ਜਲੰਧਰ (ਚੋਪੜਾ)— ਕਾਂਗਰਸ ਹਾਈਕਮਾਨ ਵੱਲੋਂ ਟਿਕਟ ਨੂੰ ਲੈ ਕੇ ਉੱਠੇ ਬਵਾਲ ਉਪਰੰਤ ਜਲੰਧਰ ਲੋਕ ਸਭਾ ਹਲਕੇ ਦਾ ਮਾਮਲਾ ਰੀਵਿਊ 'ਚ ਪਾ ਦੇਣ ਨਾਲ ਕਾਂਗਰਸ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਸੰਤੋਖ ਚੌਧਰੀ ਨੂੰ ਟਿਕਟ ਦੇਣ ਉਪਰੰਤ ਟਿਕਟ ਦੇ ਹੋਰ ਦਾਅਵੇਦਾਰ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਨੇ ਬਗਾਵਤੀ ਰੁਖ ਅਪਣਾਉਂਦੇ ਹੋਏ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜਨ ਦੇ ਸੰਕੇਤ ਦੇ ਦਿੱਤੇ ਸਨ। ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਇਸ ਘਟਨਾਕ੍ਰਮ ਨਾਲ ਕੇ. ਪੀ. ਅਤੇ ਚੌਧਰੀ ਟਿਕਟ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ ਹਨ। ਸੰਸਦ ਮੈਂਬਰ ਚੌਧਰੀ ਨੇ ਡੈਮੇਜ ਕੰਟਰੋਲ ਕਰਨ ਨੂੰ ਆਪਣੇ ਵਿਰੋਧੀਆਂ ਨੂੰ ਮਨਾਉਣ ਦੀ ਦੌੜ ਤੇਜ਼ ਕਰ ਦਿੱਤੀ ਹੈ। ਉਥੇ ਹੀ ਮਹਿੰਦਰ ਕੇ. ਪੀ. ਨੇ ਟਿਕਟ ਦੇ ਰੀਵਿਊ ਹੋਣ ਨੂੰ ਦੇਖਦੇ ਹੋਏ ਚੰਡੀਗੜ੍ਹ ਅਤੇ ਦਿੱਲੀ ਦਾ ਰੁਖ ਕੀਤਾ ਹੈ, ਜਿਸ ਨਾਲ ਸੰਸਦ ਮੈਂਬਰ ਚੌਧਰੀ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।
ਬੀਤੇ ਦਿਨ ਕੇ. ਪੀ. ਨੇ ਐੱਸ. ਸੀ. ਕਮਿਸ਼ਨ ਦੇ ਸਾਬਕਾ ਵਾਈਸ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਨੇ ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਕਰੀਬ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਹੋਈ ਇਸ ਮੀਟਿੰਗ 'ਚ ਕੇ. ਪੀ. ਨੇ ਕੈਪਟਨ ਅਮਰਿੰਦਰ ਸਾਹਮਣੇ ਆਪਣਾ ਪੱਖ ਮਜ਼ਬੂਤੀ ਨਾਲ ਰੱਖਿਆ ਅਤੇ ਸੰਸਦ ਮੈਂਬਰ ਚੌਧਰੀ ਦੀਆਂ ਉਨ੍ਹਾਂ ਕਮਜ਼ੋਰੀਆਂ ਤੋਂ ਜਾਣੂ ਕਰਵਾਇਆ, ਜਿਸ ਨਾਲ ਪਾਰਟੀ ਨੂੰ ਚੋਣਾਂ 'ਚ ਨੁਕਸਾਨ ਚੁਕਣਾ ਪੈ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਮਾਮਲਿਆਂ ਦੀ ਮੁਖੀ ਆਸ਼ਾ ਕੁਮਾਰੀ ਨਾਲ ਵੀ ਕੇ. ਪੀ. ਨੂੰ ਮੁਲਾਕਾਤ ਕਰਨ ਲਈ ਕਿਹਾ, ਜਿਸ ਉਪਰੰਤ ਕੇ. ਪੀ. ਨੇ ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ। ਕੇ. ਪੀ. ਨੇ ਦੱਸਿਆ ਕਿ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ 11 ਅਪ੍ਰੈਲ ਨੂੰ ਹੋਣ ਵਾਲੀ ਸੀ. ਸੀ. ਦੀ ਬੈਠਕ ਵਿਚ ਉਨ੍ਹਾਂ ਦੀ ਗੱਲ ਰੱਖਣਗੇ। ਕੇ. ਪੀ. ਨੇ ਕਿਹਾ ਕਿ ਉਹ ਮੰਗਲਵਾਰ ਦੁਪਹਿਰ ਨੂੰ ਸੂਬਾ ਕਾਂਗਰਸ ਮੁਖੀ ਆਸ਼ਾ ਕੁਮਾਰੀ ਨਾਲ ਦਿੱਲੀ 'ਚ ਮੁਲਾਕਾਤ ਕਰਨਗੇ।

ਜ਼ਿਕਰਯੋਗ ਹੈ ਕਿ ਚੌਧਰੀ ਨੂੰ ਟਿਕਟ ਮਿਲਣ ਨਾਲ ਰੋਸ 'ਚ ਆਏ ਕੇ. ਪੀ. ਨੇ ਹਾਈਕਮਾਨ ਦੇ ਫੈਸਲੇ ਦਾ ਵਿਰੋਧ ਜਤਾਉਂਦੇ ਹੋਏ ਕਾਂਗਰਸ ਵੱਲੋਂ ਉਨ੍ਹਾਂ ਦਾ ਸਿਆਸੀ ਕਤਲ ਕਰਨ ਦਾ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਉਹ ਆਪਣੇ ਵਿਰੁੱਧ ਸਾਜ਼ਿਸ਼ ਰਚਣ ਵਾਲਿਆਂ ਨੂੰ ਕਦੇ ਵੀ ਬਖਸ਼ਣਗੇ ਨਹੀਂ। ਕੇ. ਪੀ. ਦੇ ਸਖਤ ਤੇਵਰ ਦੇਖਦੇ ਹੋਏ ਹਾਈਕਮਾਨ ਨੇ ਉਨ੍ਹਾਂ ਨੂੰ ਲਗਾਤਾਰ ਮਨਾਉਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਸੰਸਦ ਮੈਂਬਰ ਚੌਧਰੀ ਖੁਦ ਕੇ. ਪੀ. ਦੇ ਨਿਵਾਸ ਸਥਾਨ 'ਤੇ ਉਨ੍ਹਾਂ ਨੂੰ ਮਨਾਉਣ ਪਹੁੰਚੇ ਪਰ ਕੇ. ਪੀ. ਨੇ ਚੌਧਰੀ ਨੂੰ ਲੰਬੇ ਹੱਥੀਂ ਲੈਂਦੇ ਹੋਏ ਉਨ੍ਹਾਂ ਨੂੰ ਖੂਬ ਖਰੀ-ਖੋਟੀ ਸੁਣਾਈ, ਜਿਸ ਉਪਰੰਤ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਡਾ. ਰਾਜ ਕੁਮਾਰ ਵੇਰਕਾ ਸਹਿਤ ਹੋਰਾਂ ਨੇਤਾਵਾਂ ਨੇ ਵੀ ਕੋਸ਼ਿਸ਼ ਕੀਤੀ ਜੋ ਅਸਫਲ ਸਾਬਤ ਹੋਈ। ਕੇ. ਪੀ. ਨੇ ਹਰੇਕ ਨੇਤਾ ਸਾਹਮਣੇ ਆਪਣਾ ਸਟੈਂਡ ਕਲੀਅਰ ਕੀਤਾ ਕਿ ਜਲੰਧਰ ਤੋਂ ਸੀਟਿੰਗ ਐੱਮ. ਪੀ. ਰਹੇ ਹਨ। ਹਾਈਕਮਾਨ ਨੇ 2014 'ਚ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਚੋਣ ਲੜਨ ਲਈ ਕਿਹਾ ਅਤੇ ਉਨ੍ਹਾਂ ਨੇ ਹਾਈਕਮਾਨ ਦੇ ਹੁਕਮ ਨੂੰ ਮੰਨ ਲਿਆ। ਹੁਣ ਉਹ ਆਪਣੇ ਹੋਮ ਡਿਸਟ੍ਰਿਕਟ 'ਚ ਆਪਣਾ ਹੱਕ ਵਾਪਸ ਲੈਣਾ ਚਾਹੁੰਦੇ ਹਨ ਪਰ ਹਾਈਕਮਾਨ ਨੇ ਸਟਿੰਗ ਆਪਰੇਸ਼ਨ 'ਚ ਫਸਣ ਵਾਲੇ ਅਤੇ ਸਾਰੀਆਂ ਸਰਵੇ ਰਿਪੋਰਟਾਂ 'ਚ ਪੱਛੜਨ ਵਾਲੇ ਚੌਧਰੀ ਨੂੰ ਟਿਕਟ ਦੇ ਦਿੱਤੀ। ਕੇ. ਪੀ. ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਟਕਸਾਲੀ ਕਾਂਗਰਸੀ ਹੈ। ਪਿਤਾ ਨੇ ਅੱਤਵਾਦ ਦੇ ਖਿਲਾਫ ਲੜਾਈ ਲੜਦੇ ਹੋਏ ਆਪਣੀ ਜਾਨ ਨਿਛਾਵਰ ਕੀਤੀ ਸੀ ਪਰ ਪਾਰਟੀ ਹਾਈਕਮਾਨ ਨੇ ਸ਼ਹੀਦ ਪਰਿਵਾਰ ਨੂੰ ਇਕ ਸੀਟ ਤੋਂ ਵੀ ਕੱਟ ਦਿੱਤਾ, ਜਦਕਿ ਚੌਧਰੀ ਪਰਿਵਾਰ ਨੂੰ ਲੋਕ ਸਭਾ ਹਲਕਾ ਸਮੇਤ ਫਿਲੌਰ ਅਤੇ ਕਰਤਾਰਪੁਰ ਹਲਕੇ ਦੀਆਂ ਤਿੰਨ ਟਿਕਟਾਂ ਦੇ ਰੱਖੀਆਂ ਹਨ। ਕੇ. ਪੀ. ਦਾ ਗੁੱਸਾ ਕਾਫੀ ਹੱਦ ਤੱਕ ਉਨ੍ਹਾਂ ਨੂੰ ਮਨਾਉਣ ਆਏ ਕਾਂਗਰਸੀ ਨੇਤਾਵਾਂ ਨੇ ਜਾਇਜ਼ ਮੰਨਿਆ।
ਜਲੰਧਰ ਸੀਟ ਨੂੰ ਲੈ ਕੇ ਮਚਿਆ ਬਵਾਲ ਰਾਹੁਲ ਗਾਂਧੀ ਦੇ ਦਰਬਾਰ ਤੱਕ ਪਹੁੰਚ ਗਿਆ ਹੈ ਅਤੇ ਉਨ੍ਹਾਂ ਨੇ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਕੋਲੋਂ ਇਸ ਸੀਟ ਸਬੰਧੀ ਰਿਪੋਰਟ ਤਲਬ ਕਰ ਲਈ ਹੈ। ਹੁਣ ਕੇ. ਪੀ. ਨੂੰ ਵੀ ਦਿੱਲੀ ਬੁਲਾਇਆ ਜਾ ਚੁੱਕਾ ਹੈ ਅਤੇ 11 ਅਪ੍ਰੈਲ ਨੂੰ ਪੰਜਾਬ ਦੀਆਂ ਬਾਕੀ ਬਚੀਆਂ 4 ਹਲਕਿਆਂ ਨਾਲ ਸਬੰਧਤ ਸੂਚੀ ਨੂੰ ਫਾਈਨਲ ਕਰਨ ਲਈ ਨੈਸ਼ਨਲ ਸਕ੍ਰੀਨਿੰਗ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ। ਇਸੇ ਦਿਨ ਰੀਵਿਊ ਦੀ ਜਲੰਧਰ ਸੀਟ ਦਾ ਫਿਰ ਤੋਂ ਵਿਚਾਰ ਕਰਕੇ ਰੀਵਿਊ ਦਾ ਫੈਸਲਾ ਹੋਵੇਗਾ। ਹੁਣ ਦੇਖਣਾ ਹੈ ਕਿ ਹਾਈਕਮਾਨ ਕੇ. ਪੀ. ਚੌਧਰੀ ਦੇ ਜ਼ਰੀਏ ਪੈਦਾ ਹੋਏ ਵਿਵਾਦ ਨੂੰ ਕਿਸ ਤਰ੍ਹਾਂ ਹੱਲ ਕਰਦਾ ਹੈ।
ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਸੁਰਿੰਦਰ ਚੌਧਰੀ ਅਤੇ ਮੇਅਰ ਰਾਜਾ ਵੀ ਕੇ. ਪੀ. ਦੇ ਘਰ ਪਹੁੰਚੇ
ਕਾਂਗਰਸ ਹਾਈਕਮਾਨ ਵੱਲੋਂ ਜਲੰਧਰ ਸੀਟ ਨੂੰ ਰੀਵਿਊ ਕਰਨ ਦੇ ਮਾਮਲੇ ਉਪਰੰਤ ਬੀਤੇ ਦਿਨ ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਅਤੇ ਸੰਸਦ ਮੈਂਬਰ ਚੌਧਰੀ ਦੇ ਭਤੀਜੇ ਸੁਰਿੰਦਰ ਚੌਧਰੀ ਅਤੇ ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜਾ ਵੀ ਵੱਖ-ਵੱਖ ਮਹਿੰਦਰ ਸਿੰਘ ਕੇ. ਪੀ. ਦੇ ਨਿਵਾਸ ਸਥਾਨ 'ਤੇ ਪਹੁੰਚੇ ਪਰ ਕੇ. ਪੀ. ਦੇ ਸਵੇਰੇ ਹੀ ਚੰਡੀਗੜ੍ਹ ਦਿੱਲੀ ਰਵਾਨਾ ਹੋ ਜਾਣ ਕਾਰਨ ਉਨ੍ਹਾਂ ਨੂੰ ਮਿਲ ਨਾ ਸਕੇ। ਚਰਚਾ ਹੈ ਕਿ ਕੇ. ਪੀ. ਦੇ ਸਮਰਥਕਾਂ ਨੇ ਉਕਤ ਨੇਤਾਵਾਂ ਨੂੰ ਵੀ ਕੇ. ਪੀ. ਨਾਲ ਹੋਏ ਧੱਕੇ ਨੂੰ ਲੈ ਕੇ ਖਰੀਆਂ-ਖਰੀਆਂ ਸੁਣਾਈਆਂ।
ਕੇ. ਪੀ.-ਚੌਧਰੀ ਦੇ ਮਾਮਲੇ ਨੂੰ ਲੈ ਕੇ ਗਿਰੀਸ਼ ਗਰਗ ਜਲੰਧਰ ਪਹੁੰਚੇ
ਉਕਤ ਵਿਵਾਦ ਨੂੰ ਲੈ ਕੇ ਕਾਂਗਰਸ ਹਾਈਕਮਾਨ ਵੱਲੋਂ ਨਿਯੁਕਤ ਕੀਤੇ ਗਏ ਗਿਰੀਸ਼ ਗਰਗ ਵੀ ਜਲੰਧਰ ਪੁੱਜ ਗਏ ਹਨ। ਗਿਰੀਸ਼ ਗਰਗ ਨੇ ਜ਼ਿਲਾ ਕਾਂਗਰਸ ਸ਼ਹਿਰ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਅਤੇ ਜ਼ਿਲੇ ਨਾਲ ਸਬੰਧਤ ਕਈ ਅਹੁਦੇਦਾਰਾਂ ਨੂੰ ਮਿਲ ਕੇ ਟਿਕਟ ਨੂੰ ਲੈ ਕੇ ਉਠੇ ਵਿਵਾਦ 'ਤੇ ਆਪਣੀ ਰਾਏ ਲਈ। ਇਸ ਦੌਰਾਨ ਗਰਗ ਕੇ. ਪੀ. ਦੇ ਨਿਵਾਸ ਸਥਾਨ 'ਤੇ ਵੀ ਗਏ ਪਰ ਕੇ. ਪੀ. ਦੇ ਚੰਡੀਗੜ੍ਹ ਹੋਣ ਕਾਰਨ ਉਹ ਉਸ ਨੂੰ ਮਿਲ ਨਾ ਸਕੇ। ਗਰਗ ਨੇ ਬੀਤੇ ਦਿਨ ਜ਼ਿਲੇ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰਕੇ ਆਪਣੀ ਸਮੁੱਚੀ ਰਿਪੋਰਟ ਹਾਈਕਮਾਨ ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ 'ਚ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਜੇਕਰ ਕੇ. ਪੀ. ਨੇ ਹਾਈਕਮਾਨ ਤੋਂ ਆਪਣੀ ਮੰਗ ਰੱਖੀ ਹੈ ਤਾਂ ਇਹ ਉਨ੍ਹਾਂ ਦਾ ਅਧਿਕਾਰ ਖੇਤਰ ਹੈ।
'ਬਲੈਕਮੇਲਰ' ਕਹਿਣ 'ਤੇ ਬੈਂਸ ਦੀ ਮਜੀਠੀਆ ਨੂੰ ਲਲਕਾਰ (ਵੀਡੀਓ)
NEXT STORY