ਜਲਾਲਾਬਾਦ(ਬੰਟੀ)—ਜੇਕਰ ਜੀਵਨ 'ਚ ਕੁਝ ਕਰਨ ਦਾ ਉਤਸ਼ਾਹ ਤੇ ਜਜ਼ਬਾ ਹੋਵੇ ਤਾਂ ਫਿਰ ਉਮਰ ਨਹੀਂ ਵੇਖੀ ਜਾਂਦੀ। ਅਜਿਹੀ ਹੀ ਮਿਸਾਲ ਜਲਾਲਾਬਾਦ ਦੇ ਸੇਵਾਮੁਕਤ ਅਧਿਆਪਕ ਗੁਰਨਾਥ ਸਿੰਘ ਵੱਲੋਂ ਹਰ ਵਾਰ ਕਰ ਕੇ ਦਿਖਾਈ ਗਈ ਹੈ। ਸੇਵਾਮੁਕਤ ਅਧਿਆਪਕ ਗੁਰਨਾਥ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਖੇਡਾਂ 'ਚ ਭਾਗ ਲੈਣ ਦਾ ਸ਼ੌਕ ਸੀ, ਜੋ ਅੱਜ ਵੀ ਬਰਕਰਾਰ ਹੈ ਤੇ ਭਰ ਜ਼ਿੰਦਗੀ ਰਹੇਗਾ ਅਤੇ ਉਹ ਸਵੇਰੇ-ਸ਼ਾਮ ਦੋ ਟਾਈਮ ਜਲਾਲਾਬਾਦ ਦੇ ਮਲਟੀਪਲੈਕਸ ਸਟੇਡੀਅਮ 'ਚ ਅਭਿਆਸ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦ ਉਹ ਵਿਦਿਆਰਥੀ, ਅਧਿਆਪਕ ਸਨ, ਉਸ ਸਮੇਂ ਵੀ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਤੇ ਹੁਣ ਸੇਵਾਮੁਕਤ ਹੋਣ ਦੇ ਬਾਵਜੂਦ ਉਹ ਉਸੇ ਤਰ੍ਹਾਂ ਆਪਣਾ ਅਭਿਆਸ ਅਤੇ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਉਹ 65+ ਬਜ਼ੁਰਗ ਖੇਡਾਂ 'ਚ ਹਰ ਵਾਰ ਭਾਗ ਲੈਂਦੇ ਹਨ ਤੇ ਵਧੀਆ ਪ੍ਰਦਰਸ਼ਨ ਕਰ ਕੇ ਮੈਡਲ ਹਾਸਲ ਕਰਦੇ ਹਨ ਅਤੇ 3-4 ਮਹਿਨੇ ਪਹਿਲਾਂ ਵੀ ਰਾਜਸਥਾਨ ਦੇ ਅਜਮੇਰ ਸ਼ਹਿਰ 'ਚ ਹੋਈਆਂ ਬਜ਼ੁਰਗ ਖੇਡਾਂ 'ਚ ਵਧੀਆ ਪ੍ਰਦਰਸ਼ਨ ਕਰਦਿਆਂ ਗੋਲਾ ਸੁੱਟਣ 'ਚ ਸੋਨੇ ਦਾ, ਡਿਸਕਸ ਥ੍ਰੋਅ ਅਤੇ ਹੈਮਰ ਥ੍ਰੋਅ 'ਚ 2 ਚਾਂਦੀ ਦੇ ਤਮਗੇ ਜਿੱਤੇ ਸਨ ਤੇ ਹੁਣ ਬੀਤੇ ਦਿਨੀਂ 38 ਪੰਜਾਬ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਸਪੋਰਟ ਕੰਪਲੈਕਸ ਗੁਰਸਾਗਰ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਹੋਏ ਡਿਸਕਸ ਥ੍ਰੋਅ ਮੁਕਾਬਲੇ 'ਚ ਵਧੀਆ ਪ੍ਰਦਰਸ਼ਨ ਕਰਦਿਆਂ ਲਗਾਤਾਰ ਦੂਜੀ ਵਾਰ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ ਅਤੇ ਹੁਣ ਬੀਤੀ 8 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਫ੍ਰਸ਼ਟ ਨੈਸ਼ਨਲ ਲੈਵਲ ਮਾਸਟਰ ਗੇਮਜ਼ ਹੈਮਰ ਥ੍ਰੋਅ 'ਚ ਤੀਜੀ ਵਾਰ ਚਾਂਦੀ ਦਾ ਤਮਗਾ ਹਾਸਲ ਕਰ ਕੇ ਆਪਣੇ ਜ਼ਿਲੇ, ਸ਼ਹਿਰ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵੱਲ ਧਿਆਨ ਦੇਣ ਤਾਂ ਜੋ ਉਹ ਸਿਹਤਮੰਦ ਰਹਿਣ ਅਤੇ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ। ਜ਼ਿਕਰਯੋਗ ਹੈ ਕਿ ਮਾਸਟਰ ਗੁਰਨਾਥ ਸਿੰਘ ਦਾ ਮਾਸਟਰ ਭਾਈਚਾਰਾ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਵਧਾਈਆਂ ਦੇਣ ਦਾ ਤਾਂਤਾ ਲੱਗਾ ਹੋਇਆ ਹੈ।
ਮੁਆਵਜ਼ਾ ਜਾਰੀ ਕਰਵਾਉਣ ਲਈ ਘੇਰਿਆ ਡੀ.ਸੀ. ਦਫਤਰ
NEXT STORY