ਲੁਧਿਆਣਾ (ਰਾਜ)- ਸੋਮਵਾਰ ਨੂੰ ਪੁਲਸ ਕਮਿਸ਼ਨਰ ਦਫ਼ਤਰ ਦੇ ਬਾਹਰ ਉਸ ਵੇਲੇ ਮਾਹੌਲ ਗਰਮਾ ਗਿਆ, ਜਦੋਂ ਇਨਸਾਫ਼ ਦੀ ਗੁਹਾਰ ਲੈ ਕੇ ਤਿੰਨ ਪਰਿਵਾਰ ਇੱਕਠੇ ਧਰਨੇ ’ਤੇ ਬੈਠ ਗਏ। ਆਪਣਿਆਂ ਨੂੰ ਖੋਹਣ ਦੇ ਗ਼ਮ ਤੇ ਪੁਲਸ ਦੀ ਕਾਰਵਾਈ ਤੋਂ ਅਸੰਤੁਸ਼ਟ ਇਨ੍ਹਾਂ ਪਰਿਵਾਰਾਂ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਸਿਸਟਮ ''ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਪ੍ਰਦਰਸ਼ਨਕਾਰੀਆਂ ਦਾ ਸਾਫ਼ ਕਹਿਣਾ ਹੈ ਕਿ ਪੁਲਸ ਮੁਲਜ਼ਮਾਂ ਨੂੰ ਫੜਨ ਦੀ ਬਜਾਏ ਸਿਰਫ਼ ਭਰੋਸੇ ਦੀ ਖੇਡ ਖੇਡ ਰਹੀ ਹੈ, ਜਦਕਿ ਮੁਲਜ਼ਮ ਔਰਤਾਂ ਸ਼ਰੇਆਮ ਘੁੰਮ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੀਆਂ ਹਨ।
ਧਰਨੇ ’ਤੇ ਬੈਠੇ ਨਿਖਿਲ ਦੇ ਪਰਿਵਾਰ ਦਾ ਦਰਦ ਛਲਕ ਪਿਆ। ਉਨ੍ਹਾਂ ਦੱਸਿਆ ਕਿ ਪੁੱਤਰ ਦੀ ਖੁਦਕੁਸ਼ੀ ਨੂੰ 6 ਮਹੀਨੇ ਬੀਤ ਚੁੱਕੇ ਹਨ ਪਰ ਪੁਲਸ ਦੀ ਫਾਈਲ ਅੱਜ ਵੀ ਉੱਥੇ ਦੀ ਉੱਥੇ ਹੀ ਦੱਬੀ ਹੋਈ ਹੈ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਅੰਤਿਮ ਸੰਸਕਾਰ ਵੇਲੇ ਤਾਂ ਪੁਲਸ ਨੇ ਜਲਦ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ ਸੀ ਪਰ ਹੁਣ ਹਰ ਰੋਜ਼ ਉਨ੍ਹਾਂ ਨੂੰ ਟਾਲ-ਮਟੋਲ ਕਰਕੇ ਥਾਣੇ ਤੋਂ ਟਾਲ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਪਤਨੀ ਅਤੇ ਸੱਸ ਦੀ ਪਰੇਸ਼ਾਨੀ ਕਾਰਨ ਜਾਨ ਗੁਆਉਣ ਵਾਲੇ ਵਿਕਰਮਜੀਤ ਸਿੰਘ ਉਰਫ਼ ਬਬਲੂ ਦੇ ਪਰਿਵਾਰ ਨੇ ਵੀ ਪੁਲਸ ਦੀ ਕਾਰਜਪ੍ਰਣਾਲੀ ’ਤੇ ਭੜਾਸ ਕੱਢੀ।
ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨ ਅੰਨ੍ਹਾ ਹੋ ਚੁੱਕਾ ਹੈ ਤੇ ਮੁਲਜ਼ਮਾਂ ਦੇ ਟਿਕਾਣਿਆਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਪੁਲਸ ਹੱਥ ''ਤੇ ਹੱਥ ਧਰ ਕੇ ਬੈਠੀ ਹੈ। ਹਾਲਾਂਕਿ ਹੰਗਾਮੇ ਦੀ ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਸਾਰੇ ਮਾਮਲਿਆਂ ਦੀਆਂ ਫਾਈਲਾਂ ਦੁਬਾਰਾ ਘੋਖੀਆਂ ਜਾ ਰਹੀਆਂ ਹਨ ਤੇ ਬਹੁਤ ਜਲਦ ਮੁਲਜ਼ਮਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ। ਪੁਲਸ ਦੇ ਪੁਖ਼ਤਾ ਭਰੋਸੇ ਤੋਂ ਬਾਅਦ ਹੀ ਪੀੜਤ ਪਰਿਵਾਰ ਸ਼ਾਂਤ ਹੋਏ ਅਤੇ ਉੱਥੋਂ ਹਟੇ, ਹਾਲਾਂਕਿ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਕਾਰਵਾਈ ਨਾ ਹੋਈ ਤਾਂ ਉਹ ਦੁਬਾਰਾ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ।
ਭਾਜਪਾ ਫਾਜ਼ਿਲਕਾ ਕੋਰ ਕਮੇਟੀ ਦੀ ਮੀਟਿੰਗ ’ਚ ਨਗਰ ਕੌਂਸਲ ਚੋਣਾਂ ਲਈ ਬਣਾਈ ਗਈ ਰਣਨੀਤੀ
NEXT STORY