ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਬਰਨਾਲਾ ਨੂੰ ਜ਼ਿਲੇ ਦਾ ਦਰਜਾ ਹਾਸਲ ਹੋਇਆਂ ਨੂੰ ਕਰੀਬ 11 ਸਾਲ ਹੋ ਗਏ ਹਨ ਤੇ 11 ਸਾਲ ਬੀਤਣ ਦੇ ਬਾਵਜੂਦ ਇਥੇ ਅਜੇ ਵੀ ਕਈ ਅਹਿਮ ਦਫਤਰ, ਜੋ ਕਿ ਆਮ ਲੋਕਾਂ ਦੀਆਂ ਜ਼ਰੂਰਤਾਂ ਨਾਲ ਜੁੜੇ ਹੋਏ ਹਨ, ਨਹੀਂ ਖੁੱਲ੍ਹੇ। ਜੋ ਦਫ਼ਤਰ ਖੁੱਲ੍ਹੇ ਹੋਏ ਸਨ, ਉਨ੍ਹਾਂ 'ਚੋਂ ਕੁਝ ਦਫ਼ਤਰਾਂ ਨੂੰ ਸੰਗਰੂਰ ਸ਼ਿਫਟ ਕਰ ਦਿੱਤਾ ਗਿਆ, ਜਿਨ੍ਹਾਂ ਵਿਚ ਖਰੀਦ ਏਜੰਸੀ ਪੰਜਾਬ ਐਗਰੋ ਅਤੇ ਵੇਅਰ ਹਾਊਸ ਦੇ ਦਫ਼ਤਰ ਬਰਨਾਲਾ ਸ਼ਾਮਲ ਹਨ। ਇਨ੍ਹਾਂ ਦਫਤਰਾਂ ਨੂੰ ਸੰਗਰੂਰ ਸ਼ਿਫਟ ਕਰਨ ਕਰਕੇ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲੇ ਵਿਚ ਕਈ ਦਫ਼ਤਰ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਕੰਮਕਾਜ ਲਈ ਸੰਗਰੂਰ ਜਾਣਾ ਪੈਂਦਾ ਹੈ। ਹੁਣ ਪੰਜਾਬ ਸਰਕਾਰ ਨੇ ਬਰਨਾਲਾ ਦੇ ਜ਼ਿਲਾ ਟਰਾਂਸਪੋਰਟ ਦਫ਼ਤਰ ਨੂੰ ਵੀ ਬੰਦ ਕਰ ਕੇ ਜ਼ਿਲਾ ਸੰਗਰੂਰ ਨਾਲ ਜੋੜ ਦਿੱਤਾ ਹੈ। ਸੰਗਰੂਰ ਜ਼ਿਲੇ 'ਚ ਪੰਜਾਬ ਸਰਕਾਰ ਨੇ ਆਰ. ਟੀ. ਓ. ਦਫ਼ਤਰ ਖੋਲ੍ਹ ਦਿੱਤਾ ਹੈ। ਹੁਣ ਜ਼ਿਲਾ ਬਰਨਾਲਾ ਦੇ ਲੋਕਾਂ ਨੂੰ ਕਮਰਸ਼ੀਅਲ ਟਰਾਂਸਪੋਰਟ ਦੇ ਕੰਮਕਾਜ ਕਰਵਾਉਣ ਸਬੰਧੀ ਸੰਗਰੂਰ ਚੱਕਰ ਕੱਟਣੇ ਪੈਣਗੇ।
ਡੀ. ਟੀ. ਓ. ਦਫ਼ਤਰ ਖਤਮ ਕਰਨ ਨਾਲ ਨਹੀਂ ਘਟੇਗਾ ਭ੍ਰਿਸ਼ਟਾਚਾਰ : ਕਾਲਾ ਢਿਲੋਂ
ਆਮ ਆਮਦੀ ਪਾਰਟੀ ਦੇ ਜ਼ਿਲਾ ਪ੍ਰਧਾਨ ਕਾਲਾ ਢਿਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਕਹਿ ਕੇ ਜ਼ਿਲੇ ਦੇ ਡੀ. ਟੀ. ਓ. ਦਫ਼ਤਰ ਖਤਮ ਕੀਤੇ ਹਨ ਕਿ ਇਨ੍ਹਾਂ ਦਫ਼ਤਰਾਂ ਵਿਚ ਭ੍ਰਿਸ਼ਟਾਚਾਰ ਬਹੁਤ ਫੈਲ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਤੋਂ ਪੁੱਛਦਾ ਹਾਂ ਕਿ ਕੀ ਆਰ. ਟੀ. ਓ. ਤੇ ਉਸ ਦਾ ਸਟਾਫ ਈਮਾਨਦਾਰ ਹੋਵੇਗਾ? ਡੀ. ਟੀ. ਓ. ਦਫ਼ਤਰ ਦੇ ਕਰਮਚਾਰੀਆਂ ਨੂੰ ਹੀ ਆਰ. ਟੀ. ਓ. ਦਫ਼ਤਰ ਵਿਚ ਤਬਦੀਲ ਕੀਤਾ ਜਾਵੇਗਾ। ਭ੍ਰਿਸ਼ਟਾਚਾਰ ਤਾਂ ਹੀ ਰੁਕਦਾ ਹੈ ਜੇਕਰ ਪੰਜਾਬ ਸਰਕਾਰ ਇਸ ਨੂੰ ਰੋਕਣ ਲਈ ਕੋਈ ਗੰਭੀਰ ਕਦਮ ਚੁੱਕੇ। ਜ਼ਿਲੇ ਵਿਚੋਂ ਡੀ. ਟੀ. ਓ. ਦਫ਼ਤਰ ਖਤਮ ਕਰ ਕੇ ਲੋਕਾਂ ਨੂੰ ਪੰਜਾਬ ਸਰਕਾਰ ਪ੍ਰੇਸ਼ਾਨੀਆਂ ਹੀ ਦੇ ਰਹੀ ਹੈ।
ਪ੍ਰਦੂਸ਼ਣ ਵਿਭਾਗ ਦਾ ਦਫਤਰ ਨਹੀਂ
ਜ਼ਿਲਾ ਇੰਡਸਟਰੀ ਚੈਂਬਰ ਦੇ ਚੇਅਰਮੈਨ ਵਿਜੇ ਗਰਗ ਨੇ ਕਿਹਾ ਕਿ ਬਰਨਾਲਾ ਜ਼ਿਲੇ 'ਚ ਅਜੇ ਤੱਕ ਪ੍ਰਦੂਸ਼ਣ ਵਿਭਾਗ ਦਾ ਦਫਤਰ ਨਹੀਂ ਖੁੱਲ੍ਹਿਆ। ਜ਼ਿਲੇ 'ਚ ਨਵੀਂ ਇੰਡਸਟਰੀ ਲਾਉਣ ਲਈ ਪ੍ਰਦੂਸ਼ਣ ਵਿਭਾਗ ਦੀ ਮਨਜ਼ੂਰੀ ਜ਼ਰੂਰੀ ਹੈ। ਕਿਸੇ ਵੀ ਜ਼ਿਲੇ ਦੀ ਤਰੱਕੀ ਲਈ ਜ਼ਿਲੇ 'ਚ ਇੰਡਸਟਰੀ ਦਾ ਹੋਣਾ ਜ਼ਰੂਰੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਬਰਨਾਲਾ ਜ਼ਿਲੇ ਨੂੰ ਬਣੇ 11 ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਇੱਥੇ ਪ੍ਰਦੂਸ਼ਣ ਵਿਭਾਗ ਦਾ ਦਫਤਰ ਨਹੀਂ ਖੋਲ੍ਹਿਆ ਗਿਆ।
ਗੱਡੀ ਦੀ ਖਰੀਦੋ-ਫਰੋਖਤ 'ਚ ਧੋਖਾਦੇਹੀ ਕਰਨ ਵਾਲੇ 'ਤੇ ਕੇਸ ਦਰਜ
NEXT STORY