ਜਲੰਧਰ (ਵੈੱਬ ਡੈਸਕ) : ਪੰਜਾਬ ਵਿਚ 19 ਮਈ ਨੂੰ ਪੈਣ ਵਾਲੀਆਂ ਲੋਕ ਸਭਾ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਪੂਰਾ ਸ਼ਡਿਊਲ ਜਾਰੀ ਕੀਤਾ ਗਿਆ ਹੈ। 22 ਅਪ੍ਰੈਲ ਤੋਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾ ਦੌਰ ਵੀ ਸ਼ੁਰੂ ਹੋ ਜਾਵੇਗਾ ਅਤੇ ਉਮੀਦਵਾਰਾਂ ਕੋਲ ਕਾਗ਼ਜ਼ ਦਾਖ਼ਲ ਕਰਨ ਲਈ 29 ਅਪ੍ਰੈਲ ਆਖ਼ਰੀ ਦਿਨ ਹੋਵੇਗਾ। ਸੂਬੇ ਦੇ ਸਾਰੇ ਹਲਕਿਆਂ ਵਿਚ ਉਮੀਦਵਾਰਾਂ ਦੀ ਨਾਮਜ਼ਦਗੀ ਸਬੰਧੀ ਚੋਣ ਕਮਿਸ਼ਨ ਵੱਲੋਂ ਪੂਰੀ ਤਿਆਰੀ ਹੋ ਚੁੱਕੀ ਹੈ। ਉਮੀਦਵਾਰ 22 ਅਪ੍ਰੈਲ ਤੋਂ ਆਪਣੇ ਹਲਕੇ ਦੇ ਰਿਟਰਨਿੰਗ ਅਫ਼ਸਰ ਕੋਲ ਸਵੇਰੇ 11 ਤੋਂ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਸਕਣਗੇ। ਉਮੀਦਵਾਰਾਂ ਕੋਲ ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਰੀਕ 2 ਮਈ ਹੋਵੇਗੀ।
ਪੰਜਾਬ ਵਿਚ 7ਵੇਂ ਗੇੜ ਤਹਿਤ 19 ਮਈ ਨੂੰ ਵੋਟਿੰਗ ਹੋਵੇਗੀ। ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਰਹੇਗਾ ਤੇ ਵੋਟਾਂ ਦੀ ਗਿਣਤੀ ਤੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਮੁਤਾਬਕ ਪੰਜਾਬ ਵਿਚ ਕੁੱਲ ਵੋਟਰ 2 ਕਰੋੜ, 3 ਲੱਖ 74 ਹਜ਼ਾਰ 357 ਹਨ। ਜਿਨ੍ਹਾਂ ਮਰਦਾਂ ਦੀ ਗਿਣਤੀ 1 ਕਰੋੜ, 7 ਲੱਖ, 54 ਹਜ਼ਾਰ 157 ਤੇ ਔਰਤਾਂ ਦੀ ਗਿਣਤੀ 96 ਲੱਖ,19 ਹਜ਼ਾਰ, 711 ਹੈ ਅਤੇ 507 ਥਰਡ ਜੈਂਡਰ ਹੈ।
ਚੋਣ ਕਮਿਸ਼ਨ ਮੁਤਾਬਕ ਪੰਜਾਬ ਵਿਚ 14 ਹਜ਼ਾਰ 460 ਪੋਲਿੰਗ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਵਿਚ 23 ਹਜ਼ਾਰ 213 ਪੋਲਿੰਗ ਬੂਥ ਹਨ। ਇਨ੍ਹਾਂ ਵਿਚੋਂ 719 ਸੰਵੇਦਨਸ਼ੀਲ ਤੇ 509 ਅਤਿ-ਸੰਵੇਦਨਸ਼ੀਲ ਬੂਥ ਹਨ। ਇਸ ਵਾਰ ਚੋਣ ਕਮਿਸ਼ਨ ਵੱਲੋਂ 12 ਹਜ਼ਾਰ 2 ਵੈੱਬ-ਕਾਸਟਿੰਗ ਬੂਥ ਵੀ ਬਣਾਏ ਗਏ ਹਨ।
ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਵਿਕਾਸ 'ਚ ਨਹੀਂ ਛੱਡੀ ਜਾਵੇਗੀ ਕੋਈ ਕਸਰ : ਮੁਨੀਸ਼ ਤਿਵਾੜੀ
NEXT STORY