ਹੁਸ਼ਿਆਰਪੁਰ— ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਦੇ ਹੱਕ 'ਚ ਰੱਖੀ ਗਈ ਰੈਲੀ ਨੂੰ ਸੰਬੋਧਨ ਕਰਨ ਲਈ ਅੱਜ ਕਾਂਗਰਸ ਹਾਈਕਮਾਨ ਰਾਹੁਲ ਗਾਂਧੀ ਇਥੇ ਆ ਰਹੇ ਹਨ। ਦੱਸ ਦੇਈਏ ਕਿ 10 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੁਸ਼ਿਆਰਪੁਰ ਦੀ ਰੌਸ਼ਨ ਗਰਾਊਂਡ 'ਚ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ 'ਚ ਗਰਜੇ ਸਨ, ਅੱਜ ਉਸੇ ਸਥਾਨ 'ਤੇ ਰਾਹੁਲ ਗਾਂਧੀ ਰਾਜ ਕੁਮਾਰ ਦੇ ਹੱਕ 'ਚ ਗਰਜਣਗੇ। ਰਾਹੁਲ ਗਾਂਧੀ ਸਮੇਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸੀ ਮੰਤਰੀ ਅਤੇ ਵਿਧਾਇਕ ਵੀ ਪਹੁੰਚਣਗੇ।
ਦੱਸ ਦੇਈਏ ਕਿ 10 ਮਈ ਨੂੰ ਪੰਡਾਲ ਕੇਸਰੀਆ ਰੰਗ 'ਚ ਰੰਗਿਆ ਸੀ ਅਤੇ ਹੁਣ ਕਾਂਗਰਸੀ ਝੰਡੇ ਦੇ ਰੰਗ ਨਾਲ ਸਜ ਗਿਆ ਹੈ। ਕੁਰਸੀਆਂ ਤੋਂ ਅਕਾਲੀ-ਭਾਜਪਾ ਆਗੂਆਂ ਦੀਆਂ ਨੇਮ ਸਲੀਪਾਂ ਉਖਾੜ ਕੇ ਉਨ੍ਹਾਂ ਦੀ ਥਾਂ ਕਾਂਗਰਸੀ ਆਗੂਆਂ ਦੇ ਨਾਂ ਚਿਪਕਾਏ ਗਏ ਹਨ। ਇਸ ਦੌਰਾਨ ਸੁੱਰਖਿਆ ਨੂੰ ਦੇਖਦੇ ਹੋਏ ਕਰੀਬ 4 ਹਜ਼ਾਰ ਪੁਲਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਅੱਜ ਕਾਂਗਰਸ ਦੀ ਰੈਲੀ ਦੁਪਹਿਰ ਨੂੰ ਸ਼ੁਰੂ ਹੋਵੇਗੀ ਜੋਕਿ ਸ਼ਾਮ ਤੱਕ ਚੱਲੇਗੀ। ਪੁਲਸ ਲਾਈਨ 'ਚ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਉਤਰਣਗੇ, ਜਿਸ ਤੋਂ ਬਾਅਦ ਰੌਸ਼ਨ ਗਰਾਊਂਡ ਪਹੁੰਚਣਗੇ। ਅਗਲੇ ਤਿੰਨ ਦਿਨਾਂ ਤੱਕ ਰਾਹੁਲ ਗਾਂਧੀ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸਮੇਤ ਹੋਰ ਆਗੂ ਸੂਬੇ 'ਚ ਰੈਲੀਆਂ ਅਤੇ ਰੋਡ ਸ਼ੋਅ ਕਰਕੇ ਕਾਂਗਰਸ ਦੇ ਹੱਕ 'ਚ ਮਾਹੌਲ ਬਣਾਉਣ ਲਈ ਪੂਰੀ ਵਾਹ ਲਗਾਉਣਗੇ।
ਜ਼ਿਕਰਯੋਗ ਹੈ ਕਿ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ 'ਚ ਕਰੀਬ 11 ਹਜ਼ਾਰ ਪਾਰਟੀ ਵਰਕਰ ਪਹੁੰਚੇ ਸਨ। ਹੁਣ ਦੇਖਣਾ ਹੈ ਕਿ ਕਾਂਗਰਸ ਪਾਰਟੀ ਉਨ੍ਹਾਂ ਨੂੰ ਮਾਤ ਦੇਣ ਲਈ ਵਰਕਰਾਂ ਦੀ ਗਿਣਤੀ ਨੂੰ ਕਿਸ ਤਰ੍ਹਾਂ ਵਧਾ ਕੇ ਸ਼ਕਤੀ ਪ੍ਰਦਰਸ਼ਨ ਕਰੇਗੀ।
ਜਦੋਂ ਰਾਹੁਲ ਗਾਂਧੀ ਲਈ 'ਮਜ਼ਦੂਰਾਂ' ਨੇ ਖਤਰੇ 'ਚ ਪਾਈ ਜਾਨ...
NEXT STORY