ਲੁਧਿਆਣਾ (ਰਾਜ): ਲੁਧਿਆਣਾ ਸ਼ਹਿਰ ਵਿਚ ਵੱਡੇ ਉਦਯੋਗਾਂ ਦੇ ਹੋਣ ਕਾਰਨ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚੋਂ ਲੋਕ ਆਪਣੀ ਮਿਹਨਤ ਮਜ਼ਦੂਰੀ ਕਰਨ ਲਈ ਆਉਂਦੇ ਹਨ ਅਤੇ ਆਪਣੀ ਲੋੜ ਮੁਤਾਬਕ ਮਿਹਨਤ ਅਤੇ ਜਜ਼ਬੇ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ, ਪਰ ਪਿਛਲੇ ਕੁਝ ਸਮੇਂ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕਈ ਸ਼ਰਾਰਤੀ ਅਨਸਰ ਉਨ੍ਹਾਂ ਦੇ ਮੋਬਾਇਲ ਫੋਨ ਖੋਹ ਕੇ ਲੈ ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਵਿੱਤੀ ਨੁਕਸਾਨ ਤੋਂ ਇਲਾਵਾ ਕਾਫ਼ੀ ਪ੍ਰੇਸ਼ਾਨੀ ਵੀ ਸਹਿਣੀ ਪੈਂਦੀ ਹੈ।
ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਸ ਕਮਿਸ਼ਨ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰੁਪਿੰਦਰ ਸਿੰਘ ਅਡੀਸ਼ਨਲ ਕਮਿਸ਼ਨਰ ਪੁਲਸ ਲੁਧਿਆਣਾ, ਹਰਪਾਲ ਸਿੰਘ ਡਿਪਟੀ ਕਮਿਸ਼ਨਰ ਪੁਲਸ ਇਨਵੈਸਟੀਗੇਸ਼ਨ, ਅਮਨਦੀਪ ਸਿੰਘ ਬਰਾੜ PPS ਵਧੀਕ ਡਿਪਟੀ ਕਮਿਸ਼ਨਰ ਪੁਲਸ ਇਨਵੈਸਟੀਗੇਸ਼ਨ ਅਤੇ ਸਮੂਹ ADCP ਜੋਨਲ ਲੁਧਿਆਣਾ ਜੀ ਦੀ ਯੋਗ ਅਗਵਾਈ ਵਿਚ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਪਬਲਿਕ ਦੇ ਗੁੰਮ ਹੋਏ ਮੋਬਾਇਲ ਫੋਨ ਟੈਕਨੀਕਲ ਢੰਗ ਨਾਲ ਟ੍ਰੇਸ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਏ ਅਤੇ ਇਨ੍ਹਾਂ ਗੁੰਮ ਹੋਏ/ਖੋਹੇ ਗਏ 369 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ।
ਪੁਲਸ ਨੇ ਇਨ੍ਹਾਂ ਮੋਬਾਈਲ ਫ਼ੋਨਾਂ ਨੂੰ ਅੱਜ ਵਾਰਸਾਂ ਦੇ ਹਵਾਲੇ ਕਰ ਦਿੱਤਾ। ਆਪਣੇ ਖੋਹੇ ਗਏ ਤੇ ਗੁੰਮ ਹੋਏ ਮੋਬਾਈਲ ਫ਼ੋਨ ਵਾਪਸ ਮਿਲਣ 'ਤੇ ਲੋਕਾਂ ਨੂੰ ਕਾਫ਼ੀ ਖੁਸ਼ੀ ਮਹਿਸੂਸ ਹੋਈ ਤੇ ਪੁਲਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਦੋਂ ਕਿਸੇ ਵੀ ਵਿਅਕਤੀ ਦਾ ਮੋਬਾਇਲ ਫੋਨ ਗੁੰਮ ਹੁੰਦਾ ਹੈ ਤਾਂ ਉਸ ਦੀ ਇਤਲਾਹ ਆਪਣੇ ਨੇੜੇ ਦੇ ਪੁਲਸ ਸਟੇਸ਼ਨ ਜਾਂ ਸਾਂਝ ਕੇਂਦਰ ਵਿਚ ਜ਼ਰੂਰ ਦਿੱਤੀ ਜਾਵੇ ਤਾਂ ਜੋ ਸ਼ਰਾਰਤੀ ਅਨਸਰ ਇਨ੍ਹਾਂ ਮੋਬਾਇਲ ਫੋਨਾਂ ਦਾ ਗਲਤ ਇਸਤੇਮਾਲ ਨਾ ਕਰ ਸਕਣ।
ਜਲੰਧਰ ਦੇ ਮਸ਼ਹੂਰ ਸ਼ੋਅਰੂਮ 'ਤੇ ਚੱਲੀਆਂ ਗੋਲ਼ੀਆਂ! ਪਈਆਂ ਭਾਜੜਾਂ
NEXT STORY