ਲਾਂਬੜਾ, (ਵਰਿੰਦਰ, ਮਹੇਸ਼)- ਨਜ਼ਦੀਕੀ ਪਿੰਡ ਪ੍ਰਤਾਪਪੁਰਾ ਵਿਖੇ ਇਕ ਵਿਆਹੁਤਾ ਦੇ ਸਿਰ ਦੇ ਕੁੱਝ ਵਾਲ ਆਪਣੇ-ਆਪ ਹੀ ਕੱਟੇ ਗਏ ਤੇ ਡਿੱਗ ਗਏ। ਸਦਰ ਥਾਣੇ ਦੀ ਪ੍ਰਤਾਪਪੁਰਾ ਪੁਲਸ ਚੌਕੀ ਦੀ ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਲਰਾਜ ਵਾਸੀ ਪ੍ਰਤਾਪਪੁਰਾ ਨੇ ਦੱਸਿਆ ਕਿ ਉਹ ਥ੍ਰੀਵ੍ਹੀਲਰ ਚਲਾਉਣ ਦਾ ਕੰਮ ਕਰਦਾ ਹੈ। ਬੀਤੀ ਰਾਤ ਕਰੀਬ 10 ਵਜੇ ਉਹ ਕੰਮ ਤੋਂ ਵਾਪਸ ਘਰ ਪਹੁੰਚਿਆ ਤਾਂ ਉਸ ਨੇ ਆਪਣੀ ਨੂੰਹ ਪੂਜਾ ਪਤਨੀ ਸੁਖਜੀਤ ਨੂੰ ਆਵਾਜ਼ ਮਾਰ ਕੇ ਪਾਣੀ ਦਾ ਗਿਲਾਸ ਮੰਗਿਆ। ਪੂਜਾ ਜਦ ਉਸ ਲਈ ਪਾਣੀ ਲੈਣ ਜਾ ਰਹੀ ਸੀ ਤਾਂ ਉਸ ਦੇ ਸਿਰ ਵਿਚੋਂ ਉਸ ਦੇ ਅਚਾਨਕ ਕਾਫੀ ਸਾਰੇ ਵਾਲ ਡਿਗਦੇ ਗਏ। ਪੂਜਾ ਨੇ ਜਦੋਂ ਪਾਣੀ ਦਾ ਗਿਲਾਸ ਹੱਥ ਵਿਚ ਫੜਿਆ ਤਾਂ ਵਾਲ ਡਿਗਣੇ ਆਪਣੇ-ਆਪ ਹੀ ਬੰਦ ਹੋ ਗਏ। ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਇਸ ਸੰਬੰਧੀ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਸਕਿਆ ਕਿ ਇਹ ਸਭ ਕਿਵੇਂ ਹੋਇਆ।
ਜਾਣਕਾਰੀ ਅਨੁਸਾਰ ਜਿਸ ਘਰ ਵਿਚ ਵਾਲ ਡਿਗਣ ਦੀ ਘਟਨਾ ਵਾਪਰੀ ਹੈ, ਉਸ 'ਚ ਸੁਰੱਖਿਆ ਲਈ ਪਰਿਵਾਰ ਵਾਲਿਆਂ ਨੇ ਮੁੱਖ ਦਰਵਾਜ਼ੇ 'ਤੇ ਨਿੰਮ ਦੇ ਪੱਤੇ, ਇਕ ਨਿੰਬੂ ਤੇ 7 ਮਿਰਚਾਂ ਬੰਨ੍ਹੀਆਂ ਹੋਈਆਂ ਸਨ। ਇਸ ਤੋਂ ਇਲਾਵਾ ਦਰਵਾਜ਼ੇ ਨਾਲ ਕੰਧ 'ਤੇ ਹਲਦੀ ਦੇ ਨਾਲ ਹੱਥ ਦੇ ਨਿਸ਼ਾਨ ਵੀ ਲਗਾਏ ਗਏ ਹਨ ਪਰ ਜਦ ਇਸ ਸਭ ਦੇ ਬਾਵਜੂਦ ਵੀ ਘਰ ਵਿਚ ਘਟਨਾ ਵਾਪਰ ਗਈ ਤਾਂ ਘਰ ਵਾਲਿਆਂ ਨੇ ਦਰਵਾਜ਼ੇ ਤੋਂ ਨਿੰਮ ਦੇ ਪੱਤੇ, ਮਿਰਚਾਂ ਤੇ ਨਿੰਬੂ ਆਦਿ ਸਭ ਲਾਹ ਕੇ ਸੁੱਟ ਦਿੱਤੇ। ਇਥੇ ਹੀ ਗਲੀ ਵਿਚ ਹੋਰ ਘਰਾਂ 'ਤੇ ਨਜ਼ਰ ਮਾਰੀ ਤਾਂ ਅਨੇਕਾਂ ਹੋਰ ਵੀ ਘਰਾਂ ਦੇ ਅੱਗੇ ਨਿੰਮ ਦੇ ਪੱਤੇ, ਸੱਤ ਮਿਰਚਾਂ ਤੇ ਇਕ ਨਿੰਬੂ ਲਟਕਾਇਆ ਹੋਇਆ ਸੀ।
ਕੈਂਟਰ ਨਾਲ ਜ਼ਬਰਦਸਤ ਟੱਕਰ 'ਚ ਸਾਨ੍ਹ ਦੀ ਮੌਤ
NEXT STORY