ਮੋਗਾ(ਗੋਪੀ ਰਾਊਕੇ, ਆਜ਼ਾਦ)- ਚੋਰੀ ਦੇ ਮੋਟਰਸਾਈਕਲ ਇੱਥੇ ਕਬਾੜ ਬਾਜ਼ਾਰ ਸਥਿਤ ਇਕ ਦੁਕਾਨ ਤੋਂ ਬਰਾਮਦ ਕਰਨ ਲਈ ਆਏ ਲੁਧਿਆਣਾ ਡਵੀਜ਼ਨ ਨੰਬਰ 5 ਥਾਣੇ ਦੇ ਮੁਖੀ ਕੁਲਦੀਪ ਸਿੰਘ ਵੱਲੋਂ ਕਬਾੜ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਨਗਰ ਨਿਗਮ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਕਥਿਤ ਤੌਰ ’ਤੇ ਉਦੋਂ ਥੱਪੜ ਮਾਰ ਦਿੱਤਾ, ਜਦੋਂ ਉਹ ਇਸ ਮਾਮਲੇ ਵਿਚ ਦੁਕਾਨਦਾਰ ਦੇ ਸੱਦੇ ’ਤੇ ਮਾਮਲੇ ਸਬੰਧੀ ਪੁਲਸ ਨਾਲ ਗੱਲਬਾਤ ਕਰਨ ਲਈ ਪੁੱਜੇ ਸਨ। ਪਤਾ ਲੱਗਾ ਹੈ ਕਿ ਲੁਧਿਆਣਾ ਪੁਲਸ ਨੇ ਮੁਨੀਸ਼ ਨਾਂ ਦੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਸੀ, ਜਿਸ ਦੀ ਨਿਸ਼ਾਨਦੇਹੀ ’ਤੇ ਪੁਲਸ ਮੋਗਾ ਪੁੱਜੀ ਸੀ।
ਇਹ ਵੀ ਪੜ੍ਹੋ- ਝੋਨੇ ਦੇ ਸੀਜ਼ਨ ਵੱਲ ਵਧਿਆ ਪੰਜਾਬ ਪਰ ਸੂਬਾ ਕਰ ਰਿਹੈ ਮੰਤਰੀ ਮੰਡਲ ਦੀ ਉਡੀਕ : ਬਾਦਲ
ਦੂਜੇ ਪਾਸੇ ਪਹਿਲਾਂ ਤਾਂ ਥਾਣਾ ਮੁਖੀ ਲੁਧਿਆਣਾ ਕੁਲਦੀਪ ਸਿੰਘ ਨੇ ਥੱਪੜ ਮਾਰਨ ਤੋਂ ਪੂਰੀ ਤਰ੍ਹਾਂ ਨਾਲ ਪੱਲਾ ਝਾੜ ਦਿੱਤਾ ਪਰ ਜਦੋਂ ਇਹ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ਼ ਸਾਹਮਣੇ ਆਈ ਤਾਂ ਸ਼ਹਿਰ ਨਿਵਾਸੀ ਵੱਡੀ ਗਿਣਤੀ ਵਿਚ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਹੱਕ ਵਿਚ ਨਿੱਤਰ ਆਏ ਤੇ ਉਨ੍ਹਾਂ ਪੁਲਸ ਪਾਰਟੀ ਦੀ ਗੱਡੀ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਇਹ ਮਾਮਲਾ ਇੰਨਾ ਵੱਧ ਗਿਆ ਕਿ ਕਬਾੜ ਬਾਜ਼ਾਰ ਅਤੇ ਦੱਤ ਰੋਡ ਤੋਂ ਇਲਾਵਾ ਸ਼ਹਿਰ ਨੂੰ ਜਾਂਦੇ ਰੋਡ ਦੀ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਗਈ ਕਿਉਂਕਿ ਦੇਖਦੇ ਹੀ ਦੇਖਦੇ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਇਸ ਘਟਨਾ ਦੌਰਾਨ ਪੁਲਸ ਵੱਲੋਂ ਕੀਤੇ ਵਰਤਾਰੇ ਦੇ ਵਿਰੋਧ ਵਿਚ ਆ ਗਏ। ਪੁਲਸ ਥਾਣਾ ਸਿਟੀ ਸਾਊਥ ਦੇ ਮੁੱਖੀ ਲਛਮਣ ਸਿੰਘ, ਡੀ. ਐੱਸ. ਪੀ. ਜ਼ਸਨਦੀਪ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁੱਜੇ ਪੁਲਸ ਮੁਲਾਜ਼ਮਾਂ ਨੇ ਮਾਮਲੇ ਨੂੰ ਮਸਾਂ ਕਾਬੂ ਹੇਠ ਕੀਤਾ।
ਇਹ ਵੀ ਪੜ੍ਹੋ- ਡਿਪਟੀ ਕਮਿਸ਼ਨਰ ਵਲੋਂ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਆਦੇਸ਼ ਜਾਰੀ
ਸਾਬਕਾ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ, ਕੌਂਸਲਰ ਹੈਪੀ ਕਾਨਪੁਰੀਆਂ, ਪ੍ਰਧਾਨ ਜਤਿੰਦਰ ਕੁਮਾਰ ਨੀਲਾ ਧਮੀਜਾ ਤੇ ਹੋਰਨਾਂ ਨੇ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਸਰਗਰਮ ਰਾਜਨੀਤੀ ਵਿਚ ਵਿਚਰਦੇ ਆ ਰਹੇ ਹੋਣ ਕਰਕੇ ਡਿਪਟੀ ਮੇਅਰ ਅਸ਼ੋਕ ਧਮੀਜਾ ਦਾ ਵੱਡਾ ਰਸੂਖ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਸ੍ਰੀ ਧਮੀਜਾ ਦਾ ਕੋਈ ਲੈਣਾ ਦੇਣਾ ਨਹੀਂ ਸੀ ਅਤੇ ਉਹ ਕਬਾੜ ਬਾਜ਼ਾਰ ਦੇ ਪ੍ਰਧਾਨ ਦੇ ਤੌਰ ’ਤੇ ਮਾਮਲੇ ਸਬੰਧੀ ਗੱਲਬਾਤ ਕਰਨ ਗਏ ਸਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਵਰਤਾਰਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸ੍ਰੀ ਧਮੀਜਾ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜ੍ਹੋ- ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ 2 ਮਹੀਨਿਆਂ ਬਾਅਦ ਸ਼ੁਰੂ ਹੋਈ ਅੰਤਰਰਾਸ਼ਟਰੀ ਉਡਾਨ
ਇਸ ਮਗਰੋਂ ਦੋਹਾਂ ਧਿਰਾਂ ਨੂੰ ਡੀ. ਐੱਸ. ਪੀ. ਦਫ਼ਤਰ ਮੋਗਾ ਵਿਖੇ ਬੁਲਾਇਆ ਗਿਆ। ਦੇਰ ਸ਼ਾਮ ਤੱਕ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਾ ਸੀ। ਡੀ. ਐੱਸ. ਪੀ. ਜਸ਼ਨਦੀਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਕਾਰਵਾਈ ਹਾਲੇ ਚੱਲ ਰਹੀ ਹੈ।
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ 2 ਮਹੀਨਿਆਂ ਬਾਅਦ ਸ਼ੁਰੂ ਹੋਈ ਅੰਤਰਰਾਸ਼ਟਰੀ ਉਡਾਣ
NEXT STORY