ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ 'ਪੰਜਾਬ ਡੈਮੋਕ੍ਰੇਟਿਕ ਅਲਾਇੰਸ' ਦੇ ਬੈਨਰ ਹੇਠ ਲੁਧਿਆਣਾ ਤੋਂ ਲੋਕ ਸਭਾ ਚੋਣ ਮੈਦਾਨ 'ਚ ਉਤਰੇ ਹਨ। ਇਸ ਦਾ ਐਲਾਨ ਬੀਤੇ ਦਿਨ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਵਲੋਂ ਕੀਤਾ ਗਿਆ, ਜਿਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਆਪਣੀ ਮਾਤਾ ਕਸ਼ਮੀਰ ਕੌਰ ਤੋਂ ਆਸ਼ੀਰਵਾਦ ਲਿਆ ਅਤੇ ਗੁਰਦੁਆਰਾ ਮੰਗਲ ਸਿੰਘ ਨਗਰ ਵਿਖੇ ਵਿਸ਼ੇਸ਼ ਤੌਰ 'ਤੇ ਅਰਦਾਸ ਕੀਤੀ। ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਰਾਜਨੀਤੀ 'ਚ ਧੰਦਾ ਕਰਨ ਨਹੀਂ, ਸਗੋਂ ਸੇਵਾ ਕਰਨ ਆਏ ਹਨ। ਦੱਸ ਦੇਈਏ ਕਿ ਕਿਸੇ ਸਮੇਂ ਸਿਮਰਜੀਤ ਸਿੰਘ ਬੈਂਸ ਨੂੰ ਸਿਆਸਤ 'ਚ ਧਾਕੜ ਨੇਤਾ ਮੰਨਿਆ ਜਾਂਦਾ ਸੀ ਪਰ ਹੌਲੀ-ਹੌਲੀ ਉਹ ਕਮਜ਼ੋਰ ਪੈਂਦੇ ਗਏ, ਜਿਸ ਦਾ ਕਾਰਨ ਉਨ੍ਹਾਂ ਦੇ ਸਾਥੀਆਂ ਦਾ ਸਾਥ ਛੱਡ ਜਾਣਾ ਸੀ।
ਸਿਆਸੀ ਸਫਰ 'ਤੇ ਇਕ ਝਾਤ
ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੋਵੇਂ ਭਰਾ ਸਾਲ 2012 'ਚ ਸ਼੍ਰੋਮਣੀ ਅਕਾਲੀ ਦਲ 'ਚ ਸਨ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੇ ਬਲਵਿੰਦਰ ਸਿੰਘ ਬੈਂਸ ਨੂੰ ਹਲਕਾ ਲੁਧਿਆਣਾ ਦੱਖਣੀ ਤੋਂ ਟਿਕਟ ਦਿੱਤੀ ਸੀ ਪਰ ਸਿਮਰਜੀਤ ਸਿੰਘ ਬੈਂਸ ਨੂੰ ਟਿਕਟ ਨਹੀਂ ਮਿਲੀ। ਇਸ ਤੋਂ ਨਾਰਾਜ਼ ਹੋ ਕੇ ਬਲਵਿੰਦਰ ਬੈਂਸ ਨੇ ਪਾਰਟੀ ਨੂੰ ਟਿਕਟ ਵਾਪਸ ਕਰ ਦਿੱਤੀ ਅਤੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਮੈਦਾਨ 'ਚ ਉਤਰੇ, ਜਦੋਂ ਕਿ ਸਿਮਰਜੀਤ ਸਿੰਘ ਬੈਂਸ ਹਲਕਾ ਆਤਮਨਗਰ ਤੋਂ ਚੋਣ ਮੈਦਾਨ 'ਚ ਡਟ ਗਏ। ਇਸ ਦੌਰਾਨ ਦੋਹਾਂ ਭਰਾਵਾਂ ਨੇ ਜਿੱਤ ਦਰਜ ਕੀਤੀ। ਸਾਲ 2014 'ਚ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੜੇ। ਇਨ੍ਹਾਂ ਚੋਣਾਂ 'ਚ ਉਨ੍ਹਾਂ ਨੂੰ 2,10,917 ਵੋਟਾਂ ਪਈਆਂ ਅਤੇ ਉਹ ਚੌਥੇ ਨੰਬਰ 'ਤੇ ਰਹੇ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਰਵਨੀਤ ਬਿੱਟੂ, ਆਮ ਆਦਮੀ ਪਾਰਟੀ ਦੇ ਐੱਚ. ਐੱਸ. ਫੂਲਕਾ ਅਤੇ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਨਾਲ ਸੀ। ਇੱਥੇ ਖਾਸ ਗੱਲ ਇਹ ਹੈ ਕਿ ਬੈਂਸ ਪਿਛਲੀਆਂ ਚੋਣਾਂ 'ਚ ਇਕ ਮਾਤਰ ਆਜ਼ਾਦ ਉਮੀਦਵਾਰ ਸਨ, ਜਿਨ੍ਹਾਂ ਨੇ 2 ਲੱਖ ਤੋਂ ਜ਼ਿਆਦਾ ਵੋਟਾਂ ਹਾਸਲ ਕਰ ਲਈਆਂ ਸਨ।
2017 'ਚ ਜਿੱਤੀਆਂ ਵਿਧਾਨ ਸਭਾ ਚੋਣਾਂ
ਦੋਹਾਂ ਭਰਾਵਾਂ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਜਿੱਤ ਦਰਜ ਕੀਤੀ। ਹੁਣ ਸਿਮਰਜੀਤ ਸਿੰਘ ਬੈਂਸ ਦੂਜੀ ਵਾਰ ਲੋਕ ਸਭਾ ਚੋਣਾਂ ਲੜ ਰਹੇ ਹਨ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਵਲੋਂ ਰਵਨੀਤ ਸਿੰਘ ਬਿੱਟੂ ਚੋਣ ਲੜ ਰਹੇ ਹਨ, ਜਦੋਂ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਇਸ ਲੋਕ ਸਭਾ ਹਲਕੇ ਤੋਂ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।
ਟੁੱਟ ਰਿਹੈ ਬੈਂਸ ਦਾ ਧੜਾ
ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਕਿਸੇ ਸਮੇਂ ਸਿਆਸਤ 'ਚ ਕਾਫੀ ਤਾਕਤਵਰ ਮੰਨੇ ਜਾਂਦੇ ਸਨ। ਇਸ ਦਾ ਸਭ ਤੋਂ ਵੱਡਾ ਕਾਰਨ ਸੀ, ਉਨ੍ਹਾਂ ਦੇ ਦੋਸਤਾਂ ਦੀ ਫੌਜ। ਬੀਤੇ ਕੁਝ ਸਾਲਾਂ 'ਚ ਇਕ-ਇਕ ਕਰਕੇ ਉਨ੍ਹਾਂ ਦੇ ਸਾਥੀ ਉਨ੍ਹਾਂ ਦਾ ਸਾਥ ਛੱਡਦੇ ਗਏ, ਜਿਸ ਕਾਰਨ ਉਨ੍ਹਾਂ ਦਾ ਧੜਾ ਹੌਲੀ-ਹੌਲੀ ਕਰਕੇ ਟੁੱਟਦਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਸਾਬਕਾ ਕੌਂਸਲਰ ਜਗਵੀਰ ਸੇਖੋਂ ਨੇ ਉਨ੍ਹਾਂ ਦਾ ਸਾਥ ਛੱਡਿਆ ਅਤੇ ਅਕਾਲੀ ਦਲ 'ਚ ਸ਼ਾਮਲ ਹੋ ਗਏ। ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕੰਵਲਜੀਤ ਸਿੰਘ ਕੜਵਲ ਕਾਂਗਰਸ 'ਚ ਚਲੇ ਗਏ। ਨਿਗਮ ਚੋਣਾਂ ਦੌਰਾਨ ਸਾਬਕਾ ਕੌਂਸਲਰ ਰਹੇ ਪਰਮਿੰਦਰ ਵੀ ਕਾਂਗਰਸ ਦਾ ਹੱਥ ਫੜ੍ਹ ਚੁੱਕੇ ਹਨ। ਕੁਝ ਦਿਨ ਪਹਿਲਾਂ ਸਾਬਕਾ ਵਿਧਾਇਕ ਰਹੇ ਪ੍ਰੇਮ ਸਿੰਘ ਮਿੱਤਲ ਨੇ ਵੀ ਬੈਂਸ ਦਾ ਸਾਥ ਛੱਡ ਕੇ ਕਾਂਗਰਸ ਦਾ ਹੱਥ ਫੜ੍ਹ ਲਿਆ ਹੈ।
ਟਿਕਟ ਨੂੰ ਲੈ ਕੇ ਕੇ. ਪੀ. ਤੇ ਚੌਧਰੀ ਪਰਿਵਾਰ ਹੋਏ ਆਹਮੋ-ਸਾਹਮਣੇ
NEXT STORY