ਫ਼ਿਰੋਜ਼ਪੁਰ (ਕੁਮਾਰ) - ਘਰੋਂ ਭੱਜ ਕੇ ਆਪਣੇ ਹੀ ਪਿੰਡ ਦੀ ਇਕ ਲੜਕੀ ਨਾਲ ਵਿਆਹ ਕਰਵਾਉਣ ਵਾਲਾ 25 ਸਾਲਾ ਨੌਜਵਾਨ ਜੱਗਾ ਉਰਫ਼ ਅਭੀ 30 ਦਸੰਬਰ ਦੀ ਸ਼ਾਮ ਕਰੀਬ 6 ਵਜੇ ਤੋਂ ਭੇਤਭਰੀ ਹਾਲਤ ’ਚ ਲਾਪਤਾ ਹੈ, ਜਿਸਦਾ 10 ਦਿਨ ਬੀਤ ਜਾਣ ’ਤੇ ਵੀ ਅੱਜ ਤੱਕ ਕੋਈ ਪਤਾ ਨਹੀਂ ਲੱਗਾ। ਇਸ ਸਬੰਧੀ ਨੌਜਵਾਨ ਦੇ ਪਿਤਾ ਲਾਭ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਪਿੰਡ ਕਮਾਲੇ ਵਾਲਾ ਵੱਲੋਂ ਦਿੱਤੀ ਲਿਖਤੀ ਸ਼ਿਕਾਇਤ ਅਤੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਸ ਨੇ ਉਸ ਦੀ ਪਤਨੀ ਦੇ ਰਿਸ਼ਤੇਦਾਰ ਸਾਗਰ ਪੁੱਤਰ ਪ੍ਰੇਮ, ਸੁੱਖਾ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਨੌਜਵਾਨ ਨੂੰ ਅਗਵਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ ਪਰ 10 ਦਿਨ ਬੀਤ ਜਾਣ ’ਤੇ ਵੀ ਨੌਜਵਾਨ ਦਾ ਕੋਈ ਸੁਰਾਗ ਨਾ ਮਿਲਣ ’ਤੇ ਉਸ ਦੀ ਪਤਨੀ, ਭੈਣਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਥਾਣਾ ਸਦਰ ਫ਼ਿਰੋਜ਼ਪੁਰ ਦੇ ਬਾਹਰ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਲਾਪਤਾ ਜੱਗਾ ਨੂੰ ਤੁਰੰਤ ਬਰਾਮਦ ਕੀਤਾ ਜਾਵੇ ਅਤੇ ਨਾਮਜ਼ਦ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਪਰਿਵਾਰ ਨੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੱਗਾ ਨੂੰ ਅਗਵਾ ਕਰਕੇ ਨਾਮਜ਼ਦ ਵਿਅਕਤੀਆਂ ਵੱਲੋਂ ਮਾਰ ਦਿੱਤਾ ਗਿਆ ਹੈ।
ਦੂਜੇ ਪਾਸੇ ਥਾਣਾ ਸਦਰ ਫ਼ਿਰੋਜ਼ਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਜਸਵੰਤ ਸਿੰਘ ਨੇ ਪੁਲਸ ਦਾ ਪੱਖ ਦਿੰਦੇ ਹੋਏ ਦੱਸਿਆ ਕਿ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਕਾਰਵਾਈ ਜਾਰੀ ਹੈ ਅਤੇ ਪੁਲਸ ਵੱਲੋਂ ਜੱਗਾ ਦੀ ਬਰਾਮਦਗੀ ਅਤੇ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਤਕਨੀਕੀ ਅਤੇ ਹੋਰ ਗੁਪਤ ਸੋਰਸਿਜ਼ ਦੇ ਆਧਾਰ ’ਤੇ ਕੰਮ ਕਰ ਰਹੀ ਹੈ।
ਵਿਦਿਆਰਥੀਆਂ 'ਚ ਵਿਦੇਸ਼ ਜਾਣ ਦਾ ਘਟਿਆ ਮੋਹ, 40 ਫੀਸਦੀ ਤੱਕ ਆਈ ਕਮੀ
NEXT STORY