ਜਲੰਧਰ/ਖਟਕੜਕਲਾਂ (ਧਵਨ)— ਸਾਬਕਾ ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਹਮਲਾ ਬੋਲਦਿਆਂ ਦੋਸ਼ ਲਗਾਇਆ ਹੈ ਕਿ ਉਹ ਸ਼ਹੀਦ ਪਰਿਵਾਰਾਂ ਦਾ ਮਜ਼ਾਕ ਬਣਾ ਰਹੇ ਹਨ। ਉਨ੍ਹਾਂ ਮੋਦੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਬਾਰੇ ਮਾੜੀ ਸ਼ਬਦਾਵਲੀ ਵਰਤਣ 'ਤੇ ਮੋਦੀ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਦੇਸ਼ ਦੀ ਜਨਤਾ ਜਾਣਦੀ ਹੈ ਕਿ ਸ਼ਹੀਦ ਪਰਿਵਾਰਾਂ ਨੇ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਚਾਉਣ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਵਿਚ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਨੇ ਆਪਣੀ ਕੁਰਬਾਨੀ ਦਿੱਤੀ। ਮੋਦੀ ਨੂੰ ਇਨ੍ਹਾਂ ਕੁਰਬਾਨੀਆਂ ਦਾ ਅਹਿਸਾਸ ਨਹੀਂ ਹੈ ਕਿਉਂਕਿ ਉਹ ਸਿਆਸੀ ਰੋਟੀਆਂ ਸੇਕਣ 'ਚ ਲੱਗੇ ਹਨ।
ਮੁਨੀਸ਼ ਤਿਵਾੜੀ ਨੇ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਕਿਹਾ ਕਿ ਪੂਰੇ ਦੇਸ਼ 'ਚ ਕਾਂਗਰਸ ਦੇ ਪੱਖ 'ਚ ਹਵਾ ਚੱਲ ਰਹੀ ਹੈ, ਜਿਸ ਨਾਲ ਪ੍ਰਧਾਨ ਮੰਤਰੀ ਮੋਦੀ ਬੌਖਲਾ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਦੇ ਬਿਆਨਾਂ ਤੋਂ ਉਨ੍ਹਾਂ ਦੀ ਨਿਰਾਸ਼ਾ ਸਾਫ ਝਲਕਦੀ ਹੈ। ਉਨ੍ਹਾਂ ਕਿਹਾ ਕਿ ਉਹ ਵੀ ਸ਼ਹੀਦ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਸਵ. ਪ੍ਰੋ. ਤਿਵਾੜੀ ਨੇ ਵੀ ਅੱਤਵਾਦ ਖਿਲਾਫ ਜੰਗ ਲੜਦਿਆਂ ਆਪਣੀ ਸ਼ਹਾਦਤ ਦਿੱਤੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਅੰਮ੍ਰਿਤ ਕੌਰ ਤਿਵਾੜੀ ਨੇ ਲੋਕ ਸੇਵਾ 'ਚ ਆਪਣਾ ਜੀਵਨ ਲਾ ਦਿੱਤਾ। ਉਹ ਪੀ. ਜੀ. ਆਈ. ਵਿਚ ਡਾਇਰੈਕਟਰ ਤੇ ਡਾਕਟਰ ਦੇ ਅਹੁਦੇ 'ਤੇ ਤਾਇਨਾਤ ਸੀ। ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦੇ ਨਾਨਾ ਤੀਰਥ ਸਿੰਘ ਗੁਰਮ ਨੇ ਵੀ ਪੰਜਾਬ ਦੀ ਪੂਰੀ ਸੇਵਾ ਕੀਤੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਉਹ ਪੰਜਾਬ 'ਚ ਵੱਖ-ਵੱਖ ਮੰਤਰੀਆਂ ਦੇ ਅਹੁਦਿਆਂ 'ਤੇ ਕੰਮ ਕਰਦੇ ਰਹੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿਵਾੜੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਨੌਜਵਾਨਾਂ ਦੀ ਪੰਜਾਬ ਨੂੰ ਲੋੜ ਹੈ। ਉਨ੍ਹਾਂ ਕਿਹਾ ਕਿ ਤਿਵਾੜੀ ਨੇ ਪੰਜਾਬ ਨਾਲ ਜੁੜੇ ਮਸਲੇ ਹਮੇਸ਼ਾਂ ਰਾਸ਼ਟਰੀ ਪੱਧਰ 'ਤੇ ਉਠਾਏ ਹਨ, ਜਦੋਂਕਿ ਅਕਾਲੀ ਦਲ ਦੇ ਮੌਜੂਦਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਤਾਂ ਸੰਸਦ ਵਿਚ ਪੰਜਾਬ ਦਾ ਇਕ ਵੀ ਮਸਲਾ ਨਹੀਂ ਉਠਾ ਸਕੇ।
ਬਠਿੰਡਾ ਦੀ ਧੀ ਨੇ ਛੂਹੀਆਂ ਸਿਖਰਾਂ, 500 'ਚੋਂ 499 ਅੰਕ ਕੀਤੇ ਹਾਸਲ
NEXT STORY