ਚੰਡੀਗੜ੍ਹ,(ਭੁੱਲਰ)- ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਨੂੰ ਲਾਗੂ ਕਰਨ 'ਚ 2 ਕਰੋੜ 59 ਲੱਖ ਰੁਪਏ ਦੇ ਕਰੀਬ ਰਕਮ ਦਾ ਘਪਲਾ ਕਰਨ ਦੇ ਮਾਮਲੇ 'ਚ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਜ਼ਿਲੇ ਨਾਲ ਸਬੰਧਤ 5 ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕਰਨ ਅਤੇ ਇਕ ਕਰਮਚਾਰੀ 'ਤੇ ਪੁਲਸ ਕੇਸ ਦਰਜ ਕਰਵਾਉਣ ਦੇ ਹੁਕਮ ਦਿੱਤੇ ਹਨ। ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਿਭਾਗ ਵਲੋਂ ਕੀਤੀ ਗਈ ਪੜਤਾਲ 'ਚ ਬਲਾਕ ਫਰੀਦਕੋਟ ਦੇ ਸਹਾਇਕ ਪ੍ਰੋਜੈਕਟ ਅਫ਼ਸਰ ਯਾਦਵਿੰਦਰ ਸਿੰਘ, ਬਲਾਕ ਗਿੱਦੜਬਾਹਾ ਦੇ ਸਹਾਇਕ ਪ੍ਰੋਜੈਕਟ ਅਫ਼ਸਰ ਹਰਪ੍ਰੀਤ ਸਿੰਘ, ਬਲਾਕ ਗੁਰੂਹਰਸਹਾਏ ਦੇ ਸਹਾਇਕ ਪ੍ਰੋਜੈਕਟ ਅਫ਼ਸਰ ਦਲੀਪ ਕੁਮਾਰ, ਬਲਾਕ ਫਿਰੋਜ਼ਪੁਰ ਦੇ ਸਹਾਇਕ ਪ੍ਰੋਜੈਕਟ ਅਫਸਰ ਰਜਨੀ ਸ਼ਰਮਾ ਤੇ ਮੀਨਾ ਸ਼ਰਮਾ ਅਤੇ ਬਲਾਕ ਘੱਲ ਖੁਰਦ ਦੇ ਸਹਾਇਕ ਪ੍ਰੋਜੈਕਟ ਅਫਸਰ ਚਰਨਜੀਤ ਸਿੰਘ ਵਲੋਂ ਇਸ ਸਕੀਮ ਤਹਿਤ ਵਰਤੇ ਜਾਂਦੇ ਮਟੀਰੀਅਲ ਲਈ 2 ਕਰੋੜ 59 ਲੱਖ ਰੁਪਏ ਦੀ ਜਾਅਲੀ ਅਦਾਇਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਨ੍ਹਾਂ 'ਚੋਂ ਪਹਿਲਾਂ ਹੀ ਅਸਤੀਫ਼ਾ ਦੇ ਗਏ ਬਲਾਕ ਫਰੀਦਕੋਟ ਦੇ ਸਹਾਇਕ ਪ੍ਰੋਜੈਕਟ ਅਫਸਰ ਯਾਦਵਿੰਦਰ ਸਿੰਘ ਵਿਰੁੱਧ ਪੁਲਸ ਕੇਸ ਦਰਜ ਕਰਾਉਣ ਅਤੇ ਬਾਕੀਆਂ ਨੂੰ ਬਰਖਾਸਤ ਕਰਨ ਦੇ ਹੁਕਮ ਕੀਤੇ ਗਏ ਹਨ। ਬਾਜਵਾ ਨੇ ਇਹ ਹੁਕਮ ਜਾਰੀ ਕਰਦਿਆਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਹੈ ਕਿ ਮਨਰੇਗਾ ਸਮੇਤ ਵਿਭਾਗ ਵਲੋਂ ਲਾਗੂ ਕੀਤੀ ਜਾ ਰਹੀ ਕਿਸੇ ਵੀ ਸਕੀਮ 'ਚ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਉੱਕਾ ਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਆਦੇਸ਼ ਦਿੱਤੇ ਕਿ ਪੰਜਾਬ ਦੇ ਹਰ ਬਲਾਕ 'ਚ ਇਹ ਸਕੀਮ ਲਾਗੂ ਕੀਤੇ ਜਾਣ ਦੀ ਤੁਰੰਤ ਪੜਤਾਲ ਕਰਵਾਈ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਇਸ ਸਕੀਮ ਤਹਿਤ ਜਾਰੀ ਕੀਤੇ ਗਏ ਇਕ-ਇਕ ਪੈਸੇ ਨੂੰ ਸਹੀ ਜਗ੍ਹਾ 'ਤੇ ਖਰਚ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਕਿਸਾਨ ਆਗੂ ਧਨੇਰ ਦੀ ਸਜ਼ਾ ਹੋਈ ਮੁਆਫ, ਛੇਤੀ ਹੋ ਸਕਦੇ ਨੇ ਰਿਹਾਅ
NEXT STORY