ਵੈੱਬ ਡੈਸਕ - ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਅਸੀਂ ਪਰਿਵਾਰ ਜਾਂ ਦੋਸਤਾਂ ਨਾਲ ਕਿਸੇ ਸਮਾਜਿਕ, ਰਾਜਨੀਤਿਕ ਜਾਂ ਧਾਰਮਿਕ ਮੁੱਦੇ 'ਤੇ ਬਹਿਸ ਕਰਦੇ ਹਾਂ, ਤਾਂ ਅਚਾਨਕ ਗੁੱਸਾ ਵਧਣ ਲੱਗਦਾ ਹੈ ਅਤੇ ਗਲਾ ਸੁੱਕਣ ਲੱਗਦਾ ਹੈ। ਮਨੋਵਿਗਿਆਨੀਆਂ ਅਨੁਸਾਰ, ਇਸ ਦਾ ਕਾਰਨ ਸਾਡਾ ਦਿਮਾਗ ਹੈ। ਅਮਰੀਕੀ ਮਨੋਵਿਗਿਆਨੀ ਕੀਥ ਬੇਲੀਜੀ ਮੁਤਾਬਕ, ਸਾਡਾ ਦਿਮਾਗ ਅਸਹਿਮਤੀ ਨੂੰ ਇਕ ਖ਼ਤਰੇ ਵਜੋਂ ਲੈਂਦਾ ਹੈ। ਜਦੋਂ ਸਾਡੀਆਂ ਮਾਨਤਾਵਾਂ ਨੂੰ ਚੁਣੌਤੀ ਦਿੱਤੀ ਜਾਂਦੀ ਹੈ, ਤਾਂ ਦਿਮਾਗ ਇਸ ਨੂੰ ਇਕ ਹਮਲਾ ਮੰਨ ਕੇ 'ਸਰਵਾਈਵਲ ਮੋਡ' (ਰੱਖਿਆਤਮਕ ਮੋਡ) 'ਚ ਚਲਾ ਜਾਂਦਾ ਹੈ, ਜਿਸ ਕਾਰਨ ਇਨਸਾਨ ਜ਼ਿੱਦੀ ਹੋ ਜਾਂਦਾ ਹੈ।
ਪਛਾਣ ਨਾਲ ਜੁੜੀ ਹੁੰਦੀ ਹੈ ਰਾਏ
ਮਨੋਵਿਗਿਆਨੀ ਡੇਰਿਲ ਵੈਨ ਟੋਂਗੇਰੇਨ ਦੱਸਦੇ ਹਨ ਕਿ ਕਿਸੇ ਵਿਅਕਤੀ ਦੀ ਰਾਏ ਸਿਰਫ਼ ਇਕ ਵਿਚਾਰ ਨਹੀਂ ਹੁੰਦੀ, ਸਗੋਂ ਉਸ ਦੀ ਪਛਾਣ ਦਾ ਹਿੱਸਾ ਹੁੰਦੀ ਹੈ। ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਵਿਚਾਰਧਾਰਾ ਹੀ ਉਨ੍ਹਾਂ ਦੀ ਸ਼ਖਸੀਅਤ ਹੈ। ਇਸ ਲਈ, ਜਦੋਂ ਉਨ੍ਹਾਂ ਦੇ ਵਿਸ਼ਵਾਸ ਨੂੰ ਚੁਣੌਤੀ ਮਿਲਦੀ ਹੈ, ਤਾਂ ਉਹ ਖੁਦ ਨੂੰ ਖ਼ਤਰੇ 'ਚ ਮਹਿਸੂਸ ਕਰਨ ਲੱਗਦੇ ਹਨ ਅਤੇ ਤੱਥਾਂ ਨੂੰ ਮੰਨਣ ਦੀ ਬਜਾਏ ਹਮਲਾਵਰ ਹੋ ਜਾਂਦੇ ਹਨ। ਇਸ ਸਥਿਤੀ ਨੂੰ ਮਨੋਵਿਗਿਆਨ 'ਚ 'ਬੈਕਫਾਇਰ ਇਫੈਕਟ' ਕਿਹਾ ਜਾਂਦਾ ਹੈ, ਜਿੱਥੇ ਸਿੱਧੇ ਅੰਕੜੇ ਜਾਂ ਸਬੂਤ ਦੇਣ ਨਾਲ ਸਾਹਮਣੇ ਵਾਲਾ ਵਿਅਕਤੀ ਆਪਣੀ ਗੱਲ 'ਤੇ ਹੋਰ ਜ਼ਿਆਦਾ ਅੜ ਜਾਂਦਾ ਹੈ।
ਸੋਚ ਬਦਲਣ ਦੇ ਕਾਰਗਰ ਤਰੀਕੇ
- ਮਾਹਰਾਂ ਨੇ ਅਜਿਹੇ ਟਕਰਾਅ ਤੋਂ ਬਚਣ ਅਤੇ ਦੂਜਿਆਂ ਦੀ ਸੋਚ ਬਦਲਣ ਲਈ ਕੁਝ ਖਾਸ ਤਰੀਕੇ ਸੁਝਾਏ ਹਨ:
ਖੁੱਲ੍ਹੇ ਸਵਾਲ ਪੁੱਛੋ
- ਕਿਸੇ ਨੂੰ ਗਲਤ ਸਾਬਤ ਕਰਨ ਦੀ ਬਜਾਏ ਉਸ ਨੂੰ ਪੁੱਛੋ, "ਤੁਸੀਂ ਅਜਿਹਾ ਕਿਉਂ ਸੋਚਦੇ ਹੋ?"। ਇਹ ਸਵਾਲ ਗੱਲਬਾਤ ਨੂੰ ਟਕਰਾਅ ਤੋਂ ਸਮਝਦਾਰੀ ਵੱਲ ਲੈ ਜਾਂਦਾ ਹੈ।
ਸੁਰੱਖਿਅਤ ਮਾਹੌਲ
- ਬਦਲਾਅ ਉਦੋਂ ਹੀ ਸੰਭਵ ਹੈ ਜਦੋਂ ਸਾਹਮਣੇ ਵਾਲਾ ਵਿਅਕਤੀ ਸੁਰੱਖਿਅਤ ਅਤੇ ਸਨਮਾਨਜਨਕ ਮਹਿਸੂਸ ਕਰੇ। ਡਰਾਉਣ ਵਾਲੇ ਮਾਹੌਲ 'ਚ ਦਿਮਾਗ ਨਵੇਂ ਵਿਚਾਰਾਂ ਨੂੰ ਸਵੀਕਾਰ ਨਹੀਂ ਕਰਦਾ।
ਤੱਥਾਂ ਨਾਲੋਂ ਭਾਵਨਾਵਾਂ ਅਹਿਮ
- ਸਿਰਫ਼ ਅੰਕੜੇ ਦੇਣ ਨਾਲ ਗੱਲ ਨਹੀਂ ਬਣਦੀ; ਸਾਹਮਣੇ ਵਾਲੇ ਦੀਆਂ ਭਾਵਨਾਵਾਂ ਨੂੰ ਸਮਝਣਾ ਜ਼ਰੂਰੀ ਹੈ।
ਨਿਮਰਤਾ ਨਾਲ ਸ਼ੁਰੂਆਤ
- ਕੀਥ ਬੇਲੀਜੀ ਅਨੁਸਾਰ, ਨਿਮਰਤਾ ਨਾਲ ਹੀ ਕਿਸੇ ਦੇ ਮਨ 'ਚ ਬਦਲਾਅ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ।
ਅੰਤ ਵਿਚ, ਜੇਕਰ ਤੁਸੀਂ ਕਿਸੇ ਦੀ ਰਾਏ ਬਦਲਣੀ ਚਾਹੁੰਦੇ ਹੋ, ਤਾਂ ਪਹਿਲਾਂ ਆਪਣੇ ਗੱਲ ਕਰਨ ਦੇ ਤਰੀਕੇ ਨੂੰ ਬਦਲਣਾ ਹੋਵੇਗਾ, ਕਿਉਂਕਿ ਜ਼ਿੱਦ ਤੱਥਾਂ ਨਾਲ ਨਹੀਂ ਸਗੋਂ ਭਰੋਸੇ ਨਾਲ ਟੁੱਟਦੀ ਹੈ।
ਮੁਟਿਆਰਾਂ ਦੀ ਪਹਿਲੀ ਪਸੰਦ ਬਣੀ ‘ਪਿੰਕ ਡਰੈੱਸ’
NEXT STORY