ਚੰਡੀਗੜ੍ਹ (ਭੁੱਲਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਿਹਾ ਕਿ ਉਹ ਜਾਂ ਤਾਂ ਸੁਰਿੰਦਰ ਕੌਰ ਬਾਦਲ ਦੀ ਅੰਤਿਮ ਅਰਦਾਸ ਮੌਕੇ ਪਾਏ ਭੋਗ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਲਾਏ ਲੰਗਰ ਦੇ ਦੋਸ਼ਾਂ ਨੂੰ ਸਾਬਿਤ ਕਰੇ ਜਾਂ ਫਿਰ ਸਿਆਸਤ ਛੱਡ ਦੇਵੇ। ਉਨ੍ਹਾਂ ਕਿਹਾ ਕਿ ਜੇ ਮਨਪ੍ਰੀਤ ਆਪਣੇ ਇਸ ਦੋਸ਼ ਨੂੰ ਸਾਬਿਤ ਕਰ ਦਿੰਦਾ ਹੈ ਤਾਂ ਮੈਂ ਹਮੇਸ਼ਾ ਲਈ ਸਿਆਸਤ ਛੱਡ ਦਿਆਂਗਾ। ਦੂਜੇ ਪਾਸੇ ਉਸ ਨੂੰ ਜਾਂ ਤਾਂ ਆਪਣੇ ਦੋਸ਼ ਸਾਬਿਤ ਕਰਨੇ ਚਾਹੀਦੇ ਹਨ ਜਾਂ ਫਿਰ ਸਿਆਸਤ ਛੱਡਣ ਦੀ ਹਾਮੀ ਭਰਨੀ ਚਾਹੀਦੀ ਹੈ। ਜੇ ਉਸ 'ਚ ਹਿੰਮਤ ਹੈ ਤਾਂ ਮੇਰੀ ਚੁਣੌਤੀ ਸਵੀਕਾਰ ਕਰੇ ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੇਖ ਕੇ ਖੁਸ਼ੀ ਹੋਈ ਕਿ ਮਨਪ੍ਰੀਤ ਇਕ ਈਰਖਾਲੂ ਵਿਅਕਤੀ ਵਾਂਗ ਬੋਲ ਰਿਹਾ ਸੀ । ਉਨ੍ਹਾਂ ਕਿਹਾ ਕਿ ਉਸ ਦੇ ਬਜਟ 'ਤੇ ਸਾਡੇ ਵੱਲੋਂ ਕੀਤੇ ਗਏ ਹਮਲੇ ਦਾ ਜੁਆਬ ਦੇਣ ਦੀ ਥਾਂ ਉਸ ਨੇ ਜ਼ਿਆਦਾਤਰ ਸਮਾਂ ਆਪਣੇ ਉਸ ਮੁਰਸ਼ਦ ਅਤੇ ਪਿਤਾ ਸਮਾਨ ਹਸਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖਿਲਾਫ ਆਪਣੀ ਭੜਾਸ ਕੱਢਣ 'ਤੇ ਖਰਚ ਕੀਤਾ, ਜਿਨ੍ਹਾਂ ਨੂੰ ਉਹ ਆਪਣੇ ਸਿਆਸਤ 'ਚ ਆਉਣ ਦੀ ਵਜ੍ਹਾ ਮੰਨਦਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਤਹਿਜ਼ੀਬੀ ਅਤੇ ਮੁਸਕਰਾਉਂਦੇ ਚਿਹਰੇ ਪਿੱਛੇ ਲੁਕੀ ਕੁੜੱਤਣ ਨੂੰ ਵੇਖਦਿਆਂ ਮੈਂ ਉਮੀਦ ਕਰਦਾ ਹਾਂ ਕਿ ਹੁਣ ਉਹ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਦੱਸਣ ਕਿ ਉਹ ਉਨ੍ਹਾਂ ਨਾਲ ਕੀਤੇ ਵਾਅਦਿਆਂ ਬਾਰੇ ਕੀ ਇਰਾਦਾ ਰੱਖਦਾ ਹੈ । ਜਿਹੜਾ ਵਿਅਕਤੀ ਆਪਣੇ ਪਰਿਵਾਰ ਨੂੰ ਧੋਖਾ ਦੇ ਸਕਦਾ ਹੈ, ਉਸ ਲਈ ਕਿਸਾਨਾਂ ਤੇ ਪੰਜਾਬ ਦੇ ਦੂਜੇ ਲੋਕਾਂ ਨਾਲ ਧੋਖਾ ਕਰਨਾ ਮੁਸ਼ਕਿਲ ਨਹੀਂ ਹੋਵੇਗਾ। ਬਾਦਲ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਕਿਸ ਤਰ੍ਹਾਂ ਬੀਬੀ ਬਾਦਲ ਨੇ ਗਰੀਬਾਂ ਅਤੇ ਸ਼ਰਧਾਲੂਆਂ ਲਈ ਅਣਗਿਣਤ ਲੰਗਰ ਲਾਏ ਸਨ। ਇਹ ਕਹਿਣਾ ਕਿ ਉਨ੍ਹਾਂ ਦੇ ਆਪਣੇ ਭੋਗ 'ਤੇ ਲੰਗਰ ਸ਼੍ਰੋਮਣੀ ਕਮੇਟੀ ਨੇ ਲਾਇਆ ਸੀ, ਇਕ ਝੂਠੀ ਅਤੇ ਸ਼ਰਮਨਾਕ ਗੱਲ ਹੈ। ਅਜਿਹਾ ਝੂਠਾ ਅਤੇ ਬੇਬੁਨਿਆਦ ਦੋਸ਼ ਕੋਈ ਸਦਭਾਵਨਾ ਤੋਂ ਕੋਰਾ ਵਿਅਕਤੀ ਹੀ ਲਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਬੜਾ ਧੱਕਾ ਲੱਗਿਆ ਕਿ ਮਨਪ੍ਰੀਤ ਆਪਣੀ ਨਿਰਾਸ਼ਾ 'ਚ ਇੰਨਾ ਥੱਲੇ ਡਿੱਗ ਗਿਆ ਕਿ ਘਟੀਆ ਬਿਆਨਬਾਜ਼ੀ 'ਤੇ ਉੱਤਰ ਆਇਆ । ਮੈਂ ਉਸ ਦੇ ਮਾੜੇ ਵਤੀਰੇ ਦਾ ਜੁਆਬ ਕਦੇ ਵੀ ਉਸ ਦੀ ਭਾਸ਼ਾ ਵਿਚ ਨਹੀਂ ਦੇਵਾਂਗਾ। ਮੈਂ ਅਜੇ ਵੀ ਉਸ ਦੇ ਮਾਤਾ-ਪਿਤਾ ਨੂੰ ਆਪਣੇ ਮਾਪਿਆਂ ਜਿੰਨਾ ਸਤਿਕਾਰ ਦਿੰਦਾ ਹਾਂ। ਮੈਂ ਉਨ੍ਹਾਂ ਵਿਚੋਂ ਕਿਸੇ ਖ਼ਿਲਾਫ ਇਕ ਵੀ ਮਾੜਾ ਸ਼ਬਦ ਨਹੀਂ ਬੋਲਾਂਗਾ। ਮੇਰੇ ਪਿਤਾ ਅਤੇ ਦਾਸ ਜੀ ਨੇ ਵੀ ਮੈਨੂੰ ਇਹੋ ਸਿਖਾਇਆ ਹੈ। ਹੈਰਾਨੀ ਦੀ ਗੱਲ ਹੈ ਕਿ ਮਨਪ੍ਰੀਤ ਵੀ ਇਸੇ ਮਾਹੌਲ ਵਿਚ ਵੱਡਾ ਹੋਇਆ ਸੀ ਅਤੇ ਮੇਰੇ ਨਾਲੋਂ ਵਧੀਆ ਸਕੂਲ ਵਿਚ ਪੜ੍ਹਿਆ ਸੀ। ਮੈਨੂੰ ਨਹੀਂ ਪਤਾ ਉਸ ਦੀ ਸ਼ਖ਼ਸੀਅਤ ਅੰਦਰ ਅਜਿਹੀਆਂ ਹੋਛੀਆਂ ਅਤੇ ਘਟੀਆ ਗੱਲਾਂ ਦਾ ਕਿਵੇਂ ਵਾਸਾ ਹੋ ਗਿਆ।
ਸੁਖਬੀਰ ਬਾਦਲ ਨੇ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਨੂੰ ਹਮੇਸ਼ਾ ਮੇਰੇ ਨਾਲੋਂ ਵੀ ਵੱਧ ਪਿਆਰ ਨਾਲ ਰੱਖਿਆ ਸੀ। ਸਾਰੀ ਦੁਨੀਆ ਇਹ ਵੀ ਜਾਣਦੀ ਹੈ ਕਿ ਸਰਦਾਰ ਬਾਦਲ ਨੇ ਮਨਪ੍ਰੀਤ ਨੂੰ ਉਂਗਲ ਫੜ ਕੇ ਜ਼ਿੰਦਗੀ ਵਿਚ ਅੱਗੇ ਵਧਣਾ ਸਿਖਾਇਆ ਸੀ। ਉਨ੍ਹਾਂ ਨੇ ਮਨਪ੍ਰੀਤ ਦਾ ਸਿਆਸੀ ਕਰੀਅਰ ਸ਼ੁਰੂ ਕਰਾਉਣ ਲਈ ਆਪਣੀ ਗਿੱਦੜਬਾਹਾ ਵਾਲੀ ਸੀਟ ਉਸ ਨੂੰ ਦੇ ਦਿੱਤੀ ਸੀ। ਮੈਂ ਜਦੋਂ ਪੰਜਾਬ ਦੀ ਸਿਆਸਤ ਅੰਦਰ ਅਜੇ ਕੁਝ ਵੀ ਨਹੀਂ ਸੀ ਤਾਂ ਮੇਰੇ ਪਿਤਾ ਨੇ ਮਨਪ੍ਰੀਤ ਨੂੰ ਸੂਬੇ ਦਾ ਵਿੱਤ ਮੰਤਰੀ ਬਣਾਇਆ ਸੀ, ਜਿਹੜੀ ਕਿ ਕੈਬਨਿਟ ਅੰਦਰ ਮੁੱਖ ਮੰਤਰੀ ਤੋਂ ਬਾਅਦ ਦੂਜੇ ਨੰਬਰ ਦੀ ਪੁਜ਼ੀਸ਼ਨ ਹੁੰਦੀ ਹੈ। ਹੁਣ ਮਨਪ੍ਰੀਤ ਇਸ ਤਰੀਕੇ ਨਾਲ ਆਪਣੇ ਪਿਤਾ ਸਮਾਨ ਤਾਏ ਦਾ ਕਰਜ਼ਾ ਮੋੜ ਰਿਹਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਆਪਣੀ ਹੋਰ ਭੱਲ ਬਣਾਉਣ ਲਈ ਮਨਪ੍ਰੀਤ ਨੂੰ ਸ਼ਰੇਆਮ ਇਹ ਐਲਾਨ ਕਰਦਿਆਂ ਵੇਖ ਕੇ ਮੈਂ ਹੈਰਾਨ ਅਤੇ ਉਦਾਸ ਹੋ ਗਿਆ ਕਿ ਉਸ ਨੂੰ ਬਾਦਲ ਪਰਿਵਾਰ ਨਾਲ ਗੱਦਾਰੀ ਕਰਨ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਤੋਂ ਉਸ ਨੂੰ ਪਿਆਰ, ਤਾਕਤ ਅਤੇ ਮਾਣ-ਸਨਮਾਨ ਮਿਲਿਆ, ਮਨਪ੍ਰੀਤ ਨੇ ਉਸ ਨਾਲ ਹੋਰ ਵੀ ਭੈੜੇ ਵਿਸ਼ਵਾਸਘਾਤ ਕਰਨ ਦੀ ਧਮਕੀ ਦਿੱਤੀ ਹੈ।
ਮੈਂ ਨਹੀਂ ਜਾਣਦਾ ਕਿ ਉਹ ਕਿਵੇਂ ਮਹਿਸੂਸ ਕਰਦਾ ਹੈ ਪਰ ਜੋ ਕੁਝ ਉਸ ਨੇ ਆਪਣੇ ਪਰਿਵਾਰ ਦੇ ਵਡੇਰਿਆਂ ਨਾਲ ਕੀਤਾ ਹੈ ਜਾਂ ਜਿਵੇਂ ਪਰਿਵਾਰ ਨੂੰ ਧੋਖਾ ਦਿੱਤਾ ਹੈ, ਕਿਸੇ ਵੀ ਹੋਰ ਪੇਂਡੂ ਪੰਜਾਬੀ ਵਾਂਗ ਮੈਨੂੰ ਤਾਂ ਅਜਿਹਾ ਕਰਦਿਆਂ ਬਹੁਤ ਸ਼ਰਮ ਆਉਣੀ ਸੀ ਪਰ ਇਸ ਦੇ ਨਾਲ ਹੀ ਮੈਂ ਉਸ ਨੂੰ ਲਲਕਾਰਦਾ ਹਾਂ ਕਿ ਉਹ ਜਿੰਨਾ ਥੱਲੇ ਡਿੱਗਣਾ ਚਾਹੁੰਦਾ ਹੈ, ਡਿੱਗ ਜਾਵੇ, ਉਹ ਆਪਣੀਆਂ ਹੋਛੀਆਂ ਹਰਕਤਾਂ ਅਤੇ ਝੂਠ ਨਾਲ ਸਾਡਾ ਕੋਈ ਨੁਕਸਾਨ ਨਹੀਂ ਕਰ ਸਕੇਗਾ।
ਪਟਾਕਾ ਫੈਕਟਰੀ 'ਚ ਬਲਾਸਟ ਦੇ ਮਾਮਲੇ 'ਚ ਗੁਰਦੀਪ ਨੂੰ ਅੱਜ ਕੋਰਟ 'ਚ ਪੇਸ਼ ਕਰੇਗੀ ਪੁਲਸ
NEXT STORY