ਲੁਧਿਆਣਾ (ਰਾਜ) : ਕਮਿਸ਼ਨਰੇਟ ਪੁਲਸ ਲੁਧਿਆਣਾ ਵੱਲੋਂ ਗੁੰਮ ਹੋਏ ਅਤੇ ਵੱਖ-ਵੱਖ ਵਾਰਦਾਤਾਂ 'ਚ ਖੋਹੇ ਗਏ 204 ਮੋਬਾਇਲ ਫੋਨ ਬਰਾਮਦ ਕਰਕੇ ਸਥਾਨਕ ਪੁਲਸ ਲਾਈਨਜ਼ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਮਾਲਕਾਂ ਨੂੰ ਸਪੁਰਦ ਕੀਤੇ ਗਏ। ਜ਼ਿਕਰਯੋਗ ਹੈ ਕਿ ਲੁਧਿਆਣਾ ਸ਼ਹਿਰ ਵਿੱਚ ਵੱਡੇ ਉਦਯੋਗਾਂ ਦੇ ਹੋਣ ਕਾਰਨ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚੋਂ ਲੋਕ ਆਪਣੀ ਮਿਹਨਤ-ਮਜ਼ਦੂਰੀ ਕਰਨ ਲਈ ਆਉਂਦੇ ਹਨ ਅਤੇ ਆਪਣੀ ਲੋੜ ਮੁਤਾਬਕ ਮਿਹਨਤ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ।
ਪਿਛਲੇ ਕੁਝ ਸਮੇਂ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਨ੍ਹਾਂ ਮਜਦੂਰਾਂ ਪਾਸੋਂ ਕਈ ਸ਼ਰਾਰਤੀ ਅਨਸਰ ਉਨ੍ਹਾਂ ਦੇ ਮੋਬਾਇਲ ਫੋਨ ਖੋਹ ਕੇ ਲੈ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਵਿੱਤੀ ਨੁਕਸਾਨ ਤੋਂ ਇਲਾਵਾ ਮਾਨਸਿਕ ਪੀੜਾ ਵੀ ਸਹਿਣ ਕਰਨੀ ਪੈਂਦੀ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਮਿਸ਼ਨਰ ਪੁਲਸ ਲੁਧਿਆਣਾ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਪਬਲਿਕ ਦੇ ਗੁੰਮ ਹੋਏ ਮੋਬਾਇਲ ਫੋਨਾਂ ਨੂੰ ਤੁਰੰਤ ਇਤਲਾਹ ਮਿਲਣ 'ਤੇ ਟਰੇਸ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ।
ਇਸ ਦੇ ਸਾਰਥਕ ਨਤੀਜੇ ਸਾਹਮਣੇ ਆਏ ਅਤੇ ਇਨ੍ਹਾਂ ਮਜ਼ਦੂਰਾਂ ਦੇ ਗੁੰਮ/ਖੋਹੇ ਹੋਏ 204 ਮੋਬਾਇਲ ਫੋਨ ਵੱਖ-ਵੱਖ ਮਾਰਕਾ ਟਰੇਸ ਕਰਕੇ ਬਰਾਮਦ ਕੀਤੇ ਗਏ ਹਨ। ਇਹ ਟਰੇਸ ਕੀਤੇ ਮੋਬਾਇਲ ਫੋਨ ਮਹਿੰਗੇ ਅਤੇ ਸਮਾਰਟਫੋਨ ਹੀ ਹਨ ਅਤੇ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਦੇ ਹੀ ਹਨ। ਪਬਲਿਕ ਦੇ ਹਿੱਤਾਂ ਦੀ ਰਾਖੀ ਕਰਦਿਆਂ ਹੋਇਆਂ ਪੁਲਸ ਦੇ ਯਤਨਾਂ ਸਦਕਾ ਇਨ੍ਹਾਂ ਬਰਾਮਦ ਕੀਤੇ ਮੋਬਾਇਲ ਫੋਨਾਂ ਨੂੰ ਅੱਜ ਕਾਨਫਰੰਸ ਹਾਲ ਪੁਲਸ ਲਾਈਨ ਲੁਧਿਆਣਾ ਵਿਖੇ ਪੁਲਸ ਕਮਿਸ਼ਨਰ ਲੁਧਿਆਣਾ ਦੀ ਰਹਿਨੁਮਾਈ ਹੇਠ ਵਾਰਸਾਂ ਦੇ ਸਪੁਰਦ ਕੀਤੇ ਗਏ। ਪੁਲਸ ਕਮਿਸ਼ਨਰੇਟ ਲੁਧਿਆਣਾ ਵੱਲੋ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜਦੋਂ ਕਿਸੇ ਵੀ ਵਿਅਕਤੀ ਦਾ ਮੋਬਾਇਲ ਫੋਨ ਗੁੰਮ ਹੁੰਦਾ ਹੈ ਤਾਂ ਉਸ ਦੀ ਇਤਲਾਹ ਆਪਣੇ ਨੇੜੇ ਦੇ ਪੁਲਸ ਥਾਣੇ/ਸਾਂਝ ਕੇਂਦਰ 'ਚ ਜ਼ਰੂਰ ਦਿੱਤੀ ਜਾਵੇ ਤਾਂ ਜੋ ਸ਼ਰਾਰਤੀ ਅਨਸਰ ਇਨ੍ਹਾਂ ਮੋਬਾਇਲ ਫੋਨਾਂ ਦਾ ਗਲਤ ਇਸਤੇਮਾਲ ਨਾ ਕਰ ਸਕਣ।
6 ਸਾਲਾ ਮੁੰਡੇ ਨੂੰ ਪਾਲਤੂ ਕੁੱਤੀ ਨੇ ਵੱਢਿਆ, ਸ਼ਿਕਾਇਤ ਕਰਨ 'ਤੇ ਮਾਲਕ ਨੇ ਕੀਤੀ ਕੁੱਟਮਾਰ
NEXT STORY