉਣ ਦਾ ਮੌਕਾ ਉਨ੍ਹਾ ਨੂੰ ਉਸ ਵੇਲੇ ਮਿਲਿਆ ਜਦੋਂ ਸੁਨਾਮ ਦੇ ਕਾਂਗਰਸੀ ਵਿਧਾਇਕ ਭਗਵਾਨ ਦਾਸ ਅਰੌੜਾ ਦੀ ਮੌਤ ਹੋ ਗਈ। ਸਾਲ 2000 'ਚ ਹੋਈ ਜ਼ਿਮਨੀ ਚੋਣ 'ਚ ਪਰਮਿੰਦਰ ਨੇ ਕਾਂਗਰਸ ਦੀ ਪਰਮੇਸ਼ਰੀ ਦੇਵੀ ਨੂੰ ਹਰਾ ਕੇ ਵਿਧਾਨ ਸਭਾ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਤੋਂ ਬਾਅਦ ਪਰਮਿੰਦਰ ਢੀਂਡਸਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।
2002 'ਚ ਉਨ੍ਹਾਂ ਕਾਂਗਰਸ ਦੀ ਸੋਨੀਆਂ ਦੀਪਾ ਅਰੋੜਾ ਨੂੰ 18, 675 ਵੋਟਾਂ ਦੇ ਫਰਕ ਨਾਲ ਹਰਾਇਆ। 2007 ਅਤੇ 2012 ਦੀਆਂ ਚੋਣਾ 'ਚ ਢੀਂਡਸਾ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਰਹੇ ਅਮਨ ਅਰੋੜਾ ਨਾਲ ਹੋਇਆ, ਜਿਸ ਵਿਚ ਉਨ੍ਹਾਂ ਅਰੋੜਾ ਨੂੰ ਦੋਵਾਂ ਵਾਰ ਮਾਤ ਦਿੱਤੀ।
2017 'ਚ ਪਰਮਿੰਦਰ ਢੀਂਡਸਾ ਦੀ ਜ਼ਿੰਮੇਵਾਰੀ ਲਹਿਰਾਗਾਗਾ ਹਲਕੇ 'ਤੇ ਲਗਾਈ ਗਈ। ਇੱਥੇ ਉਨ੍ਹਾਂ ਦਾ ਮੁਕਾਬਲਾ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਦਿੱਗਜ ਲੀਡਰ ਬੀਬੀ ਰਾਜਿੰਦਰ ਕੌਰ ਭੱਠਲ ਨਾਲ ਹੋਇਆ। ਸਿਆਸਤ 'ਚ ਲਗਾਤਾਰ ਜਿੱਤ ਹਾਸਲ ਕਰਨ ਵਾਲੇ ਢੀਂਡਸਾ ਨੇ ਹਲਕਾ ਬਦਲਨ ਦੇ ਬਾਵਜੂਦ ਜਿੱਤ ਦਾ ਸਾਥ ਨਹੀਂ ਛੱਡਿਆ ਅਤੇ ਬੀਬੀ ਭੱਠਲ ਨੂੰ ਰਿਕਾਰਡ 23, 815 ਵੋਟਾਂ ਦੇ ਫਰਕ ਨਾਲ ਹਾਰ ਵਿਖਾਈ। ਵਿਧਾਨ ਸਭਾ ਚੋਣਾ 'ਚ ਅਜੇਤੂ ਰਹਿਣ ਵਾਲੇ ਪਰਮਿੰਦਰ ਢੀਂਡਸਾ ਲਈ ਲੋਕ ਸਭਾ ਚੋਣਾ ਦੀ ਰਾਹ ਆਸਾਨ ਨਹੀਂ ਹੈ। ਪਾਰਟੀ ਦੇ ਹੁਕਮ 'ਤੇ ਚੋਣ ਲੜਨ ਵਾਲੇ ਢੀਂਡਸਾ ਨੂੰ ਇੱਥੇ ਭਗਵੰਤ ਮਾਨ ਅਤੇ ਜੱਸੀ ਜਸਰਾਜ ਤੋਂ ਸਖਤ ਟੱਕਰ ਮਿਲ ਸਕਦੀ ਹੈ ਜਦਕਿ ਕਾਂਗਰਸ ਵਲੋਂ ਅਜੇ ਤਕ ਪੱਤੇ ਨਹੀਂ ਖੋਲੇ ਗਏ ਹਨ।
ਪੀ. ਡੀ. ਏ. ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੀ ਸਿਆਸੀ ਜ਼ਿੰਦਗੀ 'ਤੇ ਇਕ ਝਾਤ
NEXT STORY