ਬਠਿੰਡਾ (ਸੁਖਵਿੰਦਰ) : ਸਾਧੂ ਦੇ ਭੇਸ ’ਚ ਆਇਆ ਇਕ ਲੁਟੇਰਾ ਦੁਕਾਨਦਾਰ ਦੇ ਹੱਥ ’ਚ ਪਾਇਆ ਲੱਖਾਂ ਰੁਪਏ ਦੇ ਸੋਨੇ ਦਾ ਕੜਾ ਲੁੱਟ ਕੇ ਫ਼ਰਾਰ ਹੋ ਗਿਆ। ਜਾਣਕਾਰੀ ਦਿੰਦਿਆਂ ਦੁਕਾਨਦਾਰ ਜਤਿੰਦਰ ਜੈਨ ਵਾਸੀ ਮਿੰਨੀ ਸਕੱਤਰੇਤ ਰੋਡ ਨੇ ਦੱਸਿਆ ਕਿ ਉਹ ਮਿੰਨੀ ਸਕੱਤਰੇਤ ਰੋਡ ’ਤੇ ਦੁਕਾਨ ਕਰਦਾ ਹੈ। ਉਸ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਉਹ ਹਾਜੀਰਤਨ ਨਜ਼ਦੀਕ ਕਾਰ ਵਾਸ਼ ਕਰਵਾਉਣ ਲਈ ਗਿਆ ਸੀ। ਲਾਲ ਬੱਤੀ ਹੋਣ ’ਤੇ ਜਦੋਂ ਉਹ ਹਾਜੀਰਤਨ ਚੌਂਕ ’ਚ ਰੁਕਿਆ ਤਾਂ ਸਾਧੂ ਦੇ ਭੇਸ ’ਚ ਇਕ ਵਿਅਕਤੀ ਉਸਦੀ ਕਾਰ ਕੋਲ ਆਇਆ ਅਤੇ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਪਰ ਹਰੀ ਬੱਤੀ ਹੋਣ ’ਤੇ ਉਹ ਕਾਰ ਲੈ ਕੇ ਚਲਾ ਗਿਆ।
ਸਰਵਿਸ ਸਟੇਸ਼ਨ ਬੰਦ ਹੋਣ ਕਾਰਨ ਉਸ ਨੂੰ ਤੁਰੰਤ ਮੁੜਨਾ ਪਿਆ, ਜਦੋਂ ਉਹ ਫਿਰ ਹਾਜੀਰਤਨ ਦੀਆਂ ਬੱਤੀਆਂ ’ਤੇ ਪਹੁੰਚਿਆ ਤਾਂ ਸਾਧੂ ਉੱਥੇ ਸੀ। ਇਸ ਦੌਰਾਨ ਇਕ ਮੋਟਰਸਾਈਕਲ ’ਤੇ ਸਵਾਰ ਔਰਤ ਅਤੇ ਵਿਅਕਤੀ ਵੀ ਉਸ ਕੋਲ ਆਏ ਅਤੇ ਸਾਧੂ ਦੀ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ। ਸਾਧੂ ਵੱਲੋਂ ਜਤਿੰਦਰ ਜੈਨ ਨੂੰ 10 ਰੁਪਏ ਵਿਚ ਲਪੇਟ ਕੇ ਕੁੱਝ ਸਮਾਨ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਕੁੱਝ ਵੀ ਪਤਾ ਨਹੀਂ ਲੱਗਾ। ਉਕਤ ਮੁਲਜ਼ਮ ਦੇ ਕਹਿਣ ’ਤੇ ਜਤਿੰਦਰ ਜੈਨ ਵੱਲੋਂ ਆਪਣੇ ਹੱਥ ’ਚ ਪਾਇਆ ਸੋਨੇ ਦਾ ਕੜਾ ਅਤੇ ਮੁੰਦਰੀ ਉਸ ਨੂੰ ਉਤਾਰ ਕੇ ਦੇ ਦਿੱਤੀ ਅਤੇ ਉਹ ਸਾਰੇ ਚਲੇ ਗਏ।
ਉਸ ਨੇ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਉਸ ਨੂੰ ਆਪਣੇ ਵਸ ਵਿਚ ਕਰ ਕੇ ਉਸ ਨੂੰ ਲੁੱਟਿਆ ਗਿਆ। ਉਨ੍ਹਾਂ ਕਿਹਾ ਕਿ ਉਕਤ ਸੋਨੇ ਦੀ ਕੀਮਤ 5 ਲੱਖ ਦੇ ਕਰੀਬ ਹੈ। ਬੱਸ ਸਟੈਂਡ ਚੌਂਕੀ ਦੇ ਏ. ਐੱਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਸ਼ਿਕਾਇਤ ਦਰਜ ਕਰ ਕੇ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਅੱਜ ਤੋਂ ਸਮੂਹਿਕ ਛੁੱਟੀ 'ਤੇ ਮੁਲਾਜ਼ਮ, ਪੰਜਾਬੀਆਂ ਲਈ ਅਗਲੇ 3 ਦਿਨ ਬੇਹੱਦ ਔਖੇ
NEXT STORY