ਲੁਧਿਆਣਾ (ਰਾਜ) : ਨਸ਼ੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਹਮੇਸ਼ਾ ਤੋਂ ਸੁਰਖੀਆਂ ’ਚ ਰਿਹਾ ਹੈ ਪਰ ਹੁਣ ਤਾਂ ਮੁਲਜ਼ਮਾਂ ਲਈ ਨਾਜਾਇਜ਼ ਹਥਿਆਰਾਂ ਦਾ ਗੜ੍ਹ ਵੀ ਬਣ ਗਿਆ ਹੈ। ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਦੀ ਤਾਂ ਸ਼ਹਿਰ ਹੁਣ ਸਿਰਫ਼ ਨਸ਼ੇ ਤੱਕ ਸੀਮਤ ਨਹੀਂ ਰਿਹਾ ਹੈ। ਅਪਰਾਧਾਂ ਦੇ ਨਾਲ-ਨਾਲ ਹਰ ਨਸ਼ਾ ਸਮੱਗਲਰ ਨਾਜਾਇਜ਼ ਹਥਿਆਰ ਰੱਖ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਸ਼ਹਿਰ ’ਚ ਗੋਲ਼ੀਬਾਰੀ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ, ਜਿਸ ਵਿਚ ਲਗਭਗ ਸਾਰੀਆਂ ਵਾਰਦਾਤਾਂ ’ਚ ਨਾਜਾਇਜ਼ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ। ਹਰ ਛੋਟਾ-ਵੱਡਾ ਅਪਰਾਧੀ ਖੁਲ੍ਹੇਆਮ ਨਾਜਾਇਜ਼ ਹਥਿਆਰ ਲੈ ਕੇ ਘੁੰਮ ਰਿਹਾ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਨਾਜਾਇਜ਼ ਹਥਿਆਰਾਂ ਦੀ ਵਰਤੋਂ ਹੋਈ ਸੀ। ਇਹ ਸਾਰੇ ਹਥਿਆਰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੋਂ ਪੰਜਾਬ ਤੱਕ ਪੁੱਜ ਰਹੇ ਹਨ, ਜਿਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿਚ ਸਪਲਾਈ ਹੁੰਦੇ ਹਨ।
ਅਪਰਾਧੀ ਪਬਲਿਕ ਟਰਾਂਸਪੋਰਟ ਤੇ ਪ੍ਰਾਈਵੇਟ ਵਾਹਨਾਂ ’ਚ ਲਿਆ ਰਹੇ ਹਨ ਹਥਿਆਰ
ਪੁਲਸ ਸੂਤਰਾਂ ਮੁਤਾਬਕ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਨਾਜਾਇਜ਼ ਹਥਿਆਰ ਬਣਾਉਣ ਦੇ ਹੱਬ ਹਨ, ਜਿੱਥੋਂ ਪੂਰੇ ਦੇਸ਼ ’ਚ ਨਾਜਾਇਜ਼ ਹਥਿਆਰ ਸਪਲਾਈ ਹੁੰਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਨੂੰ ਸਪਲਾਈ ਕਰਨ ਲਈ ਅਪਰਾਧੀਆਂ ਦੇ ਏਜੰਟ ਵੀ ਹੁੰਦੇ ਹਨ, ਜੋ ਕਿ ਹਥਿਆਰ ਉਨ੍ਹਾਂ ਤੱਕ ਪਹੁੰਚਾਉਂਦੇ ਹਨ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਨਾਜਾਇਜ਼ ਹਥਿਆਰਾਂ ਦੀ ਸਪਲਾਈ ’ਚ ਜ਼ਿਆਦਾਤਰ ਸਰਕਾਰੀ ਟਰਾਂਸਪੋਰਟ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਪ੍ਰਾਈਵੇਟ ਬੱਸਾਂ ’ਚ ਕਿਸੇ ਤਰ੍ਹਾਂ ਦੀ ਕੋਈ ਚੈਕਿੰਗ ਨਹੀਂ ਹੁੰਦੀ। ਇਸ ਤੋਂ ਇਲਾਵਾ ਟਰੇਨ ਜ਼ਰੀਏ ਵੀ ਕਿਸੇ ਨਾ ਕਿਸੇ ਸਾਮਾਨ ’ਚ ਛੁਪਾ ਕੇ ਹਥਿਆਰ ਲਿਆਂਦੇ ਜਾ ਰਹੇ ਹਨ। ਇਸੇ ਤਰ੍ਹਾਂ ਹੀ ਕੁਝ ਅਪਰਾਧੀ ਖੁਦ ਵਾਹਨਾਂ ’ਚ ਵੀ ਪੁਲਸ ਨੂੰ ਚਕਮਾ ਦੇ ਕੇ ਹਥਿਆਰ ਲੈ ਆਉਂਦੇ ਹਨ।
ਹੁਣ ਆਨਲਾਈਨ ਬੁਕਿੰਗ ਤੋਂ ਬਾਅਦ ਵੀ ਹੋ ਰਹੀ ਹਥਿਆਰਾਂ ਦੀ ਸਪਲਾਈ
ਮੱਧ ਪ੍ਰਦੇਸ ਅਤੇ ਉੱਤਰ ਪ੍ਰਦੇਸ਼ ’ਚ ਦੇਸੀ ਕੱਟੇ ਤੋਂ ਲੈ ਕੇ ਵਧੀਆ ਕੁਆਲਿਟੀ ਦੇ ਹਥਿਆਰ ਬਣਾਏ ਜਾਂਦੇ ਹਨ, ਜੋ ਕਿ ਵਿਦੇਸ਼ੀ ਹਥਿਆਰਾਂ ਨੂੰ ਵੀ ਮਾਤ ਦਿੰਦੇ ਹਨ। ਹਥਿਆਰ ਵੇਚਣ ਵਾਲੇ ਕੁਝ ਲੋਕ ਅੱਜ ਕੱਲ ਸੋਸ਼ਲ ਮੀਡੀਆ ’ਤੇ ਐਕਟਿਵ ਹਨ, ਜੋ ਕਿ ਇੰਸਟਾਗ੍ਰਾਮ, ਫੇਸਬੁੱਕ ਅਤੇ ਹੋਰ ਸੋਸ਼ਲ ਸਾਈਟਾਂ ’ਤੇ ਪੇਜ ਬਣਾ ਕੇ ਉਨ੍ਹਾਂ ਵਿਚ ਹਥਿਆਰਾਂ ਦੀ ਫੋਟੋ ਪਾ ਕੇ ਨੰਬਰ ਪਾਉਂਦੇ ਹਨ। ਉਨ੍ਹਾਂ ਨੰਬਰਾਂ ’ਤੇ ਵ੍ਹਟਸਐਪ ਜ਼ਰੀਏ ਸੰਪਰਕ ਕੀਤਾ ਜਾ ਸਕਦਾ ਹੈ। ਉਹ ਹਰ ਤਰ੍ਹਾਂ ਦਾ ਹਥਿਆਰ ਦੇਣ ਦਾ ਦਾਅਵਾ ਕਰਦੇ ਹਨ ਅਤੇ ਪੇਮੈਂਟ ਮਿਲਣ ਤੋਂ ਬਾਅਦ ਹਥਿਆਰ ਉਨ੍ਹਾਂ ਤੱਕ ਪਹੁੰਚਾਉਣ ਦੀ ਵੀ ਗਾਰੰਟੀ ਦਿੰਦੇ ਹਨ।
ਸਾਬਕਾ ਡੀ. ਜੀ. ਪੀ. ਨੇ ਨਾਜਾਇਜ਼ ਹਥਿਆਰਾਂ ਦੇ ਨੈਕਸਿਸ ਦਾ ਕੀਤਾ ਸੀ ਪਰਦਾਫਾਸ਼
2021 ਨੂੰ ਪੰਜਾਬ ਦੇ ਸਾਬਕਾ ਡੀ. ਜੀ. ਪੀ. ਦਿਨਕਰ ਗੁਪਤਾ ਨੇ ਇਕ ਨਾਜਾਇਜ਼ ਹਥਿਆਰਾਂ ਦਾ ਜ਼ਖੀਰਾ ਫੜਿਆ ਸੀ, ਜਿਸ ਵਿਚ ਕੁੱਲ 49 ਪਿਸਤੌਲ ਸੀ, ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਸਪਲਾਈ ਹੋਣੇ ਸਨ ਪਰ ਪਹਿਲਾਂ ਹੀ ਪੁਲਸ ਨੇ ਮੁਲਜ਼ਮ ਜਗਜੀਤ ਸਿੰਘ ਨੂੰ ਫੜ ਲਿਆ ਸੀ। ਉਸ ਤੋਂ ਪੁਲਸ ਨੂੰ ਕਈ ਖੁਲਾਸੇ ਹੋਏ ਸੀ ਤਾਂ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਸਾਰੇ ਹਥਿਆਰ ਵਿਦੇਸ਼ੀ ਨਹੀਂ, ਸਗੋਂ ਮੱਧ ਪ੍ਰਦੇਸ਼ ਤੋਂ ਆਏ ਸਨ।
ਜਿਸ ਤੋਂ ਬਾਅਦ 3 ਨਾਜਾਇਜ਼ ਹਥਿਆਰ ਬਣਾਉਣ ਵਾਲੇ ਯੂਨਿਟ ਅਤੇ ਸਪਲਾਈ ਮਡਿਊਲ ਦਾ ਪਰਦਾਫਾਸ਼ ਕੀਤਾ ਸੀ। ਇਕ ਮੁੱਖ ਸਪਲਾਇਰ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਥੇ ਯੂ. ਪੀ. ਏ. ਟੀ. ਐੱਸ. ਨੇ ਵੀ 2020 ਵਿਚ ਹਰਿਦੁਆਰ ਤੋਂ ਇਕ ਆਰਮ ਸਪਲਾਇਰ ਅਸ਼ੀਸ਼ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਮੇਰਠ ਦਾ ਰਹਿਣ ਵਾਲਾ ਅਸ਼ੀਸ਼ ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਹਥਿਆਰ ਸਪਲਾਈ ਕਰਦਾ ਸੀ। ਇਸ ਤੋਂ ਇਲਾਵਾ ਪੰਜਾਬ ’ਚ ਲਾਇਸੈਂਸਧਾਰਕ ਗੰਨ ਹਾਊਸ ਵੀ ਅਪਰਾਧੀਆਂ ਨੂੰ ਹਥਿਆਰ ਵੇਚੇ ਜਾਣ ਦੇ ਮਾਮਲੇ ਫੜੇ ਜਾ ਚੁੱਕੇ ਹਨ।
ਗੰਨ ਕਲਚਰ ਨਾਲ ਵਧੀ ਨਾਜਾਇਜ਼ ਹਥਿਆਰਾਂ ਦੀ ਸਪਲਾਈ
ਸੂਬੇ ’ਚ ਵਧਦੇ ਗੰਨ ਕਲਚਰ ਕਾਰਨ ਨਾਜਾਇਜ਼ ਹਥਿਆਰਾਂ ਦੀ ਮੰਗ ਵਧ ਗਈ ਹੈ। ਪਹਿਲਾਂ ਕ੍ਰਿਮੀਨਲ ਨਾਜਾਇਜ਼ ਹਥਿਆਰ ਰੱਖਦੇ ਸੀ। ਹੁਣ ਛੋਟੇ ਤੋਂ ਲੈ ਕੇ ਵੱਡਾ ਸਮੱਗਲਰ, ਕੁੱਟਮਾਰ ਦੇ ਮਾਮਲਿਆਂ ਵਿਚ ਨਾਮਜ਼ਦ ਕਈ ਮੁਲਜ਼ਮ ਅਤੇ ਗਲੀ-ਮੁਹੱਲੇ ’ਚ ਗੁੰਡਾਗਰਦੀ ਕਰਨ ਵਾਲੇ ਛੋਟੇ-ਮੋਟੇ ਗੁੰਡੇ ਵੀ ਹਥਿਆਰ ਰੱਖਣ ਲੱਗੇ ਹਨ ਕਿਉਂਕਿ ਦੇਸੀ ਕੱਟੇ 2,500 ਤੋਂ 15 ਹਜ਼ਾਰ ਰੁਪਏ ਤੱਕ ਮਿਲ ਜਾਂਦੇ ਹਨ। ਉਥੇ ਦੇਸ਼ ’ਚ ਬਣਾਏ ਗਏ ਆਟੋਮੇਟਿਵ ਪਿਸਟਲ 25 ਤੋਂ 60 ਹਜ਼ਾਰ ਰੁਪਏ ’ਚ ਮੁਹੱਈਆ ਹਨ। ਇਸ ਤੋਂ ਇਲਾਵਾ 0.30 ਬੋਰ ਅਤੇ 9 ਐੱਮ. ਐੱਮ. ਪਿਸਟਲ 50 ਹਜ਼ਾਰ ਤੋਂ 1.50 ਲੱਖ ’ਚ ਮਿਲ ਰਹੇ ਹਨ।
ਇਨ੍ਹਾਂ ਵਾਰਦਾਤਾਂ ’ਚ ਵਰਤੇ ਗਏ ਨਾਜਾਇਜ਼ ਹਥਿਆਰ
1. ਕੁਝ ਦਿਨ ਪਹਿਲਾਂ ਚੰਡੀਗੜ੍ਹ ਰੋਡ ’ਤੇ ਕਰੇਟਾ ਕਾਰ ਸਵਾਰ ’ਤੇ ਨਾਜਾਇਜ਼ ਹਥਿਆਰਾਂ ਨਾਲ ਗੋਲ਼ੀਆਂ ਚਲਾਈਆਂ ਸੀ, ਜਿਸ ਦੀ ਜਾਂਚ ਤੋਂ ਬਾਅਦ ਵੱਡਾ ਗੈਂਗਸਟਰ ਗਿਰੋਹ ਪੁਲਸ ਨੇ ਫੜਿਆ ਸੀ।
2. ਸ਼ੇਰਪੁਰ ਚੌਕ ਨੇੜੇ ਬਾਈਕ ਸਵਾਰ ਨੌਜਵਾਨ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਿਆ, ਜਿਸ ਨੂੰ ਬਾਅਦ ’ਚ ਦਿੱਲੀ ਪੁਲਸ ਨੇ ਫੜ ਲਿਆ ਸੀ। ਉਸ ਨੇ ਯੂ. ਪੀ. ਤੋਂ ਹਥਿਆਰ ਲਏ ਸਨ।
3. ਥਾਣਾ ਟਿੱਬਾ ਦੇ ਖੇਤਰ ’ਚ 3 ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ’ਚ ਸ਼ਰਾਰਤੀ ਅਨਸਰਾਂ ਨੇ ਨਾਜਾਇਜ਼ ਹਥਿਆਰਾਂ ਨਾਲ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਵਿਚ ਕੁਝ ਲੋਕ ਜ਼ਖਮੀ ਵੀ ਹੋਏ ਹਨ।
4. ਸੀ. ਆਈ. ਏ.-1 ਨੇ ਹੈਬੋਵਾਲ ਦੇ ਇਕ ਨੌਜਵਾਨ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ, ਜੋ ਦੁਸ਼ਮਣ ਤੋਂ ਬਦਲਾ ਲੈਣ ਲਈ ਹਥਿਆਰ ਲੈ ਕੇ ਆਇਆ ਸੀ।
5. ਸੀ. ਆਈ.ਏ.-2 ਦੀ ਪੁਲਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਸਬੰਧਤ ਕੁਝ ਲੋਕਾਂ ਨੂੰ ਫੜਿਆ ਹੈ। ਇਨ੍ਹਾਂ ਕੋਲੋਂ ਨਾਜਾਇਜ਼ ਹਥਿਆਰ ਬਰਾਮਦ ਹੋਏ ਹਨ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬਾਈਕ ਸਵਾਰ ਲੁਟੇਰਿਆਂ ਨੇ ਆਟੋ 'ਚ ਬੈਠੇ ਨੌਜਵਾਨ ਦਾ ਖੋਹਿਆ ਮੋਬਾਈਲ, ਨਾ ਛੱਡਣ 'ਤੇ ਘੜੀਸ ਕੇ ਲੈ ਗਏ ਨਾਲ
NEXT STORY