ਚੰਡੀਗੜ੍ਹ (ਰਮਨਜੀਤ) - ਵਿਧਾਨਸਭਾ ਚਮਕੌਰ ਸਾਹਿਬ ਦੇ ਅਧੀਨ ਆਉਂਦੇ ਇਕ ਪਿੰਡ ਦੀ ਨਾਬਾਲਗ ਲੜਕੀ ਨਾਲ ਗੈਂਗਰੇਪ ਮਾਮਲੇ ਵਿਚ ਨੈਸ਼ਨਲ ਸ਼ੈਡਿਊਲਡ ਕਾਸਟਸ ਅਲਾਇੰਸ ਨੇ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਾਏ ਹਨ। ਅਲਾਇੰਸ ਦਾ ਕਹਿਣਾ ਹੈ ਕਿ ਚਮਕੌਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਕੈਬਨਿਟ ਦੇ ਇਕ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਮਾਮਲੇ ਵਿਚ ਮੁਲਜ਼ਮਾਂ ਦਾ ਬਚਾਅ ਕਰ ਰਹੇ ਹਨ। ਇਹੀ ਕਾਰਨ ਹੈ ਕਿ ਗੈਂਗਰੇਪ ਦੀ ਘਟਨਾ ਸੰਬੰਧੀ ਐੱਫ. ਆਈ. ਆਰ. ਦਰਜ ਹੋਏ 6 ਮਹੀਨੇ ਬੀਤਣ ਤੋਂ ਬਾਅਦ ਵੀ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ, ਜਦੋਂਕਿ ਗੈਂਗਰੇਪ ਦਾ ਸ਼ਿਕਾਰ ਹੋਈ 13 ਸਾਲ ਦੀ ਨਾਬਾਲਗ ਲੜਕੀ ਇਸ ਘਟਨਾ ਤੋਂ ਬਾਅਦ ਆਪਣੀ ਪੜ੍ਹਾਈ ਤੋਂ ਵੀ ਵਾਂਝੀ ਹੋ ਚੁੱਕੀ ਹੈ।
ਅਲਾਇੰਸ ਦੇ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਇਸ ਮਾਮਲੇ ਵਿਚ ਪੀੜਤ ਪਰਿਵਾਰ ਨੂੰ ਇਨਸਾਫ ਦੀ ਮੰਗ ਲੈ ਕੇ 6 ਜਨਵਰੀ ਨੂੰ ਪਟਿਆਲੇ ਦੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਚੌਕ ਤੋਂ ਆਈ. ਜੀ. ਪਟਿਆਲਾ ਜ਼ੋਨ ਦੇ ਦਫ਼ਤਰ ਤੱਕ ਅਲਾਇੰਸ ਦੇ ਵਰਕਰ ਕੈਂਡਲ ਮਾਰਚ ਕਰਨਗੇ। ਜੇਕਰ ਇਸ ਤੋਂ ਵੀ ਪੁਲਸ ਅਤੇ ਪ੍ਰਸ਼ਾਸਨ ਦੀ ਨੀਂਦ ਨਹੀਂ ਖੁੱਲ੍ਹੀ ਤਾਂ ਸੰਘਰਸ਼ ਦਾ ਦਾਇਰਾ ਵਧਾਇਆ ਜਾਵੇਗਾ। ਕੈਂਥ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਲਗਾਤਾਰ ਦਲਿਤਾਂ 'ਤੇ ਜ਼ੁਲਮ ਹੋ ਰਿਹਾ ਹੈ ਤੇ ਦਲਿਤ ਭਾਈਚਾਰੇ ਨਾਲ ਜੁੜੇ ਵਿਧਾਇਕ ਵੀ ਚੁੱਪੀ ਧਾਰੀ ਹੋਏ ਹਨ।
ਕੈਂਥ ਨੇ ਕਿਹਾ ਕਿ ਇਹ ਮਾਮਲਾ ਪੁਲਸ ਥਾਣੇ ਘੜੂੰਆਂ ਅਧੀਨ ਆਉਂਦੇ ਇਕ ਪਿੰਡ ਦਾ ਹੈ। ਜੁਲਾਈ 2017 ਵਿਚ 13 ਸਾਲ ਦੀ ਬੱਚੀ ਨਾਲ ਸਕੂਲ ਤੋਂ ਘਰ ਪਰਤਦੇ ਸਮੇਂ ਪਿੰਡ ਦੇ ਹੀ 3 ਲੜਕਿਆਂ ਨੇ ਜ਼ਬਰਦਸਤੀ ਕੀਤੀ। ਘਟਨਾ ਸਮੇਂ ਹੋਈ ਜ਼ੋਰ-ਜ਼ਬਰਦਸਤੀ ਦੌਰਾਨ ਬੱਚੀ ਦੀ ਇਕ ਬਾਂਹ ਵੀ ਟੁੱਟ ਗਈ ਸੀ ਪਰ ਮੁਲਜ਼ਮਾਂ ਦੁਆਰਾ ਧਮਕੀ ਦਿੱਤੇ ਜਾਣ ਕਾਰਨ ਲੜਕੀ ਨੇ ਘਰ ਵਾਲਿਆਂ ਨੂੰ ਸੱਟ ਦਾ ਕਾਰਨ ਸਾਈਕਲ ਤੋਂ ਡਿੱਗਣਾ ਦੱਸਿਆ ਸੀ। ਬਾਅਦ ਵਿਚ ਮਾਮਲੇ ਦਾ ਖੁਲਾਸਾ ਹੋਣ ਉੱਤੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਮੁੱਢਲੀ ਜਾਂਚ ਹੋਈ ਅਤੇ ਪਤਾ ਚੱਲਿਆ ਕਿ ਬੱਚੀ ਨਾਲ ਜਬਰ-ਜ਼ਨਾਹ ਪਿੰਡ ਦੇ ਹੀ ਰਸੂਖਦਾਰ ਪਰਿਵਾਰਾਂ ਦੇ ਲੜਕਿਆਂ ਨੇ ਕੀਤਾ ਸੀ। ਪਰਮਜੀਤ ਸਿੰਘ ਕੈਂਥ ਨੇ ਦੋਸ਼ ਲਾਇਆ ਕਿ ਪੀੜਤਾ ਦੇ ਪਿਤਾ ਇਨਸਾਫ ਲਈ ਇਲਾਕੇ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ, ਜੋ ਕਿ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ, ਨੂੰ ਮਿਲਿਆ ਸੀ ਪਰ ਕਥਿਤ ਤੌਰ 'ਤੇ ਕੈਬਨਿਟ ਮੰਤਰੀ ਨੇ ਪੀੜਤਾ ਦੇ ਪਿਤਾ ਨੂੰ ਸਮਝੌਤਾ ਕਰ ਲੈਣ ਦੀ ਸਲਾਹ ਦਿੱਤੀ। ਕੈਂਥ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ।
ਮੁਲਜ਼ਮ ਲੜਕੇ ਦੇ ਪਰਿਵਾਰ ਨੇ ਕਿਹਾ ਦਬਾਅ ਬਣਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ
ਓਧਰ ਮੀਡੀਆ ਨੂੰ ਜਾਰੀ ਇਕ ਹੋਰ ਬਿਆਨ ਵਿਚ ਮੁਲਜ਼ਮ ਪੱਖ ਦੇ ਇਕ ਲੜਕੇ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਇਹ ਪੁਲਸ, ਗਵਾਹਾਂ ਅਤੇ ਅਦਾਲਤ 'ਤੇ ਦਬਾਅ ਬਣਾਉਣ ਲਈ ਕੀਤਾ ਜਾ ਰਿਹਾ ਹੈ। ਪ੍ਰੈੱਸ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅਸਲ ਵਿਚ 2015 ਵਿਚ ਉਨ੍ਹਾਂ ਦੇ ਪਰਿਵਾਰ ਦੀ ਇਕ ਲੜਕੀ ਨਾਲ ਜਬਰ-ਜ਼ਨਾਹ ਹੋਇਆ ਸੀ ਅਤੇ ਉਸ ਦੇ ਇਲਜ਼ਾਮ ਵਿਚ ਉਕਤ ਪਰਿਵਾਰ ਦੇ 2 ਲੜਕੇ ਰੋਪੜ ਜੇਲ ਵਿਚ ਬੰਦ ਹਨ। ਅਦਾਲਤ ਵਿਚ ਮਾਮਲਾ ਗਵਾਹੀ 'ਤੇ ਚੱਲ ਰਿਹਾ ਹੈ ਅਤੇ ਉਕਤ ਪਰਿਵਾਰ ਨੇ ਗਵਾਹਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਤਹਿਤ ਆਪਣੀ ਬੱਚੀ ਨਾਲ ਜਬਰ-ਜ਼ਨਾਹ ਦੀ ਕਹਾਣੀ ਬਣਾਈ ਹੈ, ਜਿਸ ਦੀ ਸਾਡੇ ਵੱਲੋਂ ਸੀ. ਬੀ. ਆਈ. ਜਾਂਚ ਮੰਗੀ ਗਈ ਹੈ ਅਤੇ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਲੰਬਿਤ ਹੈ।
ਮੇਰੇ ਤੋਂ ਨਿੱਜੀ ਫਾਇਦਾ ਚਾਹੁੰਦੇ ਹਨ ਕੈਂਥ : ਮੰਤਰੀ ਚੰਨੀ
ਚੰਡੀਗੜ੍ਹ : ਪ੍ਰੈੱਸ ਕਾਨਫਰੰਸ ਵਿਚ ਪਰਮਜੀਤ ਸਿੰਘ ਕੈਂਥ ਪ੍ਰਧਾਨ ਨੈਸ਼ਨਲ ਸ਼ੈਡਿਊਲਡ ਕਾਸਟਸ ਅਲਾਇੰਸ ਵੱਲੋਂ ਮੇਰੇ ਉੱਤੇ ਜੋ ਦੋਸ਼ ਲਾਏ ਗਏ ਹਨ, ਉਹ ਬਿਲਕੁੱਲ ਬੇਬੁਨਿਆਦ ਅਤੇ ਝੂਠੇ ਹਨ। ਇਹ ਮੇਰੇ ਰਾਜਸੀ ਅਤੇ ਸਮਾਜਿਕ ਅਕਸ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਇਹ ਗੱਲ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਹੀ। ਪ੍ਰੈੱਸ ਨੂੰ ਜਾਰੀ ਬਿਆਨ ਵਿਚ ਚੰਨੀ ਨੇ ਕਿਹਾ ਕਿ ਉਹ ਹਮੇਸ਼ਾ ਹੀ ਇਨਸਾਫ ਪਸੰਦ ਰਹੇ ਹਨ ਅਤੇ ਹਮੇਸ਼ਾ ਹੀ ਜ਼ੁਲਮ ਖਿਲਾਫ ਡਟ ਕੇ ਲੜੇ ਹਨ।
ਚੰਨੀ ਨੇ ਕਿਹਾ ਕਿ ਇਕ ਦਲਿਤ ਪਰਵਾਰ ਦੀ 13 ਸਾਲ ਦੀ ਲੜਕੀ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿਚ ਦੂਜੇ ਪੱਖ ਦੀ ਮਦਦ ਕਰਨ ਦੇ ਕੈਂਥ ਵੱਲੋਂ ਲਾਏ ਗਏ ਦੋਸ਼ਾਂ ਵਿਚ ਸੱਚਾਈ ਨਹੀਂ ਹੈ। ਚੰਨੀ ਨੇ ਕਿਹਾ ਕਿ ਪਰਮਜੀਤ ਸਿੰਘ ਕੈਂਥ ਆਪ ਬਣੇ ਦਲਿਤ ਨੇਤਾ ਮੇਰੇ ਤੋਂ ਨਿੱਜੀ ਲਾਭ ਲੈਣਾ ਚਾਹੁੰਦਾ ਸੀ ਪਰ ਮੇਰੇ ਵੱਲੋਂ ਨਿਯਮਾਂ ਦੇ ਉਲਟ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਮੇਰੇ ਖਿਲਾਫ ਮਨਘੜਤ ਦੋਸ਼ ਲਾ ਰਿਹਾ ਹੈ, ਜਦੋਂਕਿ ਮੇਰਾ ਉਕਤ ਮਾਮਲੇ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਕੈਂਥ ਸਿਰਫ ਨਿੱਜੀ ਰੰਜਿਸ਼ ਕੱਢਣ ਲਈ ਮੇਰੇ ਨਾਮ ਦੀ ਵਰਤੋਂ ਕਰ ਰਿਹਾ ਹੈ। ਚੰਨੀ ਨੇ ਕੈਂਥ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਕੈਂਥ ਨੂੰ ਆਪਣੀ ਘਟੀਆ ਅਤੇ ਹੋਛੀ ਰਾਜਨੀਤੀ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਦਲਿਤ ਪਰਿਵਾਰਾਂ ਦੇ ਨਾਮ 'ਤੇ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ।
ਕਾਂਗਰਸ ਸਰਕਾਰ ਦੀ ਨੀਅਤ ਤੇ ਨੀਤੀ ਠੀਕ ਨਹੀਂ : ਮਜੀਠੀਆ
NEXT STORY