ਫਗਵਾੜਾ (ਜਲੋਟਾ) – ਫਗਵਾੜਾ 'ਚ ਕੌਮੀ ਰਾਜਮਾਰਗ ਨੰਬਰ 1 ਤੇ ਜੇਸੀਟੀ ਮਿਲ ਦੇ ਲਾਗੇ ਰਤੱਨਪੁਰਾ ਇਲਾਕੇ 'ਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਮੋਬਾਈਲ ਦੀ ਇੱਕ ਦੁਕਾਨ 'ਚ ਭੇਦਭਰੇ ਹਾਲਾਤਾਂ 'ਚ ਹੋਏ ਵੱਡੇ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਦੁਕਾਨ 'ਚ ਅੱਗ ਲੱਗਣ ਕਾਰਨ ਦੁਕਾਨ ਦੇ ਮਾਲਕ ਸਮੇਤ 2 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ। ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਈਆ ਗਿਆ ਹੈ।
ਸਥਾਨਕ ਸਿਵਲ ਹਸਪਤਾਲ 'ਚ ਜੇਰੇ ਇਲਾਜ ਦੁਕਾਨ ਦੇ ਮਾਲਕ ਜਗਦੀਸ਼ ਕੁਮਾਰ ਵਾਸੀ ਵਿਕਾਸ ਨਗਰ ਫਗਵਾੜਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਜਦੋਂ ਆਪਣੇ ਦੁਕਾਨ ਦੇ ਕੈਮਰੇ ਚੈੱਕ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਅਚਾਨਕ ਸਾਰੇ ਕੈਮਰੇ ਬੰਦ ਹੋ ਗਏ ਹਨ। ਉਸਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਆਪਣੇ ਦੋਸਤ ਦੀਪਕ ਕੁਮਾਰ ਦੇ ਨਾਲ ਆਪਣੀ ਮੋਬਾਈਲ ਦੀ ਦੁਕਾਨ ਮੈਂ. ਐੱਨ ਐੱਸ ਮੋਬਾਈਲ ਸ਼ੋਪ ਰਤਨਪੁਰਾ ਵਿਖੇ ਪੁੱਜੇ ਅਤੇ ਉਸਨੇ ਵੇਖਿਆ ਕਿ ਉਸਦੀ ਦੁਕਾਨ ਦੇ ਅੰਦਰ ਭਿਆਨਕ ਅੱਗ ਲੱਗੀ ਹੋਈ ਹੈ।
ਦੁਕਾਨਦਾਰ ਜਗਦੀਸ਼ ਕੁਮਾਰ ਦੇ ਦੱਸਣ ਮੁਤਾਬਕ ਜਦੋਂ ਉਸਨੇ ਦੁਕਾਨ ਦੇ ਗੇਟ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨ 'ਚ ਜ਼ੋਰਦਾਰ ਧਮਾਕਾ ਹੋਇਆ ਜਿਸ ਨਾਲ ਉਹ ਅਤੇ ਉਸਦਾ ਦੋਸਤ ਦੀਪਕ ਕੁਮਾਰ ਬੁਰੀ ਤਰ੍ਹਾਂ ਝੁਲਸ ਗਏ। ਉਸਨੇ ਦੱਸਿਆ ਕਿ ਦੁਕਾਨ 'ਚ ਲੱਗੀ ਅੱਗ ਕਾਰਨ ਉਸ ਦਾ ਕਰੀਬ 30 ਤੋਂ 35 ਲੱਖ ਰੁਪਏ ਦਾ ਕੀਮਤੀ ਸਮਾਨ, ਜਿਸ 'ਚ ਮੋਬਾਈਲ ਫੋਨ ਆਦੀ ਸ਼ਾਮਿਲ ਹਨ ਸੜ ਕੇ ਸਵਾਹ ਹੋ ਗਏ ਹਨ। ਜਗਦੀਸ਼ ਕੁਮਾਰ ਨੇ ਦੱਸਿਆ ਕਿ ਜਦੋਂ ਦੁਕਾਨ 'ਚ ਜ਼ੋਰਦਾਰ ਧਮਾਕਾ ਹੋਇਆ ਤਾਂ ਦੁਕਾਨ ਦੇ ਲਾਗੇ ਖੜੀ ਉਸਦੇ ਦੋਸਤ ਦੀਪਕ ਕੁਮਾਰ ਦੀ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ ਸਨ।
ਉਹਨਾਂ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਦੁਕਾਨ 'ਚ ਇਨੀ ਭਿਆਨਕ ਅੱਗ ਕਿਵੇਂ ਅਤੇ ਕਿਉਂ ਲੱਗੀ ਹੈ ਅਤੇ ਦੁਕਾਨ 'ਚ ਹੋਏ ਧਮਾਕੇ ਦਾ ਕੀ ਅਸਲ ਕਾਰਨ ਰਿਹਾ ਹੈ? ਉਹਨਾਂ ਦੱਸਿਆ ਕਿ ਦੁਕਾਨ 'ਚ ਲੱਗੀ ਅੱਗ ਸੰਬੰਧੀ ਲੋਕਾਂ ਵੱਲੋਂ ਇਸ ਦੀ ਸੂਚਨਾ ਫਗਵਾੜਾ ਫਾਇਰ ਬ੍ਰਿਗੇਡ਼ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਫਗਵਾੜਾ ਫਾਇਰ ਬ੍ਰਿਗੇਡ ਦੀ ਟੀਮ ਨੇ ਫਾਇਰ ਟੈਂਡਰ ਗੱਡੀਆਂ ਦੀ ਵਰਤੋਂ ਕਰਦੇ ਹੋਏ ਭੜਕੀ ਹੋਈ ਅੱਗ ਤੇ ਕਾਬੂ ਪਾ ਲਿਆ ਹੈ।
ਇਸ ਤੋਂ ਪਹਿਲਾਂ ਰਤਨਪੁਰਾ ਇਲਾਕੇ 'ਚ ਰਹਿਣਦੇ ਲੋਕਾਂ ਨੇ ਦੱਸਿਆ ਕਿ ਬੀਤੀ ਦੇਰ ਰਾਤ ਜਦੋਂ ਉਹ ਆਪਣੇ ਘਰਾਂ 'ਚ ਸੁੱਤੇ ਪਏ ਸਨ ਤਾਂ ਉਹਨਾਂ ਇਲਾਕੇ 'ਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਸੀ। ਮਾਮਲੇ ਦੀ ਜਾਣਕਾਰੀ ਫਗਵਾੜਾ ਪੁਲਸ ਨੂੰ ਦੇ ਦਿੱਤੀ ਗਈ ਹੈ। ਖਬਰ ਲਿਖੇ ਜਾਣ ਤੱਕ ਪੁਲਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।
ਪੰਜਾਬ ਕਿੰਗਸ ਨੇ ਵਧਾਇਆ ਹੜ੍ਹ ਪੀੜਤਾਂ ਲਈ ਮਦਦ ਦਾ ਹੱਥ, ਪ੍ਰੀਟੀ ਜਿੰਟਾ ਨੇ ਮੁੜ ਜਿੱਤਿਆ ਫੈਨਜ਼ ਦਾ ਦਿਲ
NEXT STORY