ਸਾਹਨੇਵਾਲ/ਕੁਹਾੜਾ(ਜਗਰੂਪ) : ਮਜ਼ਦੂਰ ਦਿਵਸ 'ਤੇ 2 ਮਜ਼ਦੂਰਾਂ ਦੀ ਮੌਤ ਨਾਲ ਲੁਧਿਆਣਾ ਦੇ ਮਜ਼ਦੂਰਾਂ 'ਚ ਸਹਿਮ ਪਾਇਆ ਗਿਆ। ਮਜ਼ਦੂਰਾਂ ਨੂੰ ਤਾਂ ਕੁੱਝ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਲਈ ਇਹ ਵਿਸ਼ੇਸ ਦਿਨ ਰੱਖਿਆ ਗਿਆ ਹੈ ਅਤੇ ਉਨ੍ਹਾਂ ਲਈ ਇਸ ਦਿਨ ਦੀ ਵਿਸ਼ੇਸ ਛੁੱਟੀ ਦਾ ਐਲਾਨ ਹੁੰਦਾ ਹੈ। ਬੀਤੇ ਦਿਨ ਇਸੇ ਹੀ ਮਜ਼ਦੂਰ ਦਿਹਾੜੇ 'ਤੇ ਮਿਹਨਤ-ਮਜ਼ਦੂਰੀ ਕਰਦੇ ਸਮੇਂ ਇਕ ਫੈਕਟਰੀ 'ਚ ਬੁਆਇਲਰ ਲੀਕ ਹੋਣ ਨਾਲ 2 ਮਜ਼ਦੂਰਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਜ਼ੋਰਦਾਰ ਧਮਾਕਿਆਂ ਮਗਰੋਂ ਮਚੀ ਹਾਹਾਕਾਰ, ਭੱਜ ਕੇ ਗਲੀਆਂ 'ਚ ਨਿਕਲ ਆਏ ਲੋਕ

ਘਟਨਾ ਥਾਣਾ ਸਾਹਨੇਵਾਲ ਦੇ ਅਧੀਨ ਪੈਂਦੀ ਚੌਂਕੀ ਕੰਗਣਵਾਲ ਦੇ ਇਲਾਕੇ ਜਸਪਾਲ ਬਾਂਗਰ ਵਿਖੇ ਇਕ ਰਬੜ ਇੰਡਸਟਰੀ ਦੀ ਹੈ। ਇੱਥੇ ਪਿਛਲੇ ਕਰੀਬ 6-7 ਸਾਲਾਂ ਤੋਂ ਕੰਮ ਕਰਨ ਵਾਲੇ 2 ਮਜ਼ਦੂਰਾਂ 'ਚੋਂ ਇਕ ਦੀ ਮੌਕੇ 'ਤੇ ਅਤੇ ਦੂਜੇ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਗਦੀਸ਼ ਸ਼ਰਮਾ (45) ਪੁੱਤਰ ਸੁਗਮਾਰ ਸ਼ਰਮਾ ਵਾਸੀ ਕਰਮਜੀਤ ਨਗਰ ਜਸਪਾਲ ਬਾਂਗਰ ਅਤੇ ਕੁੰਦਨ ਕੁਮਾਰ ਪੁੱਤਰ ਵਰਿੰਦਰ ਪਾਸਵਾਨ ਨਿਊ ਰਾਮ ਨਗਰ ਲੁਧਿਆਣਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀਆਂ ਉਹ ਖ਼ੂਬਸੂਰਤ ਥਾਵਾਂ, ਜਿਨ੍ਹਾਂ ਦੇ ਨਜ਼ਾਰੇ ਹਰ ਕਿਸੇ ਨੂੰ ਕੀਲ ਲੈਣਗੇ (ਤਸਵੀਰਾਂ)
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਗਦੀਸ਼ ਸ਼ਰਮਾ ਦੇ ਪੁੱਤਰ ਰਾਜ ਕੁਮਾਰ ਨੇ ਦੱਸਿਆ ਕਿ ਮੇਰੇ ਕੋਲ ਇਕ ਔਰਤ ਆਈ, ਜਿਸ ਨੇ ਕਿਹਾ ਕਿ ਆਪਣੇ ਪਾਪਾ ਨੂੰ ਬਚਾ ਲਓ, ਉਸ ਦੀ ਫੈਕਟਰੀ 'ਚ ਅੱਗ ਲੱਗ ਗਈ ਹੈ। ਇਸ 'ਤੇ ਉਹ ਤੁਰੰਤ ਉੱਥੇ ਆਇਆ ਤਾਂ ਉਸ ਦੇ ਪਾਪਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਰਾਜ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਵੀ ਇਸੇ ਫੈਕਟਰੀ 'ਚ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਹੈ ਪਰ ਉਨਾਂ ਨੂੰ ਦੱਸਿਆ ਕਿ ਪਿਤਾ ਨੂੰ ਕਿਸੇ ਹਸਪਤਾਲ 'ਚ ਲਿਜਾਇਆ ਗਿਆ ਹੈ। ਇਸ ਤਰ੍ਹਾਂ ਦੂਜੇ ਵਿਅਕਤੀ ਨੂੰ ਵੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਵੀ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ।

ਵੱਡੇ ਬਾਬੂਆਂ ਨੂੰ ਛੁੱਟੀ ਪਰ ਮਜ਼ਦੂਰਾਂ ਨਾਲ ਜ਼ਬਰਦਸਤੀ
ਪੂਰੇ ਦੇਸ਼ 'ਚ 1 ਮਈ ਨੂੰ ਵਿਸ਼ੇਸ ਦਿਨ ਮੰਨਦੇ ਹੋਏ ਮਜ਼ਦੂਰਾਂ ਦੇ ਆਤਮ ਸਨਮਾਨ ਲਈ ਸਰਕਾਰ ਵਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪਰ ਉੱਥੇ ਹੀ ਕੁੱਝ ਫੈਕਟਰੀਆਂ ਵਾਲੇ ਆਪਣੇ ਲਾਲਚ ਲਈ ਮਿਹਨਤ-ਮਜ਼ਦੂਰੀ ਕਰਨ ਵਾਲੇ ਇਨ੍ਹਾਂ ਮਜ਼ਦੂਰਾਂ ਤੋਂ ਧੱਕੇ ਨਾਲ ਕੰਮ ਕਰਵਾ ਕੇ ਉਨਾਂ ਦਾ ਸੋਸ਼ਣ ਕਰਦੇ ਹਨ। ਇਸੇ ਘਟਨਾ 'ਚ ਦਮ ਤੋੜਨ ਵਾਲੇ ਮਜ਼ਦੂਰ ਜਗਦੀਸ਼ ਸ਼ਰਮਾ ਦੇ ਬੇਟੇ ਰਾਜ ਕੁਮਾਰ ਨੇ ਕੈਮਰੇ ਸਾਹਮਣੇ ਕਿਹਾ ਕਿ ਵੱਡੇ ਬਾਬੂ ਤਾਂ ਆਪਣੇ ਘਰਾਂ 'ਚ ਅਰਾਮ ਕਰ ਰਹੇ ਹਨ ਪਰ ਮਜ਼ਦੂਰਾਂ ਨੂੰ ਜ਼ਬਰਦਸਤੀ ਬੁਲਾ ਕੇ ਕੰਮ ਕਰਵਾਇਆ ਜਾ ਰਿਹਾ ਸੀ।

ਜਿਸ ਨਾਲ ਇੱਥੇ ਇਹ ਅਣਹੋਣੀ ਘਟਨਾ ਵਾਪਰੀ ਹੈ ਅਤੇ ਇੱਥੇ ਕਿਸੇ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਕੋਈ ਪੁਖ਼ਤਾ ਪ੍ਰਬੰਧ ਵੀ ਨਹੀਂ ਸਨ। ਇਸ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਓਧਰ ਇਸ ਘਟਨਾ ਸਬੰਧੀ ਮੌਕੇ ਦਾ ਮੁਆਇਨਾ ਕਰਨ ਉਪਰੰਤ ਚੌਂਕੀ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ 'ਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀਆਂ ਉਹ ਖ਼ੂਬਸੂਰਤ ਥਾਵਾਂ, ਜਿਨ੍ਹਾਂ ਦੇ ਨਜ਼ਾਰੇ ਹਰ ਕਿਸੇ ਨੂੰ ਕੀਲ ਲੈਣਗੇ (ਤਸਵੀਰਾਂ)
NEXT STORY