ਲੁਧਿਆਣਾ (ਜ.ਬ.) : ਹਲਕਾ ਆਤਮ ਨਗਰ ਵਿਚ ਬੀਤੇ ਦਿਨੀਂ ਲੋਕ ਇਨਸਾਫ਼ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰਾਂ ਦੇ ਹਮਾਇਤੀਆਂ ਦਰਮਿਆਨ ਹੋਏ ਹਿੰਸਕ ਝਗੜੇ ਤੋਂ ਬਾਅਦ ਪੁਲਸ ਨੇ ਕੇਸ ਦਾ ਸਖ਼ਤ ਨੋਟਿਸ ਲਿਆ ਹੈ। ਜਿੱਥੇ ਸਿਮਰਜੀਤ ਬੈਂਸ ਅਤੇ ਉਸ ਦੇ ਹਮਾਇਤੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦੇ ਦੋਸ਼ ’ਚ ਐੱਫ. ਆਈ. ਆਰ. ਦਰਜ ਕਰ ਲਈ ਸੀ, ਨਾਲ ਹੀ ਨਾਟਕੀ ਢੰਗ ਨਾਲ ਗ੍ਰਿਫ਼ਤਾਰੀ ਦੇ ਉਸੇ ਦਿਨ ਦੇਰ ਰਾਤ ਪੁਲਸ ਵੱਲੋਂ ਬੈਂਸ ਨੂੰ ਜਾਂਚ ਦੇ ਨਾਮ ’ਤੇ ਰਿਹਾਅ ਕਰ ਦਿੱਤਾ ਗਿਆ ਸੀ ਪਰ ਇਸ ਮਾਮਲੇ ਦੀ ਅਗਲੀ ਕਾਰਵਾਈ ਲਈ ਜ਼ਿਲ੍ਹਾ ਪੁਲਸ ਵੱਲੋਂ ਐੱਸ. ਆਈ. ਟੀ. ਬਣਾਈ ਗਈ ਹੈ। ਜਿੱਥੇ ਘਟਨਾ ਸਬੰਧੀ ਪ੍ਰਤੱਖ ਦੇਖਣ ਵਾਲਿਆਂ ਦੇ ਬਿਆਨ ਲਏ ਗਏ ਹਨ ਅਤੇ ਘਟਨਾ ਸਥਾਨ ਵਾਲੀ ਰੋਡ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀਡੀਓ ਅਤੇ ਆਡੀਓ ਕਲਿੱਪ ਅਤੇ ਸੋਸ਼ਲ ਮੀਡੀਆ ’ਤੇ ਆਈਆਂ ਕਈ ਵੀਡੀਓ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਨਵਾਂ ਅਲਰਟ ਜਾਰੀ, ਜਾਣੋ ਅਗਲੇ 3 ਦਿਨ ਕਿਹੋ ਜਿਹਾ ਰਹੇਗਾ
ਐੱਸ. ਆਈ. ਟੀ. ਦੇ ਮੈਂਬਰ ਅਤੇ ਪੁਲਸ ਕਮਿਸ਼ਨਰ (ਦਿਹਾਤੀ) ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਅਜੇ ਜਾਂਚ ਚੱਲ ਰਹੀ ਹੈ ਅਤੇ ਮਹੱਤਵਪੂਰਨ ਤੱਥਾਂ ਨੂੰ ਫਾਰੈਂਸਿਕ ਜਾਂਚ ਲਈ ਭੇਰਿਆ ਗਿਆ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ ਦਾ ਖ਼ੁਲਾਸਾ ਕੀਤਾ ਜਾਵੇਗਾ ਅਤੇ ਨਾਮਜ਼ਦ ਕੀਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਕੀਤੀ ਜਾਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਸਿਮਰਜੀਤ ਸਿੰਘ ਬੈਂਸ ਨੇ ਇਸ ਘਟਨਾ ਦੀ ਜਾਂਚ ਕਰਨ ਦੀ ਮੰਗ ਉਠਾਈ ਸੀ, ਜਿਸ ਦੇ ਆਧਾਰ ’ਤੇ ਪੁਲਸ ਨੇ ਉਨ੍ਹਾਂ ਨੂੰ ਕਸਟਡੀ ’ਚੋਂ ਰਿਹਾਅ ਕੀਤਾ ਸੀ। ਹਾਲਾਂਕਿ ਪੁਲਸ ਅਜੇ ਵੀ ਮਾਹੌਲ ਸ਼ਾਂਤ ਰੱਖਣ ਦਾ ਦਾਅਵਾ ਕਰ ਰਹੀ ਹੈ ਅਤੇ ਪ੍ਰਤੱਖ ਦੇਖਣ ਵਾਲਿਆਂ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਪਰ ਚੋਣਾਂ ਦੌਰਾਨ ਹੀ ਆਤਮ ਨਗਰ ’ਚ ਬੈਂਸ ਅਤੇ ਕੜਵਲ ਦੇ ਹਮਾਇਤੀਆਂ ਵਿਚਕਾਰ ਅੱਧਾ ਦਰਜਨ ਤੋਂ ਜ਼ਿਆਦਾ ਹਿੰਸਕ ਵਾਰਦਾਤਾਂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਚੋਣ ਮੈਦਾਨ 'ਚ ਸਰਗਰਮ ਹੋਏ 'ਸੁਨੀਲ ਜਾਖੜ', ਚੋਣ ਮੁਹਿੰਮ ਦੀ ਕਮਾਨ ਸੰਭਾਲੀ
ਵਾਰਦਾਤ ’ਚ ਵਰਤਿਆ ਲਾਇਸੈਂਸੀ ਜਾਂ ਨਾਜਾਇਜ਼ ਅਸਲਾ
ਚੋਣਾਂ ਦੇ ਮੱਦੇਨਜ਼ਰ ਪੁਲਸ ਵੱਲੋਂ ਲੋਕਾਂ ਤੋਂ ਲਾਇਸੈਂਸੀ ਅਸਲਾ ਜਮ੍ਹਾਂ ਕਰਵਾਉਣ ’ਚ ਤੇਜ਼ੀ ਫੜ੍ਹੀ ਗਈ ਸੀ ਅਤੇ ਜ਼ਿਲ੍ਹਾ ਪੁਲਸ ਦਾ ਦਾਅਵਾ ਹੈ ਕਿ ਸ਼ਹਿਰ ਦਾ 99 ਫ਼ੀਸਦੀ ਅਸਲਾ ਜਮ੍ਹਾਂ ਕਰਵਾ ਲਿਆ ਗਿਆ ਹੈ ਪਰ ਸ਼ਿਮਲਾਪੁਰੀ ਇਲਾਕੇ ’ਚ ਸ਼ਰੇਆਮ ਗੁੰਡਾਗਰਦੀ ਦਾ ਜੋ ਨੰਗਾ-ਨਾਚ ਦੋ ਪਾਰਟੀਆਂ ਦੇ ਹਮਾਇਤੀਆਂ ਨੇ ਦਿਖਾਇਆ, ਉਸ ਨੂੰ ਦੇਖਣ ਤੋਂ ਬਾਅਦ ਪੁਲਸ ਦੇ ਦਾਅਵੇ ਹਵਾ ਹਵਾਈ ਲੱਗ ਰਹੇ ਹਨ ਕਿਉਂਕਿ ਉੱਥੇ ਫਾਇਰਿੰਗ ਵੀ ਹੋਈ, ਜਿਸ ਦੀ ਆਵਾਜ਼ ਲੋਕਾਂ ਨੇ ਸੁਣੀ ਅਤੇ ਗੋਲੀਆਂ ਚੱਲਦੀਆਂ ਦਿਖਾਈਆਂ ਦਿੱਤੀਆਂ ਪਰ ਹੁਣ ਤੱਕ ਪੁਲਸ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਅਸਲਾ ਨਾਜਾਇਜ਼ ਜਾਂ ਲਾਇਸੈਂਸੀ ਸੀ, ਜਿਸ ਦੇ ਲਈ ਅਧਿਕਾਰੀਆਂ ਵੱਲੋਂ ਜਾਂਚ ਦੀ ਗੱਲ ਕਹੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦਲਿਤ ਚਿਹਰਾ ਹੋਣ ’ਤੇ CM ਚੰਨੀ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ: ਗੁਰਜੀਤ ਔਜਲਾ
NEXT STORY