ਲੁਧਿਆਣਾ (ਰਾਜ)- ਪੰਜਾਬ ਦੀ ਆਰਥਿਕ ਰਾਜਧਾਨੀ ਕਿਹਾ ਜਾਣ ਵਾਲਾ ਲੁਧਿਆਣਾ ਹੁਣ ਉਦਯੋਗਾਂ ਅਤੇ ਤਰੱਕੀ ਨਾਲੋਂ ਜ਼ਿਆਦਾ ਗੋਲੀਆਂ ਦੀ ਗੂੰਜ ਅਤੇ ਡਰ ਦੇ ਸਾਏ ਲਈ ਜਾਣਿਆ ਜਾ ਰਿਹਾ ਹੈ। ਕਦੇ ਮਿਹਨਤਕਸ਼ਾਂ ਅਤੇ ਕਾਰੋਬਾਰੀਆਂ ਦਾ ਸ਼ਹਿਰ ਕਿਹਾ ਜਾਣ ਵਾਲਾ ਲੁਧਿਆਣਾ ਅੱਜ ਮਿੰਨੀ ਚੰਬਲ ਬਣ ਚੁੱਕਾ ਹੈ, ਜਿਥੇ ਹਰ ਗਲੀ ਕੂਚੇ ਵਿਚ ਨਾਜਾਇਜ਼ ਹਥਿਆਰਾਂ ਦਾ ਸਾਇਆ ਮੰਡਰਾ ਰਿਹਾ ਹੈ।
ਮਹਿਜ਼ ਪਿਛਲੇ 2 ਮਹੀਨਿਆਂ ’ਚ 20 ਤੋਂ ਵੱਧ ਥਾਵਾਂ ’ਤੇ ਫਾਈਰਿੰਗ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਮਾਮਲਿਆਂ ਵਿਚ ਕਾਨੂੰਨ ਦਾ ਡਰ ਨਾਮਾਤਰ ਦਿਸਿਆ। ਸਭ ਤੋਂ ਚੌਕਾ ਦੇਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਾਰਦਾਤਾਂ ’ਚ ਨਾਜਾਇਜ਼ ਹਥਿਆਰਾਂ ਦੀ ਧੜੱਲੇ ਨਾਲ ਵਰਤੋਂ ਹੋ ਰਹੀ ਹੈ। ਹੁਣ ਸਵਾਲ ਸਿਰਫ ਇੰਨਾ ਨਹੀਂ ਹੈ ਕਿ ਨਾਜਾਇਜ਼ ਹਥਿਆਰ ਕਿਥੋਂ ਆ ਰਹੇ ਹਨ। ਅਸਲੀ ਸਵਾਲ ਇਹ ਹੈ ਕਿ ਕੀ ਵਾਕਿਆ ਲੁਧਿਆਣਾ ਹੁਣ ਮਿੰਨੀ ਚੰਬਲ ਬਣ ਚੁੱਕਾ ਹੈ, ਜਿਥੇ ਕਾਨੂੰਨ ਸਿਰਫ ਕਾਗਜ਼ ’ਤੇ ਹੈ ਅਤੇ ਗੋਲੀਆਂ ਸੜਕਾਂ ’ਤੇ ਚੱਲ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ! ਅੰਮ੍ਰਿਤਸਰ ਦੀ DC ਸਾਕਸ਼ੀ ਸਾਹਨੀ ਦੀ ਵੀ ਹੋਈ ਬਦਲੀ, ਵੇਖੋ LIST
ਅਸਲ ਵਿਚ, ਸ਼ਹਿਰ ਵਿਚ ਹੁਣ ਹਰ ਦੂਜੇ ਦਿਨ ਕਿਤੇ ਨਾ ਕਿਤੇ ਗੋਲੀਆਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਕਦੇ 2 ਗੁੱਟਾਂ ’ਚ ਝਗੜਾ, ਕਦੇ ਸੜਕ ’ਤੇ ਦਬਦਬੇ ਦੀ ਲੜਾਈ ਤੇ ਕਦੇ ਵਿਆਹ ਸਮਾਗਮ ਵਿਚ ਦਿਖਾਵਾ ਪਰ ਹਰ ਵਾਰ ਹੱਥ ਵਿਚ ਉਹੀ ਨਾਜਾਇਜ਼ ਪਿਸਤੌਲਾਂ ਅਤੇ ਟ੍ਰਿਗਰ ’ਤੇ ਬੇਕਾਬੂ ਉਂਗਲਾਂ। ਇਸੇ ਦੌਰਾਨ ਸ਼ਹਿਰ ਦੇ ਕਈ ਇਲਾਕਿਆਂ ਦਰੇਸੀ, ਸਲੇਮ ਟਾਬਰੀ, ਜਮਾਲਪੁਰ ਅਤੇ ਦੁੱਗਰੀ ’ਚ ਲਗਾਤਾਰ ਫਾਇਰਿੰਗ ਦੇ ਮਾਮਲੇ ਸਾਹਮਣੇ ਆਏ ਹਨ। ਕਈ ਘਟਨਾਵਾਂ ’ਚ ਲੋਕਾਂ ਦੀ ਜਾਨ ਤੱਕ ਜਾ ਚੁੱਕੀ ਹੈ ਪਰ ਪੁਲਸ ਹੁਣ ਤੱਕ ਅਸਲੀ ਅਪਰਾਧੀਆਂ ਤੱਕ ਨਹੀਂ ਪੁੱਜ ਸਕੀ। ਸਵਾਲ ਉੱਠਦਾ ਹੈ ਕਿ ਕੀ ਲੁਧਿਆਣਾ ’ਚ ਕਾਨੂੰਨ ਦੀ ਪਕੜ ਢਿੱਲੀ ਪੈ ਚੁੱਕੀ ਹੈ ਜਾਂ ਫਿਰ ਅਪਰਾਧੀਆਂ ਦੀ ਪੁਲਸ ਨਾਲ ਕੋਈ ਅੰਦਰੂਨੀ ਮਿਲੀਭੁਗਤ ਚੱਲ ਰਹੀ ਹੈ?
ਯੂ. ਪੀ., ਐੱਮ. ਪੀ. ਤੋਂ ਪੰਜਾਬ ’ਚ ਪੁੱਜ ਰਹੇ ਹਨ ਨਾਜਾਇਜ਼ ਹਥਿਆਰ
ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਸਭ ਨਾਜਾਇਜ਼ ਹਥਿਆਰਾਂ ਦੇ ਖੁੱਲ੍ਹੇ ਕਾਰੋਬਾਰ ਦਾ ਨਤੀਜਾ ਹੈ। ਸੀ. ਆਈ. ਏ. ਅਤੇ ਕ੍ਰਾਈਮ ਬ੍ਰਾਂਚ ਵਰਗੇ ਯੂਨਿਟ ਹੋਣ ਦੇ ਬਾਵਜੂਦ ਨਾਜਾਇਜ਼ ਹਥਿਆਰਾਂ ਦੀ ਸਪਲਾਈ ’ਤੇ ਪਾਬੰਦੀ ਨਹੀਂ ਲੱਗ ਸਕੀ।
ਪੰਜਾਬ-ਹਰਿਆਣਾ ਦੀਆਂ ਸਰਹੱਦਾਂ ਤੋਂ ਲੈ ਕੇ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਰਸਤਿਆਂ ਤੱਕ ਤੋਂ ਹਥਿਆਰਾਂ ਦੀ ਸਮੱਗÇਲਿੰਗ ਲੁਧਿਆਣਾ ਤੱਕ ਪੁੱਜ ਰਹੀ ਹੈ ਅਤੇ ਪੁਲਸ ਦੇ ਹੇਠਲੇ ਪੱਧਰ ’ਤੇ ਗਰਾਊਂਡ ਐਕਸ਼ਨ ਨਾਦਾਰਦ ਹੈ। ਹਾਲਾਂਕਿ, ਕਮਿਸ਼ਨਰ ਸਵਪਨ ਸ਼ਰਮਾ ਵਲੋਂ ਕਈ ਵਾਰ ਸੁਰੱਖਿਆ ਯੋਜਨਾਵਾਂ ਅਤੇ ਨਾਕਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ ਪਰ ਉਨ੍ਹਾਂ ਦੇ ਹੁਕਮ ਕਾਗਜ਼ਾਂ ਤੋਂ ਅੱਗੇ ਨਹੀਂ ਵਧ ਸਕੇ। ਸ਼ਹਿਰ ਦੇ ਕਈ ਪੁਲਸ ਥਾਣਿਆਂ ’ਚ ਤਾਂ ਹਾਲ ਇਹ ਹੈ ਕਿ ਜਵਾਨਾਂ ਨੂੰ ਇਹ ਤੱਕ ਨਹੀਂ ਪਤਾ ਕਿ ਪਿਛਲੇ ਮਹੀਨੇ ਕਿੰਨੇ ਹਥਿਆਰ ਫੜੇ ਗਏ। ਉੱਚ ਪੱਧਰ ਦੀਆਂ ਯੋਜਨਾਵਾਂ ਅਤੇ ਹੇਠਲੇ ਪੱਧਰ ਦੀ ਲਾਪ੍ਰਵਾਹੀ ’ਚ ਅਪਰਾਧੀਆਂ ਨੇ ਸਿਸਟਮ ਦੀ ਹਰ ਕਮਜ਼ੋਰੀ ਨੂੰ ਪਛਾਣ ਲਿਆ ਹੈ।
ਪੁਲਸ ਵੰਡ ਰਹੀ ਹੈ ਸਿਫਾਰਸ਼ੀ ਆਰਮ ਲਾਇਸੈਂਸ
ਆਰਮ ਨੂੰ ਪ੍ਰਮੋਟ ਕਰਨ ਵਾਲਿਆਂ ’ਤੇ ਪਰਚਾ ਦੇਣ ਵਾਲੀ ‘ਆਪ’ ਸਰਕਾਰ ਦੇ ਨੁਮਾਇੰਦੇ ਹੀ ਆਪਣੇ ਕਾਰੀਬੀਆਂ ਨੂੰ ਰਿਓੜੀਆਂ ਵਾਂਗ ਆਰਮ ਲਾਇਸੈਂਸ ਬਣਵਾ ਕੇ ਦੇ ਰਹੇ ਹਨ। ਇਸ ਦੇ ਨਾਲ ਹੀ ਕਮਿਸ਼ਨਰੇਟ ਪੁਲਸ ਨੇ ਵੀ ਵਿਧਾਇਕਾਂ ਦੀਆਂ ਸਿਫਾਰਸ਼ਾਂ ’ਤੇ ਛੋਟੀ ਉਮਰ ਦੇ ਨੌਜਵਾਨਾਂ ਨੂੰ ਖੁਦ ਸੈਂਕੜਿਆਂ ਦੀ ਗਿਣਤੀ ’ਚ ਆਰਮਜ਼ ਲਾਇਸੈਂਸ ਵੰਡ ਦਿੱਤੇ ਹਨ, ਜਦੋਂਕਿ ਜਿਨ੍ਹਾਂ ਨੂੰ ਅਸਲ ਵਿਚ ਆਰਮ ਲਾਇਸੈਂਸ ਦੀ ਲੋੜ ਹੈ, ਉਨ੍ਹਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਇਆ ਜਾਂਦਾ ਹੈ, ਉਨ੍ਹਾਂ ਲਈ ਸਾਰੇ ਕਾਨੂੰਨ ਹਨ ਅਤੇ ਸਿਫਾਰਸ਼ੀਆਂ ਨੂੰ ਬਿਨਾਂ ਕਾਨੂੰਨ ਦੇ ਘੇਰੇ ਵਿਚ ਰਹਿ ਕੇ ਲਾਇਸੈਂਸ ਦਿੱਤੇ ਜਾ ਰਹੇ ਹਨ।
2 ਮਹੀਨਿਆਂ ’ਚ ਹੋਈਆਂ 20 ਫਾਇਰਿੰਗ ਦੀਆਂ ਵਾਰਦਾਤਾਂ, ਕਈ ਅਪਰਾਧੀ ਫੜੇ, ਕਈ ਅਜੇ ਵੀ ਫਰਾਰ
30 ਅਗਸਤ : ਮੋਤੀ ਨਗਰ ਪੁਲਸ ਨੇ ਇਕ ਵਿਅਕਤੀ ਅਤੇ ਉਸ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ, ਜੋ ਫੋਕਲ ਪੁਆਇੰਟ ਉਦਯੋਗਿਕ ਇਲਾਕੇ ਦੇ ਫੇਸ-6 ਵਿਚ ਇਕ ਫਾਸਟਨਰ ਫੈਕਟਰੀ ਦੇ ਮਾਲਕ ਹਨ, ਕਥਿਤ ਤੌਰ ’ਤੇ ਦੂਜੇ ਫੈਕਟਰੀ ਮਾਲਕ ਨੂੰ ਧਮਕਾਉਣ ਲਈ ਹਵਾ ’ਚ ਗੋਲੀਬਾਰੀ ਕੀਤੀ।
26 ਅਗਸਤ : ਇਕ ਅਣਪਛਾਤੇ ਐੱਸ. ਯੂ. ਵੀ. ਸਵਾਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਆਪਣੇ ਘਰ ਦੇ ਬਾਹਰ ਸੜਕ ’ਤੇ ਖੜ੍ਹੀ ਇਕ ਵਕੀਲ ’ਤੇ ਗੋਲੀਬਾਰੀ ਕੀਤੀ।
23 ਅਗਸਤ : ਸਥਾਨਕ ਨੌਜਵਾਨ ਅਤੇ ਇਨਫਲੂਐਂਸਰ ਕਾਰਤਿਕ ਬੱਗਣ ਅਤੇ ਉਸ ਦੇ ਦੋਸਤ ਨੂੰ ਸੁੰਦਰ ਨਗਰ ਕੋਲ ਮੁਲਜ਼ਮਾਂ ਨੇ ਗੋਲੀ ਮਾਰ ਦਿੱਤੀ। ਕਾਰਤਿਕ ਬੱਗਣ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਉਸ ਦਾ ਦੋਸਤ ਬਚ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ਬਰਦਸਤ ਧਮਾਕਾ! 2 ਔਰਤਾਂ ਸਣੇ ਕਈ ਲੋਕ ਆਏ ਲਪੇਟ 'ਚ, ਪੈ ਗਈਆਂ ਭਾਜੜਾਂ
12 ਸਤੰਬਰ : ਸਾਬਕਾ ਵਿਧਾਇਕ ਅਤੇ ਕਾਂਗਰਸੀ ਨੇਤਾ ਸਿਮਰਜੀਤ ਸਿੰਘ ਬੈਂਸ ਦੇ ਭਤੀਜੇ ਨੇ ਪਰਿਵਾਰਕ ਵਿਵਾਦ ’ਚ ਆਪਣੀ ਐੱਸ. ਯੂ. ਵੀ. ’ਤੇ ਗੋਲੀਬਾਰੀ ਕੀਤੀ।
18 ਸਤੰਬਰ : ਫੌਜੀ ਕਾਲੋਨੀ ਦੇ ਇਕ 18 ਸਾਲ ਦੇ ਲੜਕੇ ਦੀ ਪਿੱਠ ਵਿਚ ਗੋਲੀ ਲੱਗੀ। ਹਾਲਾਂਕਿ ਪੁਲਸ ਨੇ ਇਲਾਕੇ ’ਚ ਕਿਸੇ ਵੀ ਗੋਲੀਬਾਰੀ ਦੀ ਘਟਨਾ ਤੋਂ ਇਨਕਾਰ ਕੀਤਾ ਸੀ।
20 ਸਤੰਬਰ : ਥਾਣਾ ਡੇਹਲੋਂ ਦੇ ਇਲਾਕੇ ’ਚ ਕਾਰ ਸਵਾਰ 5 ਹਮਲਾਵਰਾਂ ਨੇ ਇਕ ਸੀਨੀਅਰ ਆਮ ਆਦਮੀ ਪਾਰਟੀ ਨੇਤਾ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਘਰ ’ਤੇ ਫਾਇਰਿੰਗ ਕੀਤੀ।
22 ਸਤੰਬਰ : ਸਾਹਨੇਵਾਲ ਇਲਾਕੇ ’ਚ ਕਾਂਗਰਸੀ ਨੇਤਾ ਅਨੁਜ ਦੇ ਭਰਾ ਅਮਿਤ ’ਤੇ ਬਾਈਕ ਸਵਾਰ 2 ਬਦਮਾਸ਼ਾਂ ਨੇ ਅਹਾਤੇ ’ਚ ਗੋਲੀ ਚਲਾਈ। ਅਮਿਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਕੇਸ ਵਿਚ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ।
25 ਸਤੰਬਰ : ਇਕ ਨਿੱਜੀ ਬੈਂਕ ਦੇ ਇਕ ਖੇਤਰੀ ਪ੍ਰਬੰਧਕ ’ਤੇ ਫਿਰੋਜ਼ ਗਾਂਧੀ ਮਾਰਕੀਟ ’ਚ ਸ਼ਾਖਾ ਦੇ ਬਾਹਰ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ ਚਲਾਈ ਗਈ ਪਰ ਉਹ ਵਾਲ-ਵਾਲ ਬਚ ਗਏ।
27 ਸਤੰਬਰ : ਮੁੰਡੀਆਂ ਇਲਾਕੇ ’ਚ ਪੈਦਲ ਆ ਰਹੇ ਵਿਅਕਤੀ ਨੇ ਹਵਾਈ ਫਾਇਰ ਕਰ ਕੇ ਐਕਟਿਵਾ ਲੁੱਟੀ, ਮੋਤੀ ਨਗਰ ਥਾਣੇ ਦੀ ਪੁਲਸ ਗਲਾਡਾ ਮੈਦਾਨ ਕੋਲ ਨਾਕਾ ਲਗਾ ਕੇ ਖੜ੍ਹੀ ਸੀ, ਜਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ।
2 ਅਕਤੂਬਰ : ਮੁੰਡੀਆਂ ਕਲਾਂ ਰਾਮ ਨਗਰ ਇਲਾਕੇ ’ਚ ਸੈਲੂਨ ਦਾ ਕੰਮ ਕਰਨ ਵਾਲੇ ਹਿਮਾਂਸ਼ੁੂ (19) ਨੂੰ ਉਸ ਦੇ ਗੁਆਂਢੀ ਨੇ ਗੋਲੀ ਮਾਰ ਦਿੱਤੀ ਸੀ। ਮੁਲਜ਼ਮ ਨੇ ਦੇਸੀ ਕੱਟੇ ਨਾਲ ਗੋਲੀ ਚਲਾਈ ਸੀ। ਮੁਲਜ਼ਮ ਨੂੰ 2 ਦਿਨ ਬਾਅਦ ਪੁਲਸ ਨੇ ਫੜ ਲਿਆ ਸੀ।
3 ਅਕਤੂਬਰ : ਫੌਜੀ ਕਾਲੋਨੀ ’ਚ ਧਾਰਮਿਕ ਸਮਾਗਮ ਦੌਰਾਨ ਪਿਤਾ ਦੇ ਸਾਹਮਣੇ ਉਸ ਦੇ ਬੇਟੇ ਮੋਨੂ ਨੂੰ ਬਦਮਾਸ਼ਾਂ ਨੇ ਗੋਲੀਆ ਮਾਰੀਆਂ। ਮੋਨੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਕੋਲ ਕਾਤਲਾਂ ਦਾ ਕੋਈ ਸੁਰਾਗ ਨਹੀਂ।
5 ਅਕਤੂਬਰ : 2 ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਪੱਖੋਵਾਲ ਰੋਡ ’ਤੇ ਲਲਤੋਂ ਪਿੰਡ ਕੋਲ ਇਕ ਪੁਲਸ ਟੀਮ ’ਤੇ ਗੋਲੀਬਾਰੀ ਕੀਤੀ, ਜਿਸ ਵਿਚ ਪੁਲਸ ਦੀ ਮਦਦ ਕਰਨ ਲਈ ਅੱਗੇ ਆਇਆ ਇਕ ਨਾਗਰਿਕ ਜ਼ਖਮੀ ਹੋ ਗਿਆ।
6 ਅਕਤੂਬਰ : ਥਾਣਾ ਸਰਾਭਾ ਨਗਰ ਪੁਲਸ ਦੇ ਇਲਾਕੇ ’ਚ ਈ. ਟੀ. ਓ. ਨਵਦੀਪ ਸਿੰਘ ਦੇ ਘਰ ਦੇ ਬਾਹਰ ਕਿਸੇ ਅਣਪਛਾਤੇ ਵਿਅਕਤੀ ਨੇ ਕੁਝ ਦਿਨ ਪਹਿਲਾਂ ਫਾਇਰਿੰਗ ਕੀਤੀ ਸੀ। ਇਸ ਮਾਮਲੇ ਵਿਚ ਪੁਲਸ ਦੇ ਹੱਥ ਅਜੇ ਖਾਲੀ ਹਨ।
8 ਅਕਤੂਬਰ : ਥਾਣਾ ਸਦਰ ਦੇ ਇਲਾਕੇ ’ਚ ਫੁਹਾਰਾ ਚੌਕ ਸਥਿਤ ਮਹਿੰਦੀ ਲਗਵਾਉਣ ਨੂੰ ਲੈ ਕੇ ਝਗੜਾ ਹੋਇਆ ਸੀ। ਮਹਿੰਦੀ ਲਗਾਉਣ ਵਾਲੇ ਨੇ ਮਹਿੰਦੀ ਲਗਾਉਣ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਕਾਰਨ ਇਹ ਝਗੜਾ ਹੋਇਆ ਸੀ। ਮਹਿੰਦੀ ਲਗਾਉਣ ਵਾਲੇ ਨੌਜਵਾਨ ਨੂੰ ਛੂਹ ਕੇ ਗੋਲੀ ਨਿਕਲ ਗਈ ਸੀ।
11 ਅਕਤੂਬਰ : ਸ਼ੇਰਪੁਰ ਇਲਾਕੇ ’ਚ ਇਕ ਹਿੰਸਕ ਝੜਪ ਗੋਲੀਬਾਰੀ ਵਿਚ ਬਦਲ ਗਈ, ਜਿਸ ਵਿਚ ਇਕ ਆਇਸਕ੍ਰੀਮ ਵੇਚਣ ਵਾਲਾ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਅਤੇ ਉਸ ਦੇ ਦੋਸਤ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ।
12 ਅਕਤੂਬਰ : ਥਾਣਾ ਟਿੱਬਾ ਦੇ ਇਕਬਾਲ ਨਗਰ ’ਚ ਇਕ ਧਾਰਮਿਕ ਚੌਂਕੀ ਦੌਰਾਨ ਹੁੱਕਾ ਪੀ ਰਹੇ ਨੌਜਵਾਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਗੋਲੀਬਾਰੀ ਹੋਈ, ਜਿਸ ਵਿਚ 3 ਨੌਜਵਾਨ ਜ਼ਖਮੀ ਹੋਏ।
13 ਅਕਤੂਬਰ : ਸਮਰਾਲਾ ਚੌਕ ਕੋਲ ਇਕ ਨੌਜਵਾਨ ’ਤੇ ਗੈਂਗਸਟਰਾਂ ਨੇ ਗੋਲੀ ਚਲਾਈ। ਨੌਜਵਾਨ ਵਾਲ-ਵਾਲ ਬਚ ਗਿਆ। ਪੁਲਸ ਨੇ ਇਕ ਮੁਲਜ਼ਮ ਅਨਮੋਲ ਗਾਬਾ ਅਤੇ ਉਸ ਦੇ ਸਾਥੀਆਂ ਖਿਲਾਫ ਕੇਸ ਦਰਜ ਕੀਤਾ ਹੈ। ਦੋਵੇਂ ਮੁਲਜ਼ਮ ਪ੍ਰਾਪਰਟੀ ਦੇ ਕੰਮ ਨਾਲ ਜੁੜੇ ਹਨ।
17 ਅਕਤੂਬਰ : ਬਸਤੀ ਜੋਧੇਵਾਲ ਇਲਾਕੇ ’ਚ ਫਾਂਬੜਾ ਰੋਡ ਸਥਿਤ ਪ੍ਰੇਮ ਵਿਹਾਰ ਕਾਲੋਨੀ ’ਚ ਗੁਆਂਢੀਆਂ ਵਿਚਕਾਰ ਹੋਈ ਝੜਪ ’ਚ ਗੋਲੀਆਂ ਚੱਲੀਆਂ। ਇਸ ਘਟਨਾ ਵਿਚ ਵਿਨੋਦ ਸ਼ਰਮਾ ਨਾਂ ਦੇ ਵਿਅਕਤੀ ਦੇ ਪੇਟ ’ਚ ਗੋਲੀ ਲੱਗੀ।
19 ਅਕਤੂਬਰ : ਥਾਣਾ ਸਦਰ ਦੇ ਇਲਾਕੇ ਲੋਹਾਰਾ ਰੋਡ ’ਤੇ ਰਿਟਾਇਰ ਫੌਜੀ ਨੰਦ ਲਾਲ ਦੇ ਘਰ ਬਾਈਕ ਸਵਾਰ ਬਦਮਾਸ਼ਾਂ ਨੇ 15 ਤੋਂ 20 ਗੋਲੀਆਂ ਚਲਾਈਆਂ ਹਨ। ਉਸ ਦੇ ਘਰ ਦੇ ਬਾਹਰ ਗੈਂਗਸਟਰ ਕੌਸ਼ਲ ਚੌਧਰੀ ਦੇ ਨਾਂ ਨਾਲ 5 ਕਰੋੜ ਦੀ ਫਿਰੌਤੀ ਦੀ ਪਰਚੀ ਸੁੱਟੀ।
20 ਅਕਤੂਬਰ : ਥਾਣਾ ਡਾਬਾ ’ਚ ਇਕ ਕਾਰੋਬਾਰੀ ਦੇ ਘਰ ਫਿਰੌਤੀ ਲਈ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ। ਪੁਲਸ ਅਜੇ ਤੱਕ ਜਾਂਚ ਕਰ ਰਹੀ ਹੈ ।
21 ਅਕਤੂਬਰ : ਮੁੰਡੀਆਂ ਕਲਾਂ ਇਲਾਕੇ ’ਚ ਦੋਸਤ ਦੀ ਲੜਾਈ ਛੁਡਾਉਣ ਲਈ ਗਏ ਨੌਜਵਾਨ ਨੂੰ ਗੋਲੀ ਮਾਰ ਦਿੱਤੀ, ਨੌਜਵਾਨ ਡੀ. ਐੱਮ. ਸੀ. ਹਸਪਤਾਲ ’ਚ ਦਾਖਲ ਹੈ, ਥਾਣਾ ਜਮਾਲਪੁਰ ਪੁਲਸ ਜਾਂਚ ਕਰ ਰਹੀ ਹੈ।
ਪੰਜਾਬ 'ਚ ਸਰਦੀਆਂ ਦੀ ਦਸਤਕ! ਪੜ੍ਹੋ 26 ਤਾਰੀਖ਼ ਤੱਕ ਮੌਸਮ ਦੀ Latest ਅਪਡੇਟ, ਅਗਲੇ ਦਿਨਾਂ ਦੌਰਾਨ...
NEXT STORY