ਲੁਧਿਆਣਾ (ਵਿੱਕੀ) : ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰ ਕੇ ਸਟੇਸ਼ਨ ਛੱਡਣ ਵਾਲੇ ਡਿਸਟ੍ਰਿਕਟ ਐਜੂਕੇਸ਼ਨ ਅਫਸਰਾਂ (ਡੀ.ਈ.ਓਜ਼) ਨੂੰ ਬਖਸ਼ਣ ਦੇ ਮੂਡ ਵਿਚ ਵਿਭਾਗ ਦਿਖਾਈ ਨਹੀਂ ਦੇ ਰਿਹਾ। ਇਹੀ ਕਾਰਨ ਹੈ ਕਿ ਆਪਣੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਵਿਭਾਗੀ ਅਧਿਕਾਰੀਆਂ ਨੇ ਹੋਰ ਸਖਤੀ ਕਰ ਦਿੱਤੀ ਹੈ ਜਿਸ ਕਾਰਨ ਹੁਣ ਰਾਜ ਦੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਸੈਕੰਡਰੀ ਅਤੇ ਐਲੀਮੈਂਟਰੀ ਨੂੰ ਰੋਜ਼ਾਨਾ ਰਾਤ 8 ਤੋਂ 9 ਵਜੇ ਦੇ ਦਰਮਿਆਨ ਆਪਣੀ ਵਟਸਐਪ ਲੋਕੇਸ਼ਨ ਆਲ ਡੀ.ਈ.ਓ. ਪੰਜਾਬ ਦੇ ਬਣੇ ਵਟਸਐਪ ਗਰੁੱਪ 'ਤੇ ਸ਼ੇਅਰ ਕਰਨੀ ਹੋਵੇਗੀ। ਡਾਇਰੈਕਟਰ ਆਫ ਪਬਲਿਕ ਇੰਸਟਰੱਕਸ਼ਨ (ਡੀ.ਪੀ.ਆਈ.) ਐਲੀਮੈਂਟਰੀ ਵੱਲੋਂ ਰਾਜ ਦੇ ਸਾਰੇ ਡੀ.ਈ.ਓਜ਼ ਨੂੰ ਜਾਰੀ ਪੱਤਰ ਵਿਚ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਹੁਕਮਾਂ ਨੂੰ ਨਾ ਮੰਨਣ ਵਾਲੇ ਅਧਿਕਾਰੀਆਂ 'ਤੇ ਨਿਯਮਾਂ ਦੇ ਮੁਤਾਬਕ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ।
ਧਿਆਨਦੇਣਯੋਗ ਹੈ ਕਿ ਪਿਛਲੇ ਦਿਨੀਂ ਸਕੱਤਰ ਸਕੂਲ ਐਜੂਕੇਸ਼ਨ ਕ੍ਰਿਸ਼ਨ ਕੁਮਾਰ ਨੇ ਐਜੂਸੈੱਟ 'ਤੇ ਸੰਬੋਧਨ ਦੌਰਾਨ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਬਿਨਾ ਆਗਿਆ ਸਟੇਸ਼ਨ ਨਾ ਛੱਡਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਹੀ ਨਹੀਂ, ਸਕੱਤਰ ਨੇ ਡੀ. ਜੀ. ਐੱਸ. ਈ. ਅਤੇ ਡੀ.ਪੀ.ਆਈ. ਤੋਂ ਸਟੇਸ਼ਨ ਛੱਡਣ ਦੀ ਆਗਿਆ ਲੈਣ ਦੇ ਨਿਰਦੇਸ਼ ਵੀ ਡੀ. ਈ. ਓਜ਼ ਨੂੰ ਦਿੱਤੇ ਸਨ ਪਰ ਸਕੱਤਰ ਦੇ ਹੁਕਮਾਂ ਦੇ ਬਾਵਜੂਦ ਕਈ ਜ਼ਿਲਿਆਂ ਦੇ ਡੀ.ਈ.ਓਜ਼ ਨੇ ਬਿਨਾਂ ਅਧਿਕਾਰੀਆਂ ਦੀ ਆਗਿਆ ਦੇ ਸਟੇਸ਼ਨ ਛੱਡਣੇ ਜਾਰੀ ਰੱਖੇ। ਵਿਭਾਗ ਦੇ ਧਿਆਨ ਵਿਚ ਉਕਤ ਕੇਸ ਆਉਂਦੇ ਹੀ ਪਹਿਲਾਂ ਵੀ 24 ਜਨਵਰੀ ਨੂੰ ਪੱਤਰ ਜਾਰੀ ਕੀਤਾ ਗਿਆ ਤਾਂ ਇਸ ਦਾ ਖਾਸ ਅਸਰ ਨਾ ਹੁੰਦਾ ਦੇਖ ਕੇ ਡੀ.ਪੀ.ਆਈ. ਨੇ ਚਿਤਾਵਨੀ ਭਰਿਆ ਪੱਤਰ ਜਾਰੀ ਕੀਤਾ ਹੈ।
ਜਾਣਕਾਰੀ ਮੁਤਾਬਕ ਇਨ੍ਹੀਂ ਦਿਨੀਂ ਬੋਰਡ ਪ੍ਰੀਖਿਆਵਾਂ ਨੇੜੇ ਹੋਣ ਤੋਂ ਇਲਾਵਾ ਸਕੂਲਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਵੀ ਨੇੜੇ ਹਨ। ਕਈ ਸਰਕਾਰੀ ਸਕੂਲ ਅਜਿਹੇ ਹਨ ਜਿਨ੍ਹਾਂ ਵਿਚ ਅਧਿਆਪਕ ਵਿਦਿਆਰਥੀਆਂ ਦੀਆਂ ਐਕਸਟਰਾ ਕਲਾਸਾਂ ਲਗਾ ਰਹੇ ਹਨ। ਅਜਿਹੇ ਵਿਚ ਜ਼ਿਲਾ ਸਿੱਖਿਆ ਅਧਿਕਾਰੀਆਂ ਦੀ ਡਿਊਟੀ ਵੀ ਵਿਭਾਗ ਵੱਲੋਂ ਸਕੂਲਾਂ ਵਿਚ ਨਿਰੀਖਣ ਲਈ ਲਗਾਈ ਗਈ ਹੈ ਤਾਂ ਕਿ ਕਿਤੇ ਕੋੲੀ ਕਮੀ ਸਾਹਮਣੇ ਆਵੇ ਤਾਂ ਉਸ ਨੂੰ ਦੂਰ ਕਰਵਾਉਣ ਲਈ ਪਹਿਲਕਦਮੀ ਹੋ ਸਕੇ। ਦੱਸਿਆ ਗਿਆ ਹੈ ਕਿ ਕਈ ਡੀ.ਈ.ਓਜ਼ ਨੇ ਵਿਭਾਗ ਦੇ ਕਾਰਜ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਛੁੱਟੀ 'ਤੇ ਹੋਣ ਜਾਂ ਸਟੇਸ਼ਨ ਤੋਂ ਬਾਹਰ ਹੋਣ ਦਾ ਹਵਾਲਾ ਦਿੱਤਾ।
ਡੀ.ਪੀ.ਆਈ. ਵੱਲੋਂ ਜਾਰੀ ਪੱਤਰ ਵਿਚ ਸਾਫ ਕੀਤਾ ਗਿਆ ਹੈ ਕਿ ਜੋ ਵੀ ਡੀ. ਈ. ਓ. ਹੁਣ ਰਾਤ ਨੂੰ 8 ਤੋਂ 9 ਵਜੇ ਤੱਕ ਵਟਸਐਪ ਗਰੁੱਪ ਵਿਚ ਲੋਕੇਸ਼ਨ ਸ਼ੇਅਰ ਨਹੀਂ ਕਰਨਗੇ, ਉਨ੍ਹਾਂ 'ਤੇ ਵਿਭਾਗੀ ਨਿਯਮਾਂ ਮੁਤਾਬਕ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਸ਼ਰਾਬੀ ਮਾਸਟਰ ਦੀ ਕਰਤੂਤ, ਸਕੂਲ ਮੈਡਮ ਨੂੰ ਕੱਢੀਆਂ ਗਾਲਾਂ, ਵੀਡੀਓ ਵਾਈਰਲ
NEXT STORY