ਅੰਮ੍ਰਿਤਸਰ (ਵਾਲੀਆ) - ਇੰਟਕ ਦੇ ਕੌਮੀ ਪ੍ਰਧਾਨ ਦਿਨੇਸ਼ ਸੁੰਦਰਿਆਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਦੇਸ਼ ਪ੍ਰਧਾਨ ਹਰਕਿਸ਼ਨਜੀਤ ਸਿੰਘ ਵਿੱਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਰਖਾਨਿਆਂ ਵਿਚ ਲਗਾਤਾਰ ਹਾਦਸੇ ਹੋ ਰਹੇ ਹਨ, ਮਜ਼ਦੂਰ ਮਰ ਰਹੇ ਤੇ ਅਪਾਹਜ ਹੋ ਰਹੇ ਹਨ। ਜ਼ਿਆਦਾਤਰ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਵੱਡੀਆਂ ਘਟਨਾਵਾਂ 'ਤੇ ਸਰਕਾਰੀ ਤੰਤਰ ਮਜ਼ਦੂਰਾਂ ਪ੍ਰਤੀ ਸੰਵੇਦਨਸ਼ੀਲ ਹੋਣ ਦਾ ਦਿਖਾਵਾ ਕਰਦਾ ਹੈ ਪਰ ਕਾਰਖਾਨਿਆਂ ਵਿਚ ਹਾਦਸਿਆਂ ਤੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਲਈ ਨਾ ਤਾਂ ਮਾਲਕ ਸੰਜੀਦਗੀ ਦਿਖਾਉਂਦੇ ਹਨ ਤੇ ਨਾ ਹੀ ਸਰਕਾਰ ਉਨ੍ਹਾਂ 'ਤੇ ਕੋਈ ਕਾਰਵਾਈ ਕਰਦੀ ਹੈ।
ਪਲਾਸਟਿਕ ਦੇ ਲਿਫਾਫੇ ਬਣਾਉਣ ਵਾਲੀ ਫੈਕਟਰੀ ਜਿਸ ਵਿਚ ਫਾਇਰ ਬ੍ਰਿਗੇਡ ਦੇ 9 ਮੁਲਾਜ਼ਮਾਂ ਸਮੇਤ ਫੈਕਟਰੀ 'ਚੋਂ ਮਾਲ ਕੱਢ ਰਹੇ ਮਜ਼ਦੂਰ ਅਤੇ ਆਮ ਨਾਗਰਿਕ ਦੱਬ ਗਏ, ਜਿਸ ਵਿਚੋਂ ਹੁਣ ਤੱਕ 13 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਤੇ ਕਈ ਲੋਕ ਜ਼ਖਮੀ ਹੋਏ ਹਨ। ਅਜੇ 3 ਫਾਇਰ ਕਰਮਚਾਰੀਆਂ ਤੋਂ ਇਲਾਵਾ ਕਿੰਨੇ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ। ਕਾਰਖਾਨਾ ਮਾਲਕ ਇੰਦਰਜੀਤ ਸਿੰਘ ਗੋਲਾ ਕੋਈ ਰਿਕਾਰਡ ਪੇਸ਼ ਨਹੀਂ ਕਰ ਰਿਹਾ ਕਿ ਅੱਗ ਲੱਗਣ ਸਮੇਂ ਅਤੇ ਇਮਾਰਤ ਡਿੱਗਣ ਸਮੇਂ ਕਾਰਖਾਨੇ ਵਿਚ ਕਿੰਨੇ ਲੋਕ ਸਨ। ਮਜ਼ਦੂਰਾਂ ਨੂੰ ਈ. ਐੱਸ. ਆਈ., ਈ. ਪੀ. ਐੱਫ., ਪਛਾਣ ਪੱਤਰ ਆਦਿ ਵਰਗਾ ਕੋਈ ਕਾਨੂੰਨੀ ਅਧਿਕਾਰ ਹਾਸਲ ਨਹੀਂ ਹੈ।
ਅਜੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਇਸ ਕਾਰਖਾਨੇ ਅਤੇ ਇਸ ਵਿਚ ਹੋਣ ਵਾਲੇ ਕੰਮਾਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਦੇ ਰਹੇ ਕਿਉਂਕਿ ਇਹ ਕਾਰਖਾਨਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਤੌਰ 'ਤੇ ਚੱਲ ਰਿਹਾ ਹੈ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਸਮੇਤ ਮੁੱਖ ਮੰਤਰੀ ਵੀ ਘਟਨਾ ਸਥਾਨ ਦਾ ਦੌਰਾ ਕਰ ਕੇ ਭਰੋਸਾ ਦੇ ਕੇ ਜਾ ਚੁੱਕੇ ਹਨ। ਮੁਆਵਜ਼ੇ ਦੇ ਐਲਾਨ ਕੀਤੇ ਗਏ ਹਨ। ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਉਠਾਉਣ ਲਈ ਕਾਰਵਾਈ ਕਰਨ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਇਸ ਤੋਂ ਪਹਿਲਾਂ ਅਜਿਹੇ ਕਿੰਨੇ ਹਾਦਸਿਆਂ ਦੇ ਜ਼ਿੰਮੇਵਾਰ ਮਾਲਕਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਹਨ, ਇਹ ਸਾਰਿਆਂ ਦੇ ਸਾਹਮਣੇ ਹੈ। ਪੂਰੇ ਦੇਸ਼ ਵਿਚ ਰੋਜ਼ਾਨਾ ਅਨੇਕਾਂ ਘਟਨਾਵਾਂ ਹੁੰਦੀਆਂ ਹਨ। ਸੈਂਕੜੇ ਮਜ਼ਦੂਰ ਮਰਦੇ ਹਨ ਪਰ ਮਾਲਕਾਂ, ਅਧਿਕਾਰੀਆਂ ਤੇ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਲਟਾ ਸਾਰਾ ਸਰਕਾਰੀ ਤੰਤਰ ਮਾਲਕਾਂ ਨੂੰ ਬਚਾਉਣ ਵਿਚ ਲੱਗ ਜਾਂਦਾ ਹੈ ਪਰ ਸਰਕਾਰੀ ਵਿਭਾਗ ਕੀ ਕਰ ਰਿਹਾ ਸੀ?
ਨਗਰ ਨਿਗਮ ਕੀ ਕਰ ਰਿਹਾ ਸੀ? ਸਰਕਾਰੀ ਵਿਭਾਗਾਂ ਅਤੇ ਅਫਸਰਾਂ ਨੂੰ ਸਾਰੀ ਖਬਰ ਰਹਿੰਦੀ ਹੈ, ਉਨ੍ਹਾਂ ਦੇ ਨੱਕ ਹੇਠਾਂ ਸਾਰਾ ਗੋਰਖਧੰਦਾ ਚੱਲਦਾ ਹੈ। ਅਜਿਹੇ ਹਾਦਸੇ ਭਵਿੱਖ ਵਿਚ ਨਾ ਹੋਣ, ਇਸ ਲਈ ਮਜ਼ਦੂਰਾਂ ਨੂੰ ਇਕਜੁਟਤਾ ਬਣਾਉਣੀ ਹੋਵੇਗੀ। ਪੀੜਤਾਂ ਨੂੰ ਨਿਆਂ, ਠੀਕ ਮੁਆਵਜ਼ਾ ਦਿਵਾਉਣ, ਦੋਸ਼ੀ ਕਾਰਖਾਨਾ ਮਾਲਕ ਅਤੇ ਸਰਕਾਰੀ ਅਧਿਕਾਰੀਆਂ ਨੂੰ ਸਖ਼ਤ ਸਜ਼ਾ ਦਿਵਾਉਣ, ਕਾਰਖਾਨਿਆਂ 'ਚ ਹਾਦਸਿਆਂ ਤੋਂ ਸੁਰੱਖਿਆ ਦੇ ਪੂਰੇ ਇੰਤਜ਼ਾਮ, ਸਾਰੇ ਮਜ਼ਦੂਰਾਂ ਦੇ ਪਛਾਣ ਪੱਤਰ ਬਣਾਉਣ ਲਈ ਸਰਕਾਰ ਨੂੰ ਸਖ਼ਤ ਫੈਸਲੇ ਲੈਣੇ ਪੈਣਗੇ। ਇਸ ਮੌਕੇ ਡੈਨੀ ਪਹਿਲਵਾਨ, ਦਵਿੰਦਰ ਪਹਿਲਵਾਨ, ਜਸਨੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
1971 'ਚ ਅੱਜ ਦੇ ਹੀ ਦਿਨ ਹੋਈ ਸੀ ਭਾਰਤ-ਪਾਕਿਸਤਾਨ ਵਿਚਕਾਰ ਜੰਗ
NEXT STORY