ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਮਹਾਸ਼ਿਵਰਾਤਰੀ ਦੇ ਪਵਿੱਤਰ ਅਤੇ ਪਾਵਨ ਦਿਹਾੜੇ ਨੂੰ ਲੈ ਕੇ ਅੱਜ ਸ਼ਹਿਰ ਦੇ ਲਗਭਗ ਸਾਰਿਆਂ ਹੀ ਮੰਦਰਾਂ 'ਚ ਦਿਨ ਭਰ ਭੋਲੇ ਸ਼ੰਕਰ ਦੇ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਿਹਾ। ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਭੋਲੇ ਸ਼ੰਕਰ ਦੇ ਸ਼ਿਵਲਿੰਗ 'ਤੇ ਜਲ ਚੜਾਇਆ ਅਤੇ ਮੱਥਾ ਟੇਕ ਕੇ ਪੂਜਾ ਆਰਚਨਾ ਕੀਤੀ, ਜਿਸ ਦੇ ਚਲਦੇ ਪੂਰਾ ਸ਼ਹਿਰ ਭਗਤੀ ਦੇ ਰੰਗ ਵਿਚ ਰੰਗਿਆ ਰਿਹਾ। ਮੰਦਰਾਂ ਵਿਚ ਸਵੇਰੇ 4 ਵਜੇ ਤੋਂ ਹੀ ਬੰਮ-ਬੰਮ ਭੋਲੇ ਦੇ ਜੈਕਾਰਿਆਂ ਅਤੇ ਘੰਟੀਆਂ ਦੀ ਅਵਾਜ਼ਾਂ ਗੂੰਜਣ ਲੱਗੀਆਂ। ਮੰਦਰਾਂ ਵਿਚ ਸਵੇਰੇ ਤੋਂ ਹੀ ਭਜਨ ਕੀਰਤਨ, ਸ਼ਿਵ ਚਾਲੀਸਾ ਦੇ ਪਾਠ ਅਤੇ ਓਮ ਨਮਾ ਸ਼ਿਵਾਏ ਦਾ ਜਾਪ ਸਾਰਾ ਦਿਨ ਚੱਲਦਾ ਰਿਹਾ। ਮਹਾਂ ਸ਼ਿਵਰਾਤਰੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਮੰਦਰਾਂ ਨੂੰ ਬਿਜਲੀ ਦੀਆਂ ਰੰਗ ਬਿਰੰਗੀਆਂ ਰੋਸ਼ਨੀਆਂ,
ਗੁਬਾਰਿਆਂ ਅਤੇ ਫੁੱਲਾਂ ਦੀਆਂ ਲੜੀਆਂ ਨਾਲ ਬੜੇ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਜਦੋਂ ਕਿ ਮੰਦਰਾਂ ਵਿਚ ਸਥਾਪਿਤ ਮੂਰਤੀਆਂ ਨੂੰ ਫੁੱਲਾਂ ਅਤੇ ਰੰਗ ਬਿਰੰਗੇ ਕੱਪੜਿਆਂ ਨਾਲ ਸੁੰਦਰ ਢੰਗ ਨਾਲ ਸਸ਼ੋਭਿਤ ਕੀਤਾ ਗਿਆ ਸੀ। ਸ਼ਹਿਰ ਦੇ ਸ਼੍ਰੀ ਰਘੂਨਾਥ ਮੰਦਿਰ, ਗੀਤਾ ਭਵਨ ਦੁਰਗਾ ਮੰਦਰ ਅਤੇ ਸ਼੍ਰੀ ਸ਼ਕਤੀ ਮੰਦਰ ਮਨਨ ਧਾਮ ਵਿਚ ਵੀ ਦਿਨ ਭਰ ਧਾਰਮਿਕ ਪ੍ਰੋਗਰਾਮ ਚਲਦੇ ਰਹੇ । ਸਥਾਨਕ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 1 ਸਥਿਤ ਪ੍ਰਾਚੀਨ ਸ਼ਿਵ ਮੰਦਿਰ, ਬੈਂਕ ਰੋਡ ਸਥਿਤ ਮਹਾਂ ਦੇਵ ਮੰਦਰ, ਸ਼ਾਮ ਮੰਦਰ, ਗਾਂਧੀ ਨਗਰ ਸਥਿਤ ਸ਼ਿਵ ਮੰਦਰ, ਭੁੱਲਰ ਕਲੋਨੀ ਸਥਿਤ ਮਾਤਾ ਚਿੰਤਪੂਣੀ ਮੰਦਰ, ਟਿੱਬੀ ਸਾਹਿਬ ਰੋਡ ਸਥਿਤ ਰਾਮ ਭਵਨ ਅਤੇ ਸਥਾਨਕ ਕੋਟਕਪੂਰਾ ਰੋਡ ਸਥਿਤ ਬਾਬਾ ਕਾਸ਼ੀ ਪ੍ਰਸਾਦ ਸ਼ਿਵ ਮੰਦਰ ਵਿਖੇ ਦਿਨ ਭਰ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਮੰਦਰਾਂ ਦੇ ਬਾਹਰ ਸ਼ਿਵ ਪੂਜਨ ਲਈ ਭੰਗ, ਧਤੂਰਾ, ਅੱਕ, ਬੇਲ ਪੱਤਰ, ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਅਤੇ ਫਲਾਂ ਦੇ ਸਟਾਲ ਲੱਗੇ ਹੋਏ ਸਨ, ਜਿੱਥੋਂ ਸ਼ਰਧਾਲੂਆਂ ਨੇ ਪੂਜਨ ਸਮੱਗਰੀ ਖਰੀਦ ਕੇ ਭਗਵਾਨ ਭੋਲੇ ਸ਼ੰਕਰ ਨੂੰ ਅਰਪਿਤ ਕੀਤੀ ।ਮਹਾਂ ਸ਼ਿਵਰਾਤਰੀ ਨੂੰ ਲੈ ਕੇ ਜਿੱਥੇ ਕਈ ਮੰਦਿਰਾਂ 'ਚ ਭੰਗ ਦਾ ਪ੍ਰਸਾਦ ਵੰਡਿਆਂ ਗਿਆ ਉੱਥੇ ਭੋਲੇ ਸ਼ੰਕਰ ਦੇ ਭਗਤਾਂ ਵੱਲੋਂ ਬਾਜ਼ਾਰਾਂ ਵਿਚ ਵੀ ਭੰਗ ਦੇ ਲੰਗਰ ਲਗਾਏ ਗਏ। ਬਾਬਾ ਕਾਸ਼ੀਪ੍ਰਸਾਦ ਸ਼ਿਵ ਮੰਦਰ ਦੇ ਪੁਜਾਰੀ ਮੰਗਤ ਰਾਮ ਅਤੇ ਪ੍ਰਬੰਧਕ ਪਿਆਰੇ ਲਾਲ ਗਰਗ ਨੇ ਦੱਸਿਆ ਕਿ ਮੰਦਰਾਂ ਵਿਚ ਅੱਜ ਸਾਰਾ ਦਿਨ ਧਾਰਮਿਕ ਪ੍ਰੋਗਰਾਮ ਅਤੇ ਲੰਗਰ ਚਲਦੇ ਰਹਿਣਗੇ ਅਤੇ ਰਾਤ ਨੂੰ ਸ਼ਿਵ ਭੋਲੇ ਦੀ ਚਾਰ ਵਾਰ ਪੂਜਾ ਅਰਚਨਾ ਕਰਨ ਤੋਂ ਬਾਅਦ ਆਰਤੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆਂ ਕਿ ਪਹਿਲੀ ਪੂਜਾ ਰਾਤ 8 ਵਜੇ, ਦੂਸਰੀ 10 ਵਜੇ, ਤੀਸਰੀ 12 ਵਜੇ ਜਦਕਿ ਚੌਥੀ ਪੂਜਾ ਸ਼ਨੀਵਾਰ ਸਵੇਰੇ 4 ਵਜੇ ਕੀਤੀ ਜਾਵੇਗੀ । ਉਨ੍ਹਾਂ ਦੱਸਿਆਂ ਕਿ ਮੰਦਰ 'ਚ ਵਿਸ਼ਾਲ ਭੰਡਾਰਾ ਹੋਵਗਾ ਜਦੋਂ ਕਿ ਪ੍ਰਾਚੀਨ ਸ਼ਿਵ ਮੰਦਿਰ ਗੇਟ ਨੰਬਰ 1 ਉੱਤੇ ਵੀ ਲੰਗਰ ਲਗਾਇਆ ਜਾਵੇਗਾ।
ਸੂਬੇ ਦੇ ਵਿਕਾਸ ਲਈ ਕਾਂਗਰਸ ਸਰਕਾਰ ਵਚਨਬੱਧ - ਧਰਮਸੋਤ
NEXT STORY