ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਅਨਾਜ ਮੰਡੀ ਵਿਖੇ ਵੀਰਵਾਰ ਨੂੰ ਸਮੂਹ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦੀ ਇੱਕ ਮੀਟਿੰਗ ਹੋਈ, ਜਿਸ 'ਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕੁੱਝ ਮਾੜੀਆਂ ਨੀਤੀਆਂ ਦੇ ਵਿਰੋਧ ਵਿਚ ਉਹ 1 ਅਕਤੂਬਰ ਤੋਂ ਜੋ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ, ਉਸ ਦਾ 5 ਅਕਤੂਬਰ ਤੱਕ ਬਾਈਕਾਟ ਕਰਨਗੇ ਅਤੇ ਉਹ ਸਾਰੇ ਸਰਕਾਰ ਖਿਲਾਫ਼ ਹੜਤਾਲ ਕਰਨਗੇ।
ਮੀਟਿੰਗ ਉਪਰੰਤ ਆੜ੍ਹਤੀ ਐਸੋਸੀਏਸ਼ਨ ਦੇ ਆਗੂ ਤੇਜਿੰਦਰ ਸਿੰਘ ਕੂੰਨਰ, ਹਰਜਿੰਦਰ ਸਿੰਘ ਖੇੜਾ, ਸ਼ਕਤੀ ਆਨੰਦ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਆੜ੍ਹਤੀ ਤੇ ਕਿਸਾਨਾਂ ਦਾ ਜੋ ਨਹੁੰ ਮਾਸ ਵਾਲਾ ਰਿਸ਼ਤਾ ਹੈ, ਉਸ ਨੂੰ ਖਤਮ ਕਰਨ ਲਈ ਕੋਝੀਆਂ ਚਾਲ੍ਹਾਂ ਚੱਲੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਉਪਰ ਦਬਾਅ ਪਾਇਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਖਾਤਿਆਂ ਦੀ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਫਸਲ ਦੀ ਸਿੱਧੀ ਅਦਾਇਗੀ ਉਨ੍ਹਾਂ ਦੇ ਖਾਤਿਆਂ ਵਿਚ ਆ ਸਕੇ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਸਰਪ੍ਰਸਤ ਸੋਹਣ ਲਾਲ ਸ਼ੇਰਪੁਰੀ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਇੱਥੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਅਤੇ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੁੜ ਆਰਥਿਕ ਮੰਦੀ 'ਚੋਂ ਗੁਜ਼ਰ ਰਿਹਾ ਕਿਸਾਨ ਕੁਰਾਹੇ ਪੈ ਜਾਵੇਗਾ, ਜਿਸ ਲਈ ਜ਼ਿੰਮੇਵਾਰ ਸਰਕਾਰ ਹੋਵੇਗੀ। ਆੜ੍ਹਤੀਆਂ ਨੇ ਸਰਕਾਰ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ 1 ਤੋਂ 5 ਅਕਤੁਬਰ ਤੱਕ ਕਿਸਾਨਾਂ ਦੀ ਕੋਈ ਵੀ ਫਸਲ ਖਰੀਦੀ ਨਹੀਂ ਜਾਵੇਗੀ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ। ਆੜ੍ਹਤੀਆਂ ਨੇ ਕਿਸਾਨਾਂ ਤੋਂ ਵੀ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਆਪਣੀ ਫਸਲ 5 ਅਕਤੂਬਰ ਤੋਂ ਬਾਅਦ ਹੀ ਮੰਡੀ ਵਿਚ ਲਿਆਉਣ ਅਤੇ ਸੰਘਰਸ਼ ਵਿਚ ਉਨ੍ਹਾਂ ਦਾ ਸਾਥ ਦੇਣ।
ਸ਼ੈਲਰ ਐਸੋ. ਦੇ ਆਗੂ ਸਤੀਸ਼ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਗੁਦਾਮਾਂ ਵਿਚ ਪਹਿਲਾਂ ਹੀ ਚਾਵਲਾਂ ਦੇ ਗੁਦਾਮ ਭਰੇ ਪਏ ਹਨ ਅਤੇ ਹੁਣ ਝੋਨੇ ਦੀ ਪਿੜਾਈ ਤੋਂ ਬਾਅਦ ਸ਼ੈਲਰ ਮਾਲਕਾਂ ਕੋਲ ਚਾਵਲ ਲਗਾਉਣ ਲਈ ਸਰਕਾਰੀ ਗੁਦਾਮਾਂ ਵਿਚ ਜਗ੍ਹਾ ਨਹੀਂ, ਇਸ ਲਈ ਉਹ ਵੀ 5 ਅਕਤੂਬਰ ਤੱਕ ਸਰਕਾਰ ਵਲੋਂ ਖਰੀਦਿਆਂ ਝੋਨਾ ਮੰਡੀ 'ਚੋਂ ਨਹੀਂ ਚੁੱਕਣਗੇ ਕਿਉਂਕਿ ਪਹਿਲਾਂ ਸਰਕਾਰ ਗੁਦਾਮਾਂ ਵਿਚ ਜਗ੍ਹਾ ਦਾ ਪ੍ਰਬੰਧ ਕਰਵਾਏ। ਇਸ ਮੌਕੇ ਹੁਸਨ ਲਾਲ ਮੜਕਨ, ਅਰਵਿੰਦਰਪਾਲ ਸਿੰਘ ਵਿੱਕੀ, ਕਪਿਲ ਆਨੰਦ, ਗੁਰਨਾਮ ਸਿੰਘ ਨਾਗਰਾ, ਨਿਤਿਨ ਜੈਨ, ਹਰਿੰਦਰਮੋਹਣ ਸਿੰਘ ਕਾਲੜਾ, ਹੈਪੀ ਬਾਂਸਲ, ਹਿਤੇਸ਼ ਗੁਪਤਾ, ਜਤਿਨ ਚੌਰਾਇਆ, ਅਜੈ ਬਾਂਸਲ, ਸੁਰਿੰਦਰ ਸੋਨੀ, ਵਿੱਕੀ ਕੁੰਦਰਾ, ਮੋਹਿਤ ਗੋਇਲ, ਮਨੀਸ਼ ਭਾਂਬਰੀ, ਸੰਤ ਰਾਮ, ਨੀਟਾ ਬਾਂਸਲ, ਲਵਲੀ ਵੀ ਮੌਜੂਦ ਸਨ।
ਕੈਪਟਨ ਦੇ ਸਲਾਹਕਾਰਾਂ ਨੂੰ ਅਯੋਗ ਠਹਿਰਾਉਣ ਲਈ ਰਾਜਪਾਲ ਨੂੰ ਮਿਲਿਆ 'ਆਪ' ਦਾ ਵਫਦ
NEXT STORY