ਜਲੰਧਰ (ਮਹੇਸ਼)–ਕਮਿਸ਼ਨਰੇਟ ਪੁਲਸ ਦੇ ਥਾਣਾ ਸਦਰ ਜਮਸ਼ੇਰ ਅਧੀਨ ਪੈਂਦੇ ਪਿੰਡ ਲਖਨਪਾਲ ਦੇ ਸਾਬਕਾ ਸਰਪੰਚ ਗੁਰਮੇਲ ਰਾਮ ਪੁੱਤਰ ਜੀਤ ਰਾਮ ਦੀ ਅਣਪਛਾਤੇ ਹੱਤਿਆਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਲਖਨਪਾਲ ਤੋਂ ਪਿੰਡ ਪੰਡੋਰੀ ਮੁਸ਼ਾਰਕਤੀ ਨੂੰ ਜਾਂਦੇ ਕੱਚੇ ਰਸਤੇ ਵਿਚ ਪੈਂਦੀ ਦੇਬੋ ਪਤਨੀ ਅਜੀਤ ਸਿੰਘ ਨਿਵਾਸੀ ਪਿੰਡ ਲਖਨਪਾਲ ਦੀ ਜ਼ਮੀਨ ਦੇ ਬਿਲਕੁਲ ਨਜ਼ਦੀਕ ਮ੍ਰਿਤਕ ਗੁਰਮੇਲ ਰਾਮ ਦੀ ਲਾਸ਼ ਖ਼ੂਨ ਵਿਚ ਲਥਪਥ ਹਾਲਤ ਵਿਚ ਪਈ ਮਿਲੀ ਹੈ, ਜਿਸ ਨੂੰ ਵੇਖ ਕੇ ਸਾਫ਼ ਪਤਾ ਲੱਗਦਾ ਸੀ ਕਿ ਗੁਰਮੇਲ ਰਾਮ ਦਾ ਕਤਲ ਬਹੁਤ ਹੀ ਬੇਰਹਿਮੀ ਨਾਲ ਕੀਤਾ ਗਿਆ ਹੈ। ਉਨ੍ਹਾਂ ਦਾ ਸਾਈਕਲ ਵੀ ਉਨ੍ਹਾਂ ਦੀ ਲਾਸ਼ ਨੇੜੇ ਹੀ ਜ਼ਮੀਨ ’ਤੇ ਡਿੱਗਿਆ ਪਿਆ ਹੋਇਆ ਸੀ।

ਪਿੰਡ ਲਖਨਪਾਲ ਦੇ ਸਾਬਕਾ ਸਰਪੰਚ ਗੁਰਮੇਲ ਰਾਮ ਦਾ ਕਤਲ ਕਰਨ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਜਮਸ਼ੇਰ ਦੇ ਐੱਸ. ਐੱਚ. ਓ. ਸੰਜੀਵ ਕੁਮਾਰ, ਐਡੀਸ਼ਨਲ ਐੱਸ. ਐੱਚ. ਓ. ਐੱਸ. ਆਈ. ਵਿਕਟਰ ਮਸੀਹ ਅਤੇ ਜੰਡਿਆਲਾ ਪੁਲਸ ਚੌਕੀ ਦੇ ਇਚਾਰਜ ਜਸਬੀਰ ਚੰਦ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਮ੍ਰਿਤਕ ਗੁਰਮੇਲ ਰਾਮ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਦੇ ਕਈ ਸੀਨੀਅਰ ਅਧਿਕਾਰੀ ਅਤੇ ਹੋਰ ਜਾਂਚ ਟੀਮਾਂ ਵੀ ਵਾਰਦਾਤ ਵਾਲੀ ਜਗ੍ਹਾ ’ਤੇ ਪਹੁੰਚ ਗਈਆਂ ਸਨ।
ਮ੍ਰਿਤਕ ਸਾਬਕਾ ਸਰਪੰਚ ਦੇ ਬੇਟੇ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਜੀ. ਐੱਨ. ਏ. ਫੈਕਟਰੀ ਵਿਚ ਬਤੌਰ ਆਪ੍ਰੇਟਰ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਸ਼ਾਮ 6 ਵਜੇ ਉਸ ਦੇ ਚਾਚੇ ਦੇ ਲੜਕੇ ਸੁਰਿੰਦਰ ਪਾਲ ਨਿਵਾਸੀ ਪਿੰਡ ਲਖਨਪਾਲ ਨੇ ਉਸਨੂੰ ਫੈਕਟਰੀ ਵਿਚ ਆ ਕੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੇ ਪਿਤਾ ਦੀ ਪੰਡੋਰੀ ਨੂੰ ਜਾਂਦੇ ਕੱਚੇ ਰਸਤੇ ’ਤੇ ਹੱਤਿਆ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਉਹ ਸੁਰਿੰਦਰ ਪਾਲ ਨਾਲ ਉਸੇ ਸਮੇਂ ਪਿੰਡ ਪਹੁੰਚ ਗਿਆ। ਉਸਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦੇ ਪਿਤਾ ਦੇ ਕਾਤਲਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ।
ਇਹ ਵੀ ਪੜ੍ਹੋ- ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਵੱਡੇ ਡਾਕਖਾਨੇ ਦੇ ਬਾਹਰ ਹੋਈ ਖ਼ੂਨੀ ਝੜਪ, ਚੱਲੇ ਤੇਜ਼ਧਾਰ ਹਥਿਆਰ

ਬਲਵਿੰਦਰ ਕੁਮਾਰ ਨੇ ਕਿਹਾ ਕਿ ਜਦੋਂ ਤਕ ਉਸਦੇ ਪਿਤਾ ਦੇ ਹੱਤਿਆਰੇ ਫੜੇ ਨਹੀਂ ਜਾਂਦੇ, ਉਦੋਂ ਤਕ ਉਹ ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਦੂਜੇ ਪਾਸੇ ਦੇਰ ਸ਼ਾਮ ਤਕ ਪੁਲਸ ਅਧਿਕਾਰੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਦੇ ਹੋਏ ਹੱਤਿਆਰਿਆਂ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹੇ ਪਰ ਦੇਰ ਰਾਤ ਤਕ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ ਸੀ।

ਜੰਡਿਆਲਾ ਪੁਲਸ ਚੌਂਕੀ ਦੇ ਇੰਚਾਰਜ ਜਸਬੀਰ ਚੰਦ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਗੁਰਮੇਲ ਰਾਮ ਦੇ ਬੇਟੇ ਬਲਵਿੰਦਰ ਕੁਮਾਰ ਦੇ ਬਿਆਨਾਂ ’ਤੇ ਆਈ. ਪੀ. ਸੀ. ਦੀ ਧਾਰਾ 302 ਤਹਿਤ ਥਾਣਾ ਸਦਰ ਜਮਸ਼ੇਰ ਵਿਚ ਐੱਫ਼. ਆਈ. ਆਰ. ਨੰਬਰ 144 ਦਰਜ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਗੁਰਮੇਲ ਰਾਮ ਦੀ ਲਾਸ਼ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲਸ ਅਧਿਕਾਰੀਆਂ ਨੇ ਇਹ ਦਾਅਵਾ ਵੀ ਕੀਤਾ ਕਿ ਇਸ ਵਾਰਦਾਤ ਨੂੰ ਜਲਦ ਤੋਂ ਜਲਦ ਟਰੇਸ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: PUBG ਦੀ ਦੀਵਾਨਗੀ ਨੇ ਲਈ 12ਵੀਂ ਦੇ ਵਿਦਿਆਰਥੀ ਦੀ ਜਾਨ, ਮਾਂ ਨੇ ਰੋਕਿਆ ਤਾਂ ਕਰ ਲਈ ਖ਼ੁਦਕੁਸ਼ੀ
ਲੁੱਟ ਨਾਲ ਜੁੜਿਆ ਹੈ ਪਿਤਾ ਦੇ ਕਤਲ ਦਾ ਮਾਮਲਾ
ਮ੍ਰਿਤਕ ਦੇ ਬੇਟੇ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਸ ਦੇ ਪਿਤਾ ਗੁਰਮੇਲ ਰਾਮ ਰੋਜ਼ਾਨਾ ਸਾਈਕਲ ’ਤੇ ਪੰਡੋਰੀ ਵਾਲੇ ਕੱਚੇ ਰਸਤੇ ਵੱਲ ਘੁੰਮਣ ਲਈ ਜਾਂਦੇ ਸਨ ਅਤੇ ਉਨ੍ਹਾਂ ਦੇ ਪਰਸ ਵਿਚ ਪੈਸੇ ਵੀ ਹੁੰਦੇ ਸਨ। ਉਸ ਨੇ ਕਿਹਾ ਕਿ ਜਦੋਂ ਉਸ ਦੇ ਪਿਤਾ ਖੂਨ ਵਿਚ ਲਥਪਥ ਹਾਲਤ ਵਿਚ ਆਪਣੇ ਸਾਈਕਲ ਨੇੜੇ ਪਏ ਹੋਏ ਸਨ ਤਾਂ ਉਨ੍ਹਾਂ ਦਾ ਪਰਸ ਵੀ ਖਾਲੀ ਪਿਆ ਹੋਇਆ ਸੀ, ਜਿਸ ਤੋਂ ਸਾਫ਼ ਸਪਸ਼ਟ ਹੁੰਦਾ ਹੈ ਕਿ ਨਸ਼ੇੜੀ ਕਿਸਮ ਦੇ ਲੁਟੇਰਿਆਂ ਨੇ ਉਸ ਦੇ ਪਿਤਾ ਦੀ ਬੇਰਹਿਮੀ ਨਾਲ ਹੱਤਿਆ ਕਰਕੇ ਉਨ੍ਹਾਂ ਦੇ ਪਰਸ ਵਿਚੋਂ ਪੈਸੇ ਕੱਢੇ ਹਨ। ਉਸ ਨੇ ਕਿਹਾ ਕਿ ਉਸ ਦੇ ਪਿਤਾ ਦੇ ਕਤਲ ਦਾ ਮਾਮਲਾ ਲੁੱਟ ਨਾਲ ਜੁੜਿਆ ਹੋਇਆ ਹੈ।
ਬਲਵਿੰਦਰ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਨਸ਼ੇ ਦੇ ਕਾਰੋਬਾਰ ਲਈ ਕਾਫ਼ੀ ਬਦਨਾਮ ਹੈ। ਇਸੇ ਪਿੰਡ ਦੇ ਨੰਬਰਦਾਰ ਰਾਮ ਗੋਪਾਲ ਸ਼ਰਮਾ ਦੀ ਵੀ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ’ਤੇ ਲਗਭਗ 2 ਸਾਲ ਪਹਿਲਾਂ ਨਸ਼ੇ ਦੇ ਕਾਰੋਬਾਰੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਰਾਮ ਗੋਪਾਲ ਦੇ ਵੀ ਹੱਤਿਆਰਿਆਂ ਤਕ ਪੁਲਸ ਅਜੇ ਤਕ ਨਹੀਂ ਪਹੁੰਚ ਸਕੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਜਲੰਧਰ ਪੁਲਸ ਦੀ ਇਤਿਹਾਸਕ ਪਹਿਲ, 56 ਹਥਿਆਰਬੰਦ ਲਾਇਸੈਂਸ ਕੀਤੇ ਰੱਦ, ਦਿੱਤੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਭਲਕੇ ਤੋਂ ਖੁੱਲ੍ਹਣਗੇ ਸਕੂਲ, ਪ੍ਰੀਖਿਆਵਾਂ ਨਾਲ ਹੋਵੇਗੀ ਪਹਿਲੇ ਦਿਨ ਦੀ ਸ਼ੁਰੂਆਤ
NEXT STORY