ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਵੀਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੁਆਰਾ ਪੰਜਾਬ ਦੇ ਨੌਜਵਾਨਾਂ ਨੂੰ ਘਰ-ਘਰ ਨੌਕਰੀ ਦੇ ਵਾਅਦੇ ਤਹਿਤ ਬੇਵਕੂਫ ਬਣਾਉਣ ਲਈ ਸਰਕਾਰ ਦੀ ਨਿਖੇਧੀ ਕੀਤੀ। ਖਹਿਰਾ ਨੇ ਕਿਹਾ ਕਿ ਪੰਜਾਬ ਵਿਚੋਂ ਨਸ਼ੇ ਦਾ ਖਾਤਮਾ ਕਰਨਾ, ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਅਤੇ ਨੌਜਵਾਨਾਂ ਨੂੰ ਮੋਬਾਇਲ ਫੋਨ ਦੇਣ ਦੇ ਵਾਅਦੇ ਵਾਂਗ ਹਰ ਪਰਿਵਾਰ ਵਿਚੋਂ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਝੂਠਾ ਸਾਬਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਝੂਠੇ ਤੱਥ ਪੇਸ਼ ਕਰ ਕੇ ਪ੍ਰਾਈਵੇਟ ਕਾਲਜਾਂ ਦੁਆਰਾ ਲਗਾਏ ਜਾ ਰਹੇ ਨੌਕਰੀ ਮੇਲਿਆਂ ਨੂੰ ਸਰਕਾਰ ਦੀ ਕੋਸ਼ਿਸ਼ ਕਰਾਰ ਦੇਣਾ ਝੂਠ ਦਾ ਪੁਲੰਦਾ ਹੈ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਸਰਕਾਰ ਸਥਾਪਤੀ ਤੋਂ ਬਾਅਦ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਇਸ ਕੰਮ ਲਈ ਪ੍ਰਾਈਵੇਟ ਕੰਪਨੀਆਂ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨੌਕਰੀ ਮੇਲੇ ਤਾਂ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਕਾਲਜ ਪਿਛਲੇ 1 ਦਹਾਕੇ ਤੋਂ ਹਰ ਸਾਲ ਲਗਾਉਂਦੇ ਆ ਰਹੇ ਹਨ ਤਾਂ ਹੁਣ ਇਸ ਵਿਚ ਸਰਕਾਰ ਜਾਂ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕੀ ਰੋਲ ਹੈ।
ਖਹਿਰਾ ਨੇ ਕਿਹਾ ਕਿ ਇਨ੍ਹਾਂ ਨੌਕਰੀ ਮੇਲਿਆਂ ਤੋਂ ਹਜ਼ਾਰਾਂ ਨੌਜਵਾਨ ਮਾਯੂਸ ਪਰਤ ਰਹੇ ਹਨ ਕਿਉਂ ਜੋ ਬਹੁਤ ਘੱਟ ਅਜਿਹੀਆਂ ਕੰਪਨੀਆਂ ਹਨ ਜਿਥੇ ਨੌਕਰੀਆਂ ਉਪਲਬਧ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਨੀਆਂ ਦੁਆਰਾ ਨੌਜਵਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਤਨਖਾਹਾਂ ਵੀ ਬਹੁਤ ਘੱਟ ਹਨ, ਜਿਸ ਕਾਰਨ ਉਹ ਇਹ ਨੌਕਰੀਆਂ ਲੈਣ ਤੋਂ ਨਾਂਹ ਕਰ ਰਹੇ ਹਨ। ਖਹਿਰਾ ਨੇ ਪੁੱਛਿਆ ਕਿ ਕੰਪਨੀਆਂ ਦੁਆਰਾ ਦਿੱਤੀ ਜਾਣ ਵਾਲੀ ਤਨਖਾਹ ਤਾਂ ਇਕ ਦਿਹਾੜੀਦਾਰ ਤੋਂ ਵੀ ਘੱਟ ਹੈ ਅਤੇ ਅਜਿਹੇ ਹਾਲਾਤ ਵਿਚ ਕੋਈ ਆਪਣਾ ਘਰ ਕਿਸ ਤਰ੍ਹਾਂ ਚਲਾ ਸਕਦਾ ਹੈ। ਕਾਂਗਰਸ ਸਰਕਾਰ ਦੁਆਰਾ ਨੌਜਵਾਨਾਂ ਨਾਲ ਕੀਤੇ ਜਾ ਰਹੇ ਇਸ ਭੱਦੇ ਮਜ਼ਾਕ ਦੀ ਨਿਖੇਧੀ ਕਰਦਿਆਂ ਖਹਿਰਾ ਨੇ ਕਿਹਾ ਕਿ ਅਜਿਹਾ ਕਰ ਕੇ ਕਾਂਗਰਸ ਸਰਕਾਰ ਨੌਜਵਾਨਾਂ ਦੀ ਬੇਰੋਜ਼ਗਾਰੀ ਦਾ ਮਜ਼ਾਕ ਉਡਾ ਰਹੀ ਹੈ ਅਤੇ ਉਨਾਂ ਦਾ ਮਨੋਬਲ ਡੇਗ ਰਹੀ ਹੈ।
10ਵੀਂ ਤੇ 12ਵੀਂ ਓਪਨ ਸਕੂਲ ਦੀ ਅਨੁਪੂਰਕ ਪ੍ਰੀਖਿਆ 15 ਤੋਂ
NEXT STORY