ਫਿਰੋਜ਼ਪੁਰ (ਪਰਮਜੀਤ ਸੋਢੀ) : ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ 31 ਗੱਟੂ ਚਾਈਨਾ ਡੋਰ ਸਮੇਤ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਅੱਡਾ ਖਾਈ ਸਿਟੀ ਫਿਰੋਜ਼ਪੁਰ ਕੋਲ ਪੁੱਜੀ ਤਾਂ ਇਸ ਦੌਰਾਨ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਹਰਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਫਿਰੋਜ਼ਪੁਰ ਚਾਈਨਾ ਡੋਰ ਬਾਹਰੋਂ ਲਿਆ ਕੇ ਫਿਰੋਜ਼ਪੁਰ ਵਿਚ ਵੇਚਣ ਦਾ ਕੰਮ ਕਰਦਾ ਹੈ।
ਇਹ ਸਰਕਾਰ ਵੱਲੋਂ ਚਾਈਨਾ ਡੋਰ ਬੈਨ ਕੀਤੀ ਹੋਈ ਹੈ ਅਤੇ ਇਹ ਭਲੀ-ਭਾਂਤ ਜਾਣਦਾ ਹੈ ਕਿ ਇਸ ਨਾਲ ਆਮ ਲੋਕਾਂ, ਜਾਨਵਰਾਂ ਅਤੇ ਪੰਛੀਆਂ ਦੀ ਜ਼ਿੰਦਗੀ ਨੂੰ ਖ਼ਤਰਾ ਹੈ। ਉਹ ਅੱਜ ਵੀ ਡੇਅਰੀ ਨਜ਼ਦੀਕ ਪੈਟਰੋਲ ਪੰਪ ਬਸਤੀ ਭੱਟੀਆਂ ਵਾਲੀ ਦੇ ਕੋਲ ਰੋਡ ਦੇ ਪਿੱਛੇ ਖੜ੍ਹਾ ਹੈ, ਜੇਕਰ ਹੁਣੇ ਇਸ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਚਾਈਨਾ ਡੋਰ ਸਮੇਤ ਕਾਬੂ ਆ ਸਕਦਾ ਹੈ। ਜਾਂਚ ਕਰਤਾ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਉਕਤ ਜਗ੍ਹਾ ’ਤੇ ਛਾਪੇਮਾਰੀ ਕਰਕੇ ਦੋਸ਼ੀ ਹਰਮਨਪ੍ਰੀਤ ਸਿੰਘ ਨੂੰ 31 ਗੱਟੂ ਚਾਈਨਾ ਡੋਰ ਸਮੇਤ ਕਾਬੂ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਗੁਰੂਹਰਸਹਾਏ 'ਚ ਸਰਕਾਰੀ ਮੁਲਾਜ਼ਮ ਦੇ ਲਗਾਤਾਰ 3 ਮੋਟਰਸਾਈਕਲ ਚੋਰੀ
NEXT STORY