ਚੰਡੀਗੜ੍ਹ : ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਪਾਰਟੀ ਜਾਂ ਸਰਕਾਰ ਦੇ ਪੱਧਰ 'ਤੇ ਚੁੱਕੇ ਜਾਣ ਵਾਲੇ ਮੁੱਦਿਆਂ ਨੂੰ ਲੋਕਾਂ 'ਚ ਲਿਜਾਣ ਨੂੰ ਲੈ ਕੇ ਚੁਟਕੀ ਲਈ ਹੈ। ਮਹਿੰਦਰਾ ਨੇ ਬਾਜਵਾ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਇਹ ਚੰਗਾ ਹੈ ਕਿ ਤੁਸੀਂ ਲੋਕ ਹਿੱਤ ਦੇ ਮੁੱਦਿਆਂ 'ਤੇ ਮੁੱਖ ਮੰਤਰੀ ਦਾ ਧਿਆਨ ਖਿੱਚਣਾ ਚਾਅ ਰਹੇ ਹੋ ਪਰ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਸਿਧਾਂਤਕ ਤੌਰ 'ਤੇ ਸਿੱਧੇ ਸੀ. ਐੱਮ. ਨੂੰ ਪਹੁੰਚਣੀ ਚਾਹੀਦੀ ਹੈ, ਨਾ ਕਿ ਮੀਡੀਆ ਰਾਹੀਂ। ਇਸ ਨਾਲ ਲੋਕਾਂ 'ਚ ਚੰਗਾ ਸੰਦੇਸ਼ ਨਹੀਂ ਜਾਂਦਾ। ਸੀਨੀਅਰ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਲਿਖੀ ਇੱਕ ਚਿੱਠੀ 'ਚ ਸਿਰਫ ਮੁੱਖ ਮੰਤਰੀ ਨੂੰ ਹੀ ਸੰਬੋਧਨ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਮੀਡੀਆ ਨੂੰ ਪਰ ਮੁੱਖ ਮੰਤਰੀ ਨੂੰ ਭੇਜਣ ਤੋਂ ਪਹਿਲਾਂ ਚਿੱਠੀਆਂ ਨੂੰ ਮੀਡੀਆ 'ਚ ਰਿਲੀਜ਼ ਕਰਨਾ ਇਹ ਦਰਸਾਉਂਦਾ ਹੈ ਕਿ ਚਿੱਠੀ ਲਿਖਣ ਵਾਲੇ ਵਿਅਕਤੀ ਦੇ ਦਿਮਾਗ 'ਚ ਚਿੱਠੀਆਂ 'ਚ ਚੁੱਕਿਆ ਲੋਕ ਹਿੱਤ ਦਾ ਮੁੱਦਾ ਅਖੀਰ 'ਚ ਹੀ ਆਉਂਦਾ ਹੈ।
ਮਹਿੰਦਰਾ ਨੇ ਬਾਜਵਾ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਸਰਕਾਰ ਦੇ ਬੁਲਾਰੇ ਵਜੋਂ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ 'ਚ ਸੂਬੇ ਦੀਆਂ ਉਪਲੱਬਧੀਆਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਜਿਹੜੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਕਾਰਾਤਮਕ ਸੋਚ ਦਾ ਨਤੀਜਾ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕੋਰੋਨਾ ਦੇ ਮਰੀਜ਼ਾਂ ਦੀ ਰਿਕਵਰੀ ਦੇ ਮਾਮਲੇ 'ਚ ਪੰਜਾਬ ਦੀ ਦਰ ਸਭ ਤੋਂ ਵੱਧ ਕਰੀਬ 90 ਪ੍ਰਤੀਸ਼ਤ ਹੈ, ਜਦਕਿ ਮੌਤ ਦੀ ਦਰ 2 ਪ੍ਰਤੀਸ਼ਤ ਤੋਂ ਵੀ ਘੱਟ ਹੈ, ਜਿਹੜੀ ਵੱਡੀ ਗਿਣਤੀ 'ਚ ਐਨ. ਆਰ. ਆਈ ਅਤੇ ਪ੍ਰਭਾਵਿਤ ਸੰਗਤਾਂ ਦੇ ਆਉਣ ਦੇ ਬਾਵਜੂਦ ਉਨ੍ਹਾਂ ਨੂੰ ਮਿਲੇ ਸਹੀ ਇਲਾਜ ਦਾ ਨਤੀਜਾ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ। ਇਹ ਸਭ ਇਸ ਲਈ ਮੁਮਕਿਨ ਹੋ ਸਕਿਆ ਹੈ ਕਿਉਂਕਿ ਮੁੱਖ ਮੰਤਰੀ ਨੇ ਕੇਂਦਰ ਤੇ ਹੋਰਨਾਂ ਸੂਬਾ ਸਰਕਾਰਾਂ ਤੋਂ ਪਹਿਲਾਂ ਤਾਲਾਬੰਦੀ ਦੇ ਕਰਫਿਊ ਲਗਾਉਣ ਦਾ ਕਦਮ ਚੁੱਕਿਆ। ਉਨ੍ਹਾਂ ਬਾਜਵਾ ਨੂੰ ਕਿਹਾ ਕਿ ਇਕ ਇਮਾਨਦਾਰ ਕਾਂਗਰਸੀ ਨੂੰ ਲੋਕ ਹਿੱਤ ਦੇ ਮੁੱਦੇ ਚੁੱਕਣ ਦਾ ਪੂਰਾ ਹੱਕ ਹੈ ਪਰ ਕੰਮ ਕਰਨ ਦਾ ਹਮੇਸ਼ਾ ਇੱਕ ਉਚਿਤ ਤਰੀਕਾ ਹੁੰਦਾ ਹੈ। ਤੁਹਾਨੂੰ ਮੁੱਖ ਮੰਤਰੀ ਨੂੰ ਲਿਖੀਆਂ ਚਿੱਠੀਆਂ ਨਾਲ ਮੀਡੀਆ 'ਚ ਨਹੀਂ ਜਾਣਾ ਚਾਹੀਦਾ ਹੈ, ਜਿਸ ਨਾਲ ਇਨ੍ਹਾਂ ਚਿੱਠੀਆਂ ਦਾ ਅਸਲੀ ਉਦੇਸ਼ ਖ਼ਤਮ ਹੋ ਜਾਂਦਾ ਹੈ ਜਾਂ ਫਿਰ ਇਨ੍ਹਾਂ ਦਾ ਉਦੇਸ਼ ਅਸਲੀਅਤ ਵਿੱਚ ਕੁਝ ਹੋਰ ਹੋਵੇਗਾ।
ਪ੍ਰਸ਼ਾਂਤ ਕਿਸ਼ੋਰ 'ਤੇ ਫਿਰ ਦਾਅ ਖੇਡਣ ਦੀ ਤਿਆਰੀ 'ਚ ਕਾਂਗਰਸ!
NEXT STORY