ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸਾਹਿਬ ਦੇ ਨੇੜੇ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਲੱਖੋਵਾਲ-ਗੱਦੋਵਾਲ ਦਾ ਵਾਸੀ ਬਲਵਿੰਦਰ ਸਿੰਘ (50) ਜੋ ਕਿ ਆਪਣੀ ਬਿਮਾਰੀ ਦੇ ਇਲਾਜ ਲਈ ਨੇੜਲੇ ਪਿੰਡ ਧਨਾਨਸੂ ਵਿਖੇ ਇੱਕ ਬੈਂਕ ’ਚੋਂ ਪੈਸੇ ਕਢਵਾਉਣ ਆਇਆ ਸੀ ਪਰ ਉਹ ਦਮ ਤੋੜ ਗਿਆ। ਮ੍ਰਿਤਕ ਬਲਵਿੰਦਰ ਸਿੰਘ ਦੇ ਲੜਕੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਇਲੈਟ੍ਰੀਸ਼ੀਅਨ ਦਾ ਕੰਮ ਕਰਦਾ ਸੀ, ਜੋ ਪਿਛਲੇ 20 ਦਿਨਾਂ ਤੋਂ ਬਿਮਾਰ ਸੀ। ਅੱਜ ਜਦੋਂ ਉਨ੍ਹਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਤਾਂ ਉਹ ਇਲਾਜ ਲਈ ਆਪਣੇ ਪਿਤਾ ਨੂੰ ਹਸਪਤਾਲ ਲੈ ਕੇ ਜਾਣਾ ਚਾਹੁੰਦੇ ਸਨ ਪਰ ਇਲਾਜ ਦੇ ਖਰਚੇ ਲਈ ਉਹ ਆਪਣੇ ਪਿਤਾ ਦੇ ਪਿੰਡ ਧਨਾਨਸੂ ਵਿਖੇ ਇੱਕ ਬੈਂਕ ਖਾਤੇ ’ਚੋਂ ਪੈਸੇ ਕਢਵਾਉਣ ਲਈ ਚਲੇ ਗਏ।
ਲੜਕੇ ਮਨਪ੍ਰੀਤ ਸਿੰਘ ਅਨੁਸਾਰ ਉਹ ਆਪਣੇ ਪਿਤਾ ਨੂੰ ਕਾਰ ’ਚ ਬਿਠਾ ਕੇ ਬੈਂਕ ਅੱਗੇ ਲੈ ਗਏ ਅਤੇ ਪਰਿਵਾਰਕ ਮੈਂਬਰਾਂ ਨੇ ਬੈਂਕ ਅੰਦਰ ਜਾ ਕੇ ਮੈਨੇਜਰ ਨੂੰ ਦੱਸਿਆ ਕਿ ਬਲਵਿੰਦਰ ਸਿੰਘ ਦੀ ਹਾਲਤ ਠੀਕ ਨਹੀਂ ਅਤੇ ਉਹ ਬਾਹਰ ਗੱਡੀ ’ਚ ਬੈਠਾ ਹੈ ਅਤੇ ਉਸ ਦੇ ਇਲਾਜ ਲਈ ਖਾਤੇ ’ਚੋਂ ਪੈਸੇ ਕਢਵਾਉਣੇ ਹਨ, ਇਸ ਲਈ ਬਾਹਰ ਆ ਕੇ ਬੈਂਕ ਦਾ ਸਟਾਫ਼ ਉਨ੍ਹਾਂ ਦੇ ਦਸਤਖ਼ਤ ਜਾਂ ਅੰਗੂਠਾ ਲਗਵਾ ਲਵੇ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਮੈਨੇਜਰ ਨੂੰ ਇਹ ਵੀ ਦੱਸਿਆ ਕਿ ਬਲਵਿੰਦਰ ਸਿੰਘ ਬੈਂਕ ਅੰਦਰ ਆਉਣ ਦੀ ਹਾਲਤ ’ਚ ਨਹੀਂ ਹੈ, ਜਿਸ ’ਤੇ ਮੈਨੇਜਰ ਨੇ ਬਾਹਰ ਗੱਡੀ ’ਚ ਆ ਕੇ ਉਸ ਦੇ ਪਿਤਾ ਨੂੰ ਦੇਖਿਆ ਤੇ ਕਿਹਾ ਕਿ ਜਦੋਂ ਤੱਕ ਖਾਤਾ ਧਾਰਕ ਦਸਤਖ਼ਤ ਨਹੀਂ ਕਰਦਾ, ਉਦੋਂ ਤੱਕ ਪੈਸੇ ਨਹੀਂ ਨਿਕਲ ਸਕਦੇ।
ਲੜਕੇ ਮਨਪ੍ਰੀਤ ਸਿੰਘ ਅਨੁਸਾਰ ਉਸਨੇ ਆਪਣੀ ਮਾਤਾ ਨੂੰ ਨਾਲ ਲੈ ਕੇ ਬੈਂਕ ਅੰਦਰ ਜਾ ਕੇ ਮੈਨੇਜਰ ਦੀਆਂ ਮਿੰਨਤਾਂ ਵੀ ਕੀਤੀਆਂ ਕਿ ਉਸਦੇ ਪਿਤਾ ਦੀ ਹਾਲਾਤ ਬਹੁਤ ਖ਼ਰਾਬ ਹੈ ਅਤੇ ਇਲਾਜ ਲਈ ਜ਼ਰੂਰੀ ਪੈਸੇ ਚਾਹੀਦੇ ਹਨ, ਇਸ ਲਈ ਉਹ ਅੰਗੂਠਾ ਲਗਵਾ ਕੇ ਉਨ੍ਹਾਂ ਦੇ ਖਾਤੇ ’ਚੋਂ ਪੈਸੇ ਕੱਢ ਦੇਵੇ ਪਰ ਮੈਨੇਜਰ ਇਸ ਗੱਲ ’ਤੇ ਰਜ਼ਾਮੰਦ ਨਾ ਹੋਇਆ। ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਉਹ ਬੈਂਕ ਅੰਦਰ ਮੈਨੇਜਰ ਦੀਆਂ ਮਿੰਨਤਾਂ ਕਰ ਰਹੇ ਸਨ ਤਾਂ ਇਸ ਦੌਰਾਨ ਹੀ ਬਲਵਿੰਦਰ ਸਿੰਘ ਗੱਡੀ ’ਚ ਬੈਠਾ ਦਮ ਤੋੜ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਬਲਵਿੰਦਰ ਸਿੰਘ ਦੇ ਖਾਤੇ ’ਚ 1.08 ਲੱਖ ਰੁਪਏ ਜਮ੍ਹਾਂ ਸਨ ਅਤੇ ਜੇਕਰ ਬੈਂਕ ਮੈਨੇਜਰ ਸਮੇਂ ਸਿਰ ਪੈਸੇ ਦੇ ਦਿੰਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ।
ਫਿਲਹਾਲ ਪਰਿਵਾਰਕ ਮੈਂਬਰ ਮ੍ਰਿਤਕ ਬਲਵਿੰਦਰ ਸਿੰਘ ਦੀ ਲਾਸ਼ ਨੂੰ ਲੈ ਕੇ ਬੁੱਢੇਵਾਲ ਪੁਲਸ ਚੌਂਕੀ ਪਹੁੰਚ ਗਏ ਹਨ ਅਤੇ ਮੈਨੇਜਰ ਖਿਲਾਫ਼ ਕਾਰਵਾਈ ਕਰਵਾਉਣਾ ਚਾਹੁੰਦੇ ਹਨ। ਦੂਜੇ ਪਾਸੇ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਕਰ ਹਸਪਤਾਲ ਪਹੁੰਚਾ ਦਿੱਤਾ ਹੈ ਅਤੇ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਹੈ। ਜਦੋਂ ਇਸ ਸਬੰਧੀ ਬੈਂਕ ਮੈਨੇਜਰ ਵਿਪਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੈਸੇ ਕਢਵਾਉਣ ਆਇਆ ਬਲਵਿੰਦਰ ਸਿੰਘ ਬੇਹੋਸ਼ੀ ਦੀ ਹਾਲਤ 'ਚ ਸੀ ਅਤੇ ਉਹ ਦਸਤਖ਼ਤ ਕਰਨ ਤੋਂ ਅਸਮਰੱਥ ਸੀ, ਜਿਸ ਕਾਰਨ ਖਾਤੇ ’ਚੋਂ ਪੈਸੇ ਨਹੀਂ ਨਿਕਲ ਸਕਦੇ। ਉਨ੍ਹਾਂ ਦੱਸਿਆ ਕਿ ਬੈਂਕ ਦੇ ਨਿਯਮਾਂ ਅਨੁਸਾਰ ਹੀ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਖਾਤੇ ’ਚੋਂ ਪੈਸੇ ਦੇਣ ਤੋਂ ਇੰਨਕਾਰ ਕੀਤਾ।
ਨਾਕੇ ਖੁੱਲ੍ਹਣ ਦੇ ਬਾਅਦ ਵੀ ਸ੍ਰੀ ਹਰਿਮੰਦਰ ਸਾਹਿਬ ’ਚ ਸੰਗਤਾਂ ਦੀ ਨਹੀਂ ਵਧ ਰਹੀ ਗਿਣਤੀ
NEXT STORY