ਨੂਰਪੁਰਬੇਦੀ (ਭੰਡਾਰੀ) : ਨੂਰਪੁਰਬੇਦੀ ਸ਼ਹਿਰ ’ਚ ਟਰਾਂਸਫਾਰਮਰ ਦੀ ਮੁਰੰਮਤ ਦੌਰਾਨ ਕਰੰਟ ਲੱਗਣ ਕਾਰਨ ਗੰਭੀਰ ਰੂਪ ’ਚ ਜ਼ਖ਼ਮੀ ਹੋਇਆ ਪਾਵਰਕਾਮ ਵਿਭਾਗ ਦਾ ਨੌਜਵਾਨ ਲਾਈਨਮੈਨ ਜਤਿੰਦਰ ਕੁਮਾਰ ਉਰਫ਼ ਬੰਟੀ ਆਖਿਰਕਾਰ 10 ਦਿਨਾਂ ਤੱਕ ਜ਼ਿੰਦਗੀ ਨਾਲ ਜੰਗ ਲੜਨ ਤੋਂ ਬਾਅਦ ਬੀਤੀ ਰਾਤ ਦਮ ਤੋੜ ਗਿਆ। ਉਹ ਪੀ.ਜੀ.ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸੀ। ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਨੂਰਪੁਰਬੇਦੀ ਬੱਸ ਸਟੈਂਡ ਨੇੜੇ ਲੱਗੇ ਟਰਾਂਸਫਾਰਮਰ ਦੀ ਮੁਰੰਮਤ ਦੌਰਾਨ ਜਤਿੰਦਰ ਕੁਮਾਰ ਉਰਫ਼ ਬੰਟੀ, ਟਰਾਂਸਫਾਰਮਰ ਉੱਪਰ ਚੜ੍ਹ ਕੇ ਕੰਮ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਨੂੰ ਜ਼ੋਰਦਾਰ ਕਰੰਟ ਲੱਗ ਗਿਆ, ਜਿਸ ਕਾਰਨ ਉਹ ਟਰਾਂਸਫਾਰਮਰ ਤੋਂ ਹੇਠਾਂ ਡਿੱਗ ਪਿਆ ਅਤੇ ਬੁਰੀ ਤਰ੍ਹਾਂ ਝੁਲਸ ਗਿਆ। ਘਟਨਾ ਤੋਂ ਤੁਰੰਤ ਬਾਅਦ ਸਾਥੀ ਮੁਲਾਜ਼ਮਾਂ ਵੱਲੋਂ ਉਸ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਲਿਜਾਇਆ ਗਿਆ, ਜਿੱਥੋਂ ਮੁੱਢਲੇ ਇਲਾਜ ਉਪਰੰਤ ਉਸ ਨੂੰ ਰੂਪਨਗਰ ਅਤੇ ਫਿਰ ਪੀ.ਜੀ.ਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ।
ਪਿਛਲੇ ਕੁਝ ਦਿਨਾਂ ਦੌਰਾਨ ਉਸ ਦੀ ਸਿਹਤ ’ਚ ਕਾਫੀ ਸੁਧਾਰ ਹੋ ਰਿਹਾ ਸੀ ਅਤੇ ਪਰਿਵਾਰ ਨੂੰ ਉਸ ਦੇ ਠੀਕ ਹੋਣ ਦੀ ਉਮੀਦ ਬੱਝ ਗਈ ਸੀ ਪਰ ਦੇਰ ਰਾਤ ਅਚਾਨਕ ਤਬੀਅਤ ਵਿਗੜਨ ’ਤੇ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਜਤਿੰਦਰ ਕੁਮਾਰ ਬੰਟੀ ਦੀ ਬੇਵਕਤੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਇਕ ਨੰਨ੍ਹੀ ਬੱਚੀ ਛੱਡ ਗਿਆ ਹੈ। ਉਸ ਦੀ ਮੌਤ ਦੀ ਖ਼ਬਰ ਨਾਲ ਨੂਰਪੁਰਬੇਦੀ ਇਲਾਕੇ ’ਚ ਜਿੱਥੇ ਮਾਹੌਲ ਗਮਗੀਨ ਹੈ ਉੱਥੇ ਹੀ ਬਿਜਲੀ ਵਿਭਾਗ ਦੇ ਮੁਲਾਜ਼ਮਾਂ ’ਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸਣਯੋਗ ਹੈ ਕਿ ਜਤਿੰਦਰ ਕੁਮਾਰ ਬੰਟੀ ਬਿਜਲੀ ਵਿਭਾਗ ’ਚ ਕਰੀਬ 8 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
65 ਸਾਲਾ ਨਾਨੇ ਨੇ 11 ਸਾਲਾ ਦੋਹਤੀ ਨਾਲ ਮੋਟਰਸਾਈਕਲ 'ਤੇ ਫ਼ਤਿਹ ਕੀਤੇ ਜੰਮੂ-ਕਸ਼ਮੀਰ ਦੇ ਪਹਾੜ
NEXT STORY