ਲੁਧਿਆਣਾ (ਰਾਜ): ਮਹਾਨਗਰ ਦੇ ਜ਼ਿਲ੍ਹਾ ਅਦਾਲਤ ਕੰਪਲੈਕਸ ਵਿਚ ਬੁੱਧਵਾਰ ਨੂੰ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਇਕ ਪਬਲਿਕ ਲਿਫਟ ਤਕਨੀਕੀ ਖਰਾਬੀ ਕਾਰਨ ਅਚਾਨਕ ਅੱਧ ਵਿਚਾਲੇ ਹੀ ਰੁਕ ਗਈ। ਇਸ ਦੌਰਾਨ ਲਿਫਟ ਵਿਚ 2 ਵਕੀਲਾਂ ਅਤੇ 1 ਪੁਲਸ ਮੁਲਜ਼ਮ ਸਮੇਤ ਕੁੱਲ 17 ਲੋਕ ਸਵਾਰ ਸਨ, ਜੋ ਕਰੀਬ 20 ਮਿੰਟਾਂ ਤੱਕ ਮੌਤ ਅਤੇ ਜ਼ਿੰਦਗੀ ਵਿਚਾਲੇ ਜੂਝਦੇ ਰਹੇ। ਮੌਕੇ 'ਤੇ ਮੌਜੂਦ ਦੋ ਵਕੀਲਾਂ ਨੇ ਆਪਣੀ ਜਾਨ 'ਤੇ ਖੇਡ ਕੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਮਿਲੀ ਜਾਣਕਾਰੀ ਅਨੁਸਾਰ, ਬੁੱਧਵਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਅਦਾਲਤ ਕੰਪਲੈਕਸ ਵਿਚ ਕੰਮਕਾਜ ਚੱਲ ਰਿਹਾ ਸੀ। ਇਸੇ ਦੌਰਾਨ ਪਬਲਿਕ ਲਿਫਟ ਅਚਾਨਕ ਅੱਧ ਵਿਚਾਲੇ ਅਟਕ ਗਈ। ਲਿਫਟ ਦੇ ਅੰਦਰ ਜਗ੍ਹਾ ਘੱਟ ਅਤੇ ਲੋਕ ਜ਼ਿਆਦਾ ਹੋਣ ਕਾਰਨ ਅੰਦਰ ਦਮ ਘੁੱਟਣ ਵਰਗੀ ਸਥਿਤੀ ਪੈਦਾ ਹੋ ਗਈ। ਅੰਦਰ ਫਸੇ ਲੋਕ ਘਬਰਾਹਟ ਵਿਚ ਸ਼ੋਰ ਮਚਾਉਣ ਲੱਗੇ ਅਤੇ ਮਦਦ ਲਈ ਚੀਕਦੇ ਰਹੇ, ਪਰ ਕਾਫ਼ੀ ਦੇਰ ਤੱਕ ਕੋਈ ਵੀ ਤਕਨੀਕੀ ਸਹਾਇਤਾ ਮੌਕੇ 'ਤੇ ਨਹੀਂ ਪਹੁੰਚੀ।
ਜਦੋਂ ਲਿਫਟ ਦੇ ਅੰਦਰੋਂ ਆਵਾਜ਼ਾਂ ਬਾਹਰ ਆਈਆਂ, ਤਾਂ ਉੱਥੇ ਮੌਜੂਦ ਐਡਵੋਕੇਟ ਪਰਮਿੰਦਰ ਸਿੰਘ ਕੁੱਕੀ ਅਤੇ ਐਡਵੋਕੇਟ ਰਾਹੁਲ ਸ਼ਰਮਾ ਨੇ ਬਿਨਾਂ ਸਮਾਂ ਗਵਾਏ ਕਮਾਨ ਸੰਭਾਲ ਲਈ। ਪ੍ਰਸ਼ਾਸਨ ਜਾਂ ਮਕੈਨਿਕ ਦਾ ਇੰਤਜ਼ਾਰ ਕਰਨ ਦੀ ਬਜਾਏ, ਦੋਵਾਂ ਵਕੀਲਾਂ ਨੇ ਖੁਦ ਹੀ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਦੀ ਮਦਦ ਲਈ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਲਿਫਟ ਦੇ ਦਰਵਾਜ਼ਿਆਂ ਨੂੰ ਜ਼ਬਰਦਸਤੀ ਖੋਲ੍ਹਣ ਵਿਚ ਸਫ਼ਲਤਾ ਹਾਸਲ ਕੀਤੀ। ਦਰਵਾਜ਼ੇ ਥੋੜ੍ਹੇ ਜਿਹੇ ਖੁੱਲ੍ਹਣ ਤੋਂ ਬਾਅਦ ਵਕੀਲਾਂ ਨੇ ਇਕ-ਇਕ ਕਰਕੇ ਸਾਰੇ 17 ਲੋਕਾਂ ਨੂੰ ਬਾਹਰ ਖਿੱਚਣਾ ਸ਼ੁਰੂ ਕੀਤਾ। ਕਰੀਬ 20 ਮਿੰਟ ਤੱਕ ਚੱਲੇ ਇਸ ਹਾਈ-ਵੋਲਟੇਜ ਡਰਾਮੇ ਤੋਂ ਬਾਅਦ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜੇਕਰ ਐਡਵੋਕੇਟ ਕੁੱਕੀ ਅਤੇ ਰਾਹੁਲ ਸ਼ਰਮਾ ਸਮੇਂ ਸਿਰ ਹਿੰਮਤ ਨਾ ਦਿਖਾਉਂਦੇ, ਤਾਂ ਲਿਫਟ ਦੇ ਅੰਦਰ ਆਕਸੀਜਨ ਦੀ ਕਮੀ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਇਸ ਘਟਨਾ ਤੋਂ ਬਾਅਦ ਵਕੀਲਾਂ ਅਤੇ ਆਮ ਜਨਤਾ ਵਿਚ ਅਦਾਲਤ ਕੰਪਲੈਕਸ ਦੀਆਂ ਲਿਫਟਾਂ ਦੀ ਸਾਂਭ-ਸੰਭਾਲ (ਮੇਨਟੇਨੈਂਸ) ਨੂੰ ਲੈ ਕੇ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਇੰਨੀ ਸੰਵੇਦਨਸ਼ੀਲ ਥਾਂ 'ਤੇ ਲਿਫਟਾਂ ਦਾ ਇਸ ਤਰ੍ਹਾਂ ਖਰਾਬ ਹੋਣਾ ਪ੍ਰਸ਼ਾਸਨਿਕ ਲਾਪਰਵਾਹੀ ਦਾ ਜਿਉਂਦਾ-ਜਾਗਦਾ ਸਬੂਤ ਹੈ। ਫਿਲਹਾਲ ਇਸ ਹਾਦਸੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ, ਪਰ ਇਸ ਨੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਪਿੰਡ ਜਖਰਾਵਾਂ ’ਚ ਸਰਚ ਦੌਰਾਨ ਇਕ ਡਰੋਨ ਬਰਾਮਦ
NEXT STORY