ਪਟਿਆਲਾ : ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਕੇ ਨਹਿਰ 'ਚ ਛਾਲ ਮਾਰ ਖੁਦਕੁਸ਼ੀ ਕਰਨ ਵਾਲੀ ਵਿਆਹੁਤਾ ਨੂੰ ਜ਼ਿੰਦਾ ਦੇਖ ਪੂਰੇ ਦਾ ਪੂਰਾ ਟੱਬਰ ਹੈਰਾਨ ਰਹਿ ਗਿਆ। ਪੁਲਸ ਨੇ ਉਕਤ ਔਰਤ ਨੂੰ ਹਰੀਦੁਆਰ ਤੋਂ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ ਮੋਨਿਕਾ ਸ਼ਰਮਾ ਨੇ 14 ਦਸੰਬਰ ਨੂੰ ਦੁਪਹਿਰ ਦੇ ਕਰੀਬ 12 ਵਜੇ ਨਾਭਾ ਰੋਡ 'ਤੇ ਸਥਿਤ ਭਾਖੜਾ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਪਹਿਲਾਂ ਉਸ ਨੇ ਆਪਣੇ ਪਤੀ ਨੂੰ ਫੋਨ ਕਰਕੇ ਪੂਰੀ ਜਾਣਕਾਰੀ ਵੀ ਦੇ ਦਿੱਤੀ ਸੀ। ਮੋਨਿਕਾ ਦੀ ਸਕੂਟੀ, ਮੋਬਾਇਲ ਅਤੇ ਸੁਸਾਈਡ ਨੋਟ ਨਾਭਾ ਰੋਡ ਪੁਲਸ ਦੇ ਨੇੜਿਓਂ ਬਰਾਮਦ ਹੋਏ ਸਨ। ਮੋਨਿਕਾ ਨੇ ਸੁਸਾਈਡ ਨੋਟ 'ਚ ਲਿਖਿਆ ਸੀ ਕਿ ਉਸ ਦੀ ਸਹੇਲੀ ਨੀਲਮ ਨੂੰ ਪੈਸਿਆਂ ਦੀ ਲੋੜ ਸੀ ਤਾਂ ਉਸ ਨੇ ਮੀਨੂੰ ਨਾਂ ਦੀ ਔਰਤ ਕੋਲ ਨੀਲਮ ਦੇ ਗਹਿਣੇ ਗਿਰਵੀ ਰਖਵਾ ਦਿੱਤੇ ਅਤੇ ਉਸ ਨੂੰ ਪੈਸੇ ਦੁਆ ਦਿੱਤੇ। 6 ਮਹੀਨੇ ਪਹਿਲਾਂ ਦੁਆਈ ਇਸ ਰਕਮ ਦਾ ਕੁੱਲ 45 ਲੱਖ ਰੁਪਏ ਬਣਦਾ ਸੀ, ਜਿਸ 'ਚੋਂ 18 ਲੱਖ ਰੁਪਏ ਨੀਲਮ ਵਾਪਸ ਕਰ ਚੁੱਕੀ ਸੀ। ਇਕ ਦਿਨ ਮੀਨੂੰ ਨੇ ਅਚਾਨਕ ਕਹਿ ਦਿੱਤਾ ਕਿ ਜੋ ਗਹਿਣੇ ਉਸ ਕੋਲ ਗਿਰਵੀ ਰੱਖੇ ਗਏ ਹਨ, ਉਹ ਸਾਰੇ ਨਕਲੀ ਹਨ, ਜਿਸ ਤੋਂ ਬਾਅਦ ਨੀਲਮ ਅਤੇ ਮੀਨੂੰ ਵਿਚਕਾਰ ਮਾਮਲਾ ਫਸ ਗਿਆ। ਗਾਰੰਟਰ ਹੋਣ ਕਾਰਨ ਮੋਨਿਕਾ ਨੇ ਵੀ ਖੁਦ ਨੂੰ ਫਸਦਾ ਹੋਇਆ ਦੇਖਿਆ, ਜਿਸ ਕਾਰਨ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਕੇ ਉਸ ਨੇ ਸੁਸਾਈਡ ਕਰ ਲਿਆ। ਇਸ ਤੋਂ ਬਾਅਦ ਪੁਲਸ ਅਤੇ ਗੋਤਾਖੋਰ ਲਗਾਤਾਰ ਉਸ ਦੀ ਲਾਸ਼ ਲੱਭਣ 'ਚ ਜੁੱਟ ਗਏ ਸਨ। ਹੁਣ ਅਚਾਨਕ ਮੋਨਿਕਾ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਮੋਨਿਕਾ ਹਰਿਦੁਆਰ ਤੋਂ ਮਿਲ ਗਈ ਹੈ ਅਤੇ ਆਪਣੇ ਘਰ 'ਚ ਸਹੀ-ਸਲਾਮਤ ਹੈ। ਚੋਣ ਡਿਊਟੀ 'ਚ ਰੁੱਝੀ ਹੋਣ ਕਾਰਨ ਪੁਲਸ ਪਰਿਵਾਰ ਕੋਲੋਂ ਪੂਰੀ ਤਰ੍ਹਾਂ ਪੁੱਛਗਿੱਛ ਨਹੀਂ ਕਰ ਸਕੀ ਪਰ ਹੁਣ ਬੁੱਧਵਾਰ ਨੂੰ ਮੋਨਿਕਾ ਨੂੰ ਥਾਣੇ ਬੁਲਾਇਆ ਗਿਆ ਹੈ। ਇਸ ਜਾਂਚ ਤੋਂ ਬਾਅਦ ਮੋਨਿਕਾ ਦੇ ਖਿਲਾਫ ਪੁਲਸ ਨੂੰ ਗੁੰਮਰਾਹ ਕਰਨ ਦੀ ਕਾਰਵਾਈ ਵੀ ਹੋ ਸਕਦੀ ਹੈ।
ਜੂਡੋ ਦੇ ਨੈਸ਼ਨਲ ਖਿਡਾਰੀਆਂ ਲਈ ਡਾਈਟ ਨਹੀਂ, 8 ਕਿੱਲੋ ਘੱਟਿਆ ਭਾਰ
NEXT STORY