ਲੁਧਿਆਣਾ (ਰਾਜ): ਟਿੱਬਾ ਰੋਡ ਸਥਿਤ ਗੁਲਾਬੀ ਬਾਗ ਇਲਾਕੇ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ 24 ਸਾਲਾ ਵਿਆਹੁਤਾ ਦੀ ਲਾਸ਼ ਸ਼ੱਕੀ ਹਾਲਤ ਵਿਚ ਘਰ ਦੇ ਅੰਦਰ ਪੱਖੇ ਨਾਲ ਲਟਕਦੀ ਹੋਈ ਬਰਾਮਦ ਹੋਈ। ਮ੍ਰਿਤਕਾ ਦੀ ਪਛਾਣ ਆਰਤੀ ਕੁਮਾਰੀ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਹੀ ਦੋਵਾਂ ਧਿਰਾਂ ਵਿਚਾਲੇ ਭਾਰੀ ਤਣਾਅ ਦੇਖਿਆ ਜਾ ਰਿਹਾ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹੁਰੇ ਪੱਖ 'ਤੇ ਆਪਣੀ ਬੇਟੀ ਦਾ ਕਤਲ ਕਰਨ ਦੇ ਗੰਭੀਰ ਇਲਜ਼ਾਮ ਲਾਏ ਹਨ, ਜਦਕਿ ਦੂਜੇ ਪਾਸੇ ਸਹੁਰਾ ਪੱਖ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸ ਰਿਹਾ ਹੈ। ਘਟਨਾ ਦੀ ਸੂਚਨਾ ਤੋਂ ਬਾਅਦ ਟਿੱਬਾ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਮ੍ਰਿਤਕਾ ਦੇ ਭਰਾ ਤੇਜੂ, ਜੋ ਕਿ ਖਾਸੀ ਕਲਾਂ ਦੇ ਰਹਿਣ ਵਾਲਾ ਹੈ, ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਭੈਣ ਆਰਤੀ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ 14 ਅਪ੍ਰੈਲ 2025 ਨੂੰ ਗੁਲਾਬੀ ਬਾਗ ਨਿਵਾਸੀ ਜਤਿਨ ਦੇ ਨਾਲ ਹੋਇਆ ਸੀ। ਤੇਜੂ ਮੁਤਾਬਕ, ਬੀਤੀ ਰਾਤ ਕਰੀਬ 9 ਵਜੇ ਉਨ੍ਹਾਂ ਦੇ ਜੀਜੇ ਦੇ ਇਕ ਦੋਸਤ ਦਾ ਅਚਾਨਕ ਫੋਨ ਆਇਆ, ਜਿਸ ਨੇ ਕਿਹਾ ਕਿ ਤੁਹਾਡੀ ਭੈਣ ਨੇ ਆਤਮ-ਹੱਤਿਆ ਕਰ ਲਈ ਹੈ। ਇਹ ਸੁਣਦੇ ਹੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਪੂਰਾ ਪਰਿਵਾਰ ਭੱਜਾ-ਭੱਜਾ ਬੇਟੀ ਦੇ ਸਹੁਰੇ ਘਰ ਪਹੁੰਚਿਆ। ਉੱਥੇ ਜਾ ਕੇ ਦੇਖਿਆ ਤਾਂ ਆਰਤੀ ਦੀ ਲਾਸ਼ ਜ਼ਮੀਨ 'ਤੇ ਪਈ ਹੋਈ ਸੀ।
ਆਰਤੀ ਦੀ ਮਾਂ ਅਤੇ ਭਰਾ ਤੇਜੂ ਨੇ ਰੋਂਦੇ ਹੋਏ ਗੰਭੀਰ ਇਲਜ਼ਾਮ ਲਾਇਆ ਕਿ ਉਨ੍ਹਾਂ ਦੀ ਬੇਟੀ ਨੇ ਆਤਮ-ਹੱਤਿਆ ਨਹੀਂ ਕੀਤੀ ਹੈ, ਬਲਕਿ ਉਸ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ ਅਤੇ ਬਾਅਦ ਵਿਚ ਲਾਸ਼ ਨੂੰ ਪੱਖੇ ਨਾਲ ਲਟਕਾਇਆ ਗਿਆ ਹੈ ਤਾਂ ਜੋ ਪੂਰੀ ਵਾਰਦਾਤ ਖੁਦਕੁਸ਼ੀ ਨਜ਼ਰ ਆਵੇ। ਪਰਿਵਾਰ ਵਾਲਿਆਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਵਿਆਹ ਤੋਂ ਬਾਅਦ ਤੋਂ ਹੀ ਆਰਤੀ ਸਹੁਰੇ ਘਰ ਵਿਚ ਖੁਸ਼ ਨਹੀਂ ਸੀ। ਉਸ ਦਾ ਪਤੀ ਅਤੇ ਸੱਸ-ਸਹੁਰਾ ਉਸ ਨੂੰ ਲਗਾਤਾਰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਦੇ ਆ ਰਹੇ ਸਨ। ਆਰਤੀ ਦਾ ਪੇਕਾ ਖਾਸੀ ਕਲਾਂ ਵਿਚ ਹੈ, ਜਿੱਥੇ ਉਸ ਦੀ ਮਾਂ ਅਤੇ ਦੋ ਵਿਆਹੇ ਹੋਏ ਭਰਾ ਰਹਿੰਦੇ ਹਨ। ਬੇਟੀ ਦੀ ਅਚਾਨਕ ਮੌਤ ਨਾਲ ਪੂਰੇ ਪੇਕੇ ਪਰਿਵਾਰ ਵਿਚ ਕੋਹਰਾਮ ਮਚਿਆ ਹੋਇਆ ਹੈ ਅਤੇ ਉਨ੍ਹਾਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਪੋਸਟਮਾਰਟਮ ਰਿਪੋਰਟ ਨਾਲ ਖੁੱਲ੍ਹੇਗਾ ਮੌਤ ਦਾ ਰਾਜ਼: ਪੁਲਸ
ਇਸ ਮਾਮਲੇ ਨੂੰ ਲੈ ਕੇ ਟਿੱਬਾ ਥਾਣਾ ਪੁਲਸ ਦਾ ਕਹਿਣਾ ਹੈ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਮਾਮਲਾ ਪੂਰੀ ਤਰ੍ਹਾਂ ਸ਼ੱਕੀ ਲੱਗ ਰਿਹਾ ਹੈ, ਇਸ ਲਈ ਪੁਲਸ ਹਰ ਪਹਿਲੂ ਤੋਂ ਇਸ ਕੇਸ ਦੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੀ ਹੈ। ਫਿਲਹਾਲ ਪੇਕੇ ਪੱਖ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਸਹੀ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ ਅਤੇ ਉਸੇ ਰਿਪੋਰਟ ਦੇ ਆਧਾਰ 'ਤੇ ਅੱਗੇ ਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ, ਹੁਣ ਉੱਠਣ ਲੱਗੀ ਇਹ ਮੰਗ
NEXT STORY