ਲੁਧਿਆਣਾ (ਰਾਜ): ਮਹਾਨਗਰ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਉਸ ਵੇਲੇ ਤਾਰ-ਤਾਰ ਹੋ ਗਈ, ਜਦੋਂ ਥਾਣਾ ਡਵੀਜ਼ਨ ਨੰਬਰ 7 ਦੇ ਅਧੀਨ ਆਉਂਦੀ ਸੰਜੇ ਗਾਂਧੀ ਕਾਲੋਨੀ (ਸੈਕਟਰ 32) ਵਿਚ ਬਦਮਾਸ਼ਾਂ ਨੇ ਪੂਰੀ ਰਾਤ ਦਹਿਸ਼ਤ ਫ਼ੈਲਾਈ। ਗੋਪਾਲ ਨੰਗਰ ਨੇੜੇ ਸਥਿਤ ਇਸ ਇਲਾਕੇ ਵਿਚ ਬਦਮਾਸ਼ਾਂ ਨੇ ਦਹਿਸ਼ਤ ਦਾ ਅਜਿਹਾ ਮੰਜ਼ਰ ਪੈਦਾ ਕੀਤਾ ਕਿ ਲੋਕ ਰਾਤ ਭਰ ਆਪਣੇ ਘਰਾਂ ਵਿਚ ਲੁਕ ਕੇ ਸਲਾਮਤੀ ਮੰਗਦੇ ਰਹੇ। ਅੱਧੀ ਰਾਤ ਨੂੰ ਸ਼ੁਰੂ ਹੋਇਆ ਇਹ ਖ਼ੂਨੀ ਖੇਡ ਸਵੇਰੇ ਸਾਢੇ ਪੰਜ ਵਜੇ ਤਕ ਰੁਕ-ਰੁਕ ਕੇ ਚਲਦਾ ਰਿਹਾ ਤੇ ਬਦਮਾਸ਼ ਪੁਲਸ ਦੀ ਨੱਕ ਹੇਠ ਸ਼ਰੇਆਮ ਤਲਵਾਰਾਂ ਲਹਿਰਾਉਂਦੇ ਰਹੇ।
ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਰਾਤ ਤਕਰੀਬਨ 12 ਵਜੇ ਅਚਾਨਕ ਗਲੀਆਂ ਵਿਚ ਗਾਲ੍ਹਾਂ ਦੇ ਰੌਲ਼ੇ ਨਾਲ ਇੱਟਾਂ-ਰੋੜੇ ਚੱਲਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਵੇਖਦੇ ਹੀ ਵੇਖਦੇ ਤਕਰੀਬਨ 6 ਨਕਾਬਪੋਸ਼ ਬਦਮਾਸ਼ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਦੇ ਹੱਥਾਂ ਵਿਚ ਨੰਗੀਆਂ ਤਲਵਾਰਾਂ ਤੇ ਤੇਜ਼ਦਾਰ ਹਥਿਆਰ ਚਮਕ ਰਹੇ ਸਨ। ਇਨ੍ਹਾਂ ਬਦਮਾਸ਼ਾਂ ਨੇ ਇਲਾਕੇ ਵਿਚ ਇਕ ਤੋਂ ਬਾਅਦ ਇਕ ਚੱਕਰ ਲਗਾਏ ਤੇ ਰਾਹ ਵਿਚ ਖੜ੍ਹੀਆਂ ਗੱਡੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਜੋ ਵੀ ਵਾਹਨ ਸਾਹਮਣੇ ਆਇਆ, ਬਦਮਾਸ਼ਾਂ ਨੇ ਉਸ 'ਤੇ ਤਲਵਾਰਾਂ ਤੇ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ।
ਹੋਰ ਤਾਂ ਹੋਰ, ਬਦਮਾਸ਼ ਆਪ ਹੀ ਇਸ ਦਹਿਸ਼ਤਗਰਦੀ ਦੀ ਵੀਡੀਓ ਵੀ ਬਣਾ ਰਹੇ ਸਨ। ਗਲੀ ਦੇ ਦੋਵੇਂ ਪਾਸਿਓਂ ਪੱਥਰਬਾਜ਼ੀ ਹੋ ਰਹੀ ਸੀ, ਜਿਸ ਨਾਲ ਪੂਰਾ ਇਲਾਕਾ ਜੰਗ ਦੇ ਮੈਦਾਨ ਵਿਚ ਤਬਦੀਲ ਹੋ ਗਿਆ। ਲੋਕਾਂ ਦਾ ਦੋਸ਼ ਹੈ ਕਿ ਰਾਤ ਭਰ ਇਹ ਤਾਂਡਵ ਚਲਦਾ ਰਿਹਾ ਤੇ ਪੁਲਸ ਦੀ ਪੀ. ਸੀ. ਆਰ. ਵੈਨ ਵੀ ਆਈ, ਪਰ ਜਿਉਂ ਹੀ ਸਾਇਰਨ ਦੀ ਆਵਾਜ਼ ਸੁਣੀ, ਬਦਮਾਸ਼ ਗਲੀਆਂ ਵਿਚ ਲੁਕ ਜਾਂਦੇ ਸੀ ਤੇ ਪੁਲਸ ਦੇ ਜਾਂਦੇ ਹੀ ਦੁਬਾਰਾ ਹਮਲਾ ਸ਼ੁਰੂ ਕਰ ਦਿੰਦੇ ਸਨ।
ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਇਸ ਸਬੰਧੀ ਸੀ. ਸੀ. ਟੀ. ਵੀ. ਫੁਟੇਜ ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਵੀਡੀਓ ਦੇ ਅਧਾਰ 'ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਲੁਧਿਆਣਾ 'ਚ ਬਦਮਾਸ਼ਾਂ ਦੀ ਦਹਿਸ਼ਤ! ਸਾਰੀ ਰਾਤ ਲਹਿਰਾਉਂਦੇ ਰਹੇ ਤਲਵਾਰਾਂ, ਚਲਾਏ ਇੱਟਾਂ-ਰੋੜੇ, ਭੰਨ੍ਹੀਆਂ ਗੱਡੀਆਂ
NEXT STORY