ਲੁਧਿਆਣਾ (ਖੁਰਾਣਾ) : ਸਬਜ਼ੀ ਮੰਡੀ ’ਚ ਕੋਰੋਨਾ ਮਹਾਮਾਰੀ ਤੋਂ ਬਚਾਅ ਨੂੰ ਲੈ ਕੇ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਲਗਾਤਾਰ ਤਿੱਖੇ ਤੇਵਰ ਅਪਣਾਏ ਜਾ ਰਹੇ ਹਨ। ਇਸੇ ਕੜੀ ਤਹਿਤ ਐੱਸ. ਐੱਚ. ਓ. ਬਸਤੀ ਜੋਧੇਵਾਲ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਮੁਹਿੰਮ ਛੇੜਦੇ ਹੋਏ ਨਿਯਮਾਂ ਨਾਲ ਖੇਡਣ ਵਾਲੇ ਕਰੀਬ 28 ਵਿਅਕਤੀਆਂ ਦੇ ਚਲਾਨ ਕੱਟ ਕੇ ਮੌਕੇ ’ਤੇ ਹੀ ਜ਼ੁਰਮਾਨਾ ਵਸੂਲਿਆ। ਨਿਯਮਾਂ ਦੀ ਅਣਦੇਖੀ ਕਰਨ ਦੇ ਉਕਤ ਕੇਸ 'ਚ ਬਿਨਾਂ ਮਾਸਕ ਅਤੇ ਸਮਾਜਿਕ ਦੂਰੀ ਵਰਗੇ ਪ੍ਰਬੰਧਾਂ ਦੀਆਂ ਧੱਜੀਆਂ ਉਡਾਉਣ ਵਾਲੇ ਲੋਕ ਸ਼ਾਮਲ ਰਹੇ।
ਪੁਲਸ ਵੱਲੋਂ ਅਪਣਾਈ ਗਈ ਸਖਤੀ ਨੂੰ ਲੈ ਕੇ ਹਾਲਾਂਕਿ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਰਾਜੂ ਮਲਿਕ ਅਤੇ ਪ੍ਰਧਾਨ ਗੁਰਕਮਲ ਸਿੰਘ ਈਲੂ ਆਦਿ ਨੇ ਅਰਸ਼ਪ੍ਰੀਤ ਕੌਰ ਨੂੰ ਤਰਕ ਦਿੱਤਾ ਕਿ ਸਬਜ਼ੀ ਮੰਡੀ ’ਚ ਸਬਜ਼ੀਆਂ ਅਤੇ ਫਲਾਂ ਦੀ ਵਿਕਰੀ ਦਾ ਪੂਰਾ ਸਿਸਟਮ ਹੋਲਸੇਲ ਹੋਣ ਦੇ ਬਾਵਜੂਦ ਜ਼ਿਆਦਾਤਰ ਔਰਤਾਂ ਅਤੇ ਹੋਰ ਸ਼ਹਿਰ ਵਾਸੀ ਪਰਚੂਨ 'ਚ ਹੀ ਖਰੀਦਦਾਰੀ ਕਰਨ ਲਈ ਮੰਡੀ ’ਚ ਪੁੱਜ ਰਹੇ ਹਨ, ਜਿਸ ਕਾਰਨ ਇਥੇ ਭੀੜ ਜਮ੍ਹਾ ਹੋ ਜਾਂਦੀ ਹੈ। ਇਸੇ ਦੌਰਾਨ ਐੱਸ. ਐੱਚ. ਓ. ਅਰਸ਼੍ਰਪੀਤ ਕੌਰ ਵੱਲੋਂ ਕੁੱਝ ਆੜ੍ਹਤੀਆਂ ਦੇ ਚਲਾਨ ਕੱਟਣ ਸਬੰਧੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਚੇਅਰਮੈਨ ਮਲਿਕ ਅਤੇ ਪ੍ਰਧਾਨ ਈਲੂ ਦੀ ਅਗਵਾਈ 'ਚ ਵਿਧਾਇਕ ਸੰਜੇ ਤਲਵਾੜ ਨਾਲ ਬੈਠਕ ਕਰ ਕੇ ਆੜ੍ਹਤੀਆਂ ਦੀਆਂ ਪਰੇਸ਼ਾਨੀਆਂ ਦਾ ਮੁੱਦਾ ਚੁੱਕਿਆ।
ਆੜ੍ਹਤੀਆਂ ਨੇ ਕਿਹਾ ਕਿ ਸਬਜ਼ੀ ਮੰਡੀ ’ਚ ਜੁੱਟਣ ਵਾਲੀ ਲਾਪਰਵਾਹ ਜਨਤਾ ਦੀ ਭੀੜ ਸਬੰਧੀ ਜਦੋਂ ਮੀਡੀਆ 'ਚ ਖ਼ਬਰ ਪ੍ਰਕਾਸ਼ਿਤ ਹੁੰਦੀ ਹੈ ਤਾਂ ਇਸ ਦਾ ਨਜ਼ਲਾ ਵੀ ਆੜ੍ਹਤੀਆਂ ’ਤੇ ਹੀ ਡਿੱਗਦਾ ਹੈ। ਉਨ੍ਹਾਂ ਨੇ ਵਿਧਾਇਕ ਤਲਵਾੜ ਤੋਂ ਮੰਗ ਕੀਤੀ ਹੈ ਕਿ ਉਹ ਆੜ੍ਹਤੀ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੁਲਸ ਪ੍ਰਸ਼ਾਸਨ ਨੂੰ ਨਰਮ ਰੁਖ ਅਪਣਾਉਣ ਸਬੰਧੀ ਹਦਾਇਤਾਂ ਦੇਣ।
ਪੁਲਸ ਕਮਿਸ਼ਨਰ ਅਤੇ ਏ. ਡੀ. ਸੀ. ਪੀ. ਪਾਰਿਕ ਨੂੰ ਵੀ ਮਿਲੇ ਆੜ੍ਹਤੀ
ਵਿਧਾਇਕ ਸੰਜੇ ਤਲਵਾੜ ਵੱਲੋਂ ਆੜ੍ਹਤੀ ਰਾਜੂ ਮਲਿਕ, ਗੁਰਕਮਲ ਸਿੰਘ ਈਲੂ, ਗੁਰਵਿੰਦਰ ਸਿੰਘ ਮੰਗਾ, ਰੋਹਿਤ ਮਲਿਕ ਆਦਿ ਦੀਆਂ ਉਕਤ ਸਮੱਸਿਆਵਾਂ ਸਬੰਧੀ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਏ. ਡੀ. ਸੀ. ਪੀ. ਦੀਪਕ ਪਾਰਿਕ ਨੂੰ ਫੋਨ ’ਤੇ ਜਾਣੂ ਕਰਵਾਉਣ ਉਪਰੰਤ ਆੜ੍ਹਤੀਆਂ ਦੇ ਵਫਦ ਨੇ ਸੀ. ਪੀ. ਅਤੇ ਏ. ਡੀ. ਸੀ. ਪੀ. ਨਾਲ ਬੈਠਕ ਕਰ ਕੇ ਆਪਣੀਆਂ ਸਮੱਸਿਆਵਾਂ ਰੱਖੀਆਂ, ਜਿਸ ’ਤੇ ਅਧਿਕਾਰੀਆਂ ਨੇ ਦੋ ਟੁਕ ਲਫਜ਼ਾਂ 'ਚ ਕਿਹਾ ਕਿ ਸਾਡੀ ਪਹਿਲ ਹੈ ਕਿ ਕੋਰੋਨਾ ਤੋਂ ਬਚਾਅ ਨੂੰ ਲੈ ਕੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ, ਜਿਸ ਦੇ ਲਈ ਆੜ੍ਹਤੀ ਭਾਈਚਾਰੇ ਨੂੰ ਅੱਗੇ ਆਉਣ ਦੀ ਲੋੜ ਹੈ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਮੰਡੀ 'ਚ ਕੋਈ ਵੀ ਆੜ੍ਹਤੀ ਜਾਂ ਖਰੀਦਦਾਰ ਨਿਯਮਾਂ ਦੀ ਅਣਦੇਖੀ ਕਰਦਾ ਹੈ ਤਾਂ ਉਸ ਦੇ ਖਿਲਾਫ ਜ਼ੁਰਮਾਨੇ ਦੇ ਨਾਲ ਹੀ ਪਰਚਾ ਦਰਜ ਕੀਤਾ ਜਾਵੇਗਾ। ਰਾਜੂ ਮਲਿਕ ਅਤੇ ਪ੍ਰਧਾਨ ਈਲੂ ਨੇ ਆੜ੍ਹਤੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰੇ, ਨਹੀਂ ਤਾਂ ਐਸੋਸੀਏਸ਼ਨ ਅਜਿਹੇ ਆੜ੍ਹਤੀਆਂ ਦੇ ਨਾਲ ਖੜ੍ਹੀ ਨਹੀਂ ਹੋਵੇਗੀ।
ਕਰਜ਼ੇ ਤੋਂ ਪਰੇਸ਼ਾਨ ਭੇਤਭਰੀ ਹਾਲਤ 'ਚ ਗੁੰਮ ਹੋਇਆ ਕਿਸਾਨ, ਪਰਿਵਾਰ ਨੂੰ ਖੁਦਕਸ਼ੀ ਦਾ ਖਦਸ਼ਾ
NEXT STORY