ਲੁਧਿਆਣਾ (ਰਾਜ) : ਇੱਥੇ ਐੱਮ. ਜੇ. ਕੇ. ਨਗਰ 'ਚ ਘਰ ਦੇ ਬਾਹਰ ਮੋਬਾਇਲ ’ਤੇ ਗੱਲ ਕਰ ਰਹੇ ਨੌਜਵਾਨ ਨੂੰ ਬੁਲੇਟ ਮੋਟਰਸਾਈਕਲ ’ਤੇ ਆਏ 2 ਨੌਜਵਾਨਾਂ ਨੇ ਘੇਰ ਲਿਆ। ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਨੌਜਵਾਨ ਤੋਂ ਮੋਬਾਇਲ ਤੇ ਨਕਦੀ ਲੁੱਟਣੀ ਚਾਹੀ ਪਰ ਲੋਕਾਂ ਦੇ ਇਕੱਠੇ ਹੋਣ ’ਤੇ ਲੁਟੇਰੇ ਆਪਣਾ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ। ਕੁੱਝ ਦੇਰ ਬਾਅਦ ਲੁਟੇਰੇ ਆਪਣੇ ਹੋਰ ਸਾਥੀਆਂ ਨਾਲ ਬੁਲੇਟ ਲੈਣ ਆਏ ਤਾਂ ਲੋਕਾਂ ਨੇ ਉਨ੍ਹਾਂ ਨੂੰ ਫਿਰ ਫੜ੍ਹਨ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਆਪਣੀ ਇਕ ਐਕਟਿਵਾ ਛੱਡ ਗਏ। ਐਕਟਿਵਾ ਬਿਨਾਂ ਨੰਬਰ ਪਲੇਟ ਦੀ ਸੀ।
ਫਿਲਹਾਲ ਪੁਲਸ ਨੇ ਦੋਵੇਂ ਵਾਹਨ ਕਬਜ਼ੇ 'ਚ ਲੈ ਲਏ ਹਨ। ਜਾਣਕਾਰੀ ਦਿੰਦਿਆਂ ਪੀੜਤ ਅਨਿਲ ਨੇ ਦੱਸਿਆ ਕਿ ਉਹ ਰੋਟੀ ਖਾਣ ਤੋਂ ਬਾਅਦ ਰਾਤ ਲਗਭਗ ਸਾਢੇ 10 ਵਜੇ ਘਰ ਦੇ ਬਾਹਰ ਆਪਣੇ ਦੋਸਤ ਨਾਲ ਗੱਲ ਕਰਦਾ ਹੋਇਆ ਟਹਿਲ ਰਿਹਾ ਸੀ। ਇਸ ਦੌਰਾਨ ਬੁਲੇਟ ਮੋਟਰਸਾਈਕਲ ’ਤੇ 2 ਨੌਵਜਾਨ ਆਏ ਅਤੇ ਉਸ ਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਵਿਰੋਧ ਕਰਨ ’ਤੇ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਰੌਲਾ ਸੁਣ ਲੋਕ ਇਕੱਠੇ ਹੋ ਗਏ ਤਾਂ ਮੁਲਜ਼ਮ ਭੱਜ ਗਏ। ਇਸ ਤੋਂ ਬਾਅਦ ਅਨਿਲ ਨੇ ਪੁਲਸ ਕੰਟਰੋਲ ਰੂਮ ’ਤੇ ਫੋਨ ਕਰ ਕੇ ਘਟਨਾ ਬਾਰੇ ਦੱਸਿਆ।
ਅਜੇ ਪੁਲਸ ਦੇ ਆਉਣ ਦੀ ਉਡੀਕ ਹੀ ਕੀਤੀ ਜਾ ਰਹੀ ਸੀ ਕਿ ਇੰਨੇ 'ਚ ਮੁਲਜ਼ਮ ਫਿਰ ਤੋਂ ਆਪਣੇ ਸਾਥੀਆਂ ਨਾਲ ਬੁਲੇਟ ਮੋਟਰਸਾਈਕਲ ਲੈਣ ਲਈ ਆ ਗਏ। ਉਨ੍ਹਾਂ ਨੇ ਸਾਰਿਆਂ ਨੂੰ ਧਮਕਾਇਆ ਅਤੇ ਤੇਜ਼ਧਾਰ ਹਥਿਆਰ ਲਹਿਰਾਏ ਪਰ ਲੋਕ ਡਰਨ ਦੀ ਬਜਾਏ ਉਨ੍ਹਾਂ ਨੂੰ ਫੜ੍ਹਨ ਦੌੜ ਪਏ। ਇਹ ਦੇਖ ਕੇ ਮੁਲਜ਼ਮ ਭੱਜ ਗਏ ਅਤੇ ਇਕ ਐਕਟਿਵਾ ਉੱਥੇ ਛੱਡ ਗਏ। ਇਸ ਦੌਰਾਨ ਥਾਣਾ ਡਾਬਾ ਦੇ ਏ. ਐੱਸ. ਆਈ. ਨਵੀਨ ਕੁਮਾਰ ਮੌਕੇ ’ਤੇ ਪੁੱਜ ਗਏ। ਫਿਲਹਾਲ ਪੁਲਸ ਨੇ ਬੁਲੇਟ ਮੋਟਰਸਾਈਕਲ ਅਤੇ ਐਕਟਿਵਾ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੀ. ਬੀ. ਆਈ. ਇੰਸਪੈਕਟਰ ਦੱਸ ਕੇ ਦਿੱਤਾ ਨੌਕਰੀ ਦਾ ਝਾਂਸਾ, 5 ਲੱਖ 40 ਹਜ਼ਾਰ ਠੱਗੇ
NEXT STORY